ਆਧਿਆਤਮ ਅਤੇ ਜੋਤਿਸ਼ ਬਾਰੇ ਆਚਾਰਿਆ ਪੰਕਜ ਹਰੀ ਗੋਪਾਲ (ਵ੍ਰਿੰਦਾਵਨ ਵਾਲੇ) ਨਾਲ ਵਿਸ਼ੇਸ਼ ਗੱਲਬਾਤ

ਹੁਸ਼ਿਆਰਪੁਰ- ਮਨੁੱਖੀ ਜੀਵਨ, ਆਧਿਆਤਮ ਅਤੇ ਜੋਤਿਸ਼ ਨਾਲ ਜੁੜੇ ਵੱਖ-ਵੱਖ ਸਵਾਲਾਂ ਦੇ ਜਵਾਬ ਲੱਭਣ ਲਈ ਦਲਜੀਤ ਅਜਨੋਹਾ ਵੱਲੋਂ ਵ੍ਰਿੰਦਾਵਨ ਦੇ ਪ੍ਰਸਿੱਧ ਜੋਤਿਸ਼ਾਚਾਰਿਆ ਅਤੇ ਆਧਿਆਤਮਿਕ ਮਾਰਗਦਰਸ਼ਕ ਆਚਾਰਿਆ ਪੰਕਜ ਹਰੀ ਗੋਪਾਲ ਜੀ ਨਾਲ ਇਕ ਵਿਸ਼ੇਸ਼ ਮੁਲਾਕਾਤ ਕੀਤੀ ਗਈ। ਇਸ ਗੱਲਬਾਤ ਦੌਰਾਨ ਜੀਵਨ ਦੀਆਂ ਜਟਿਲਤਾਵਾਂ, ਭਾਗ, ਕਰਮ ਅਤੇ ਆਧਿਆਤਮ ਨਾਲ ਸੰਬੰਧਿਤ ਕਈ ਗੰਭੀਰ ਵਿਸ਼ਿਆਂ ‘ਤੇ ਵਿਚਾਰ-ਚਰਚਾ ਕੀਤੀ ਗਈ।

ਆਚਾਰਿਆ ਪੰਕਜ ਹਰੀ ਗੋਪਾਲ ਜੀ ਨੇ ਕਿਹਾ ਕਿ ਮਨੁੱਖ ਦਾ ਜੀਵਨ ਸਿਰਫ਼ ਭੌਤਿਕ ਪ੍ਰਾਪਤੀਆਂ ਤੱਕ ਸੀਮਤ ਨਹੀਂ ਹੈ, ਸਗੋਂ ਇਸਦਾ ਅਸਲ ਉਦੇਸ਼ ਆਤਮਿਕ ਉਤਥਾਨ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਦੌੜ-ਭੱਜ ਵਾਲੀ ਜ਼ਿੰਦਗੀ ਵਿੱਚ ਲੋਕ ਆਧਿਆਤਮ ਅਤੇ ਭਗਤੀ ਤੋਂ ਦੂਰ ਹੋ ਰਹੇ ਹਨ, ਜਦਕਿ ਅਸਲੀ ਸੁਖ-ਸ਼ਾਂਤੀ ਅਤੇ ਸੰਤੋਖ ਦਾ ਸਰੋਤ ਸਿਰਫ਼ ਅੰਦਰੂਨੀ ਸਾਧਨਾ ਅਤੇ ਪ੍ਰਭੂ ਨਾਲ ਜੁੜਾਅ ਹੈ।
ਜੋਤਿਸ਼ ਸ਼ਾਸਤਰ ਬਾਰੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਗ੍ਰਹਿ-ਨਕਸ਼ਤਰ ਜੀਵਨ ‘ਤੇ ਅਸਰ ਪਾਂਦੇ ਹਨ, ਪਰ ਮਨੁੱਖ ਦੀ ਮਹਨਤ, ਚੰਗੇ ਕਰਮ ਅਤੇ ਸਕਾਰਾਤਮਕ ਸੋਚ ਗ੍ਰਹਿਆਂ ਦੇ ਨਕਾਰਾਤਮਕ ਪ੍ਰਭਾਵਾਂ ਨੂੰ ਘਟਾ ਸਕਦੀ ਹੈ। ਉਨ੍ਹਾਂ ਇਹ ਵੀ ਸਮਝਾਇਆ ਕਿ ਜੋਤਿਸ਼ ਨੂੰ ਸਿਰਫ਼ ਭਵਿੱਖਬਾਣੀ ਦਾ ਸਾਧਨ ਨਹੀਂ ਸਮਝਣਾ ਚਾਹੀਦਾ, ਸਗੋਂ ਇਹ ਜੀਵਨ ਨੂੰ ਸਹੀ ਰਸਤਾ ਦਿਖਾਉਣ ਵਾਲਾ ਮਾਰਗਦਰਸ਼ਨ ਹੈ।
ਆਚਾਰਿਆ ਜੀ ਨੇ ਖ਼ਾਸ ਤੌਰ ‘ਤੇ ਨੌਜਵਾਨਾਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਆਧਿਆਤਮ ਅਤੇ ਜੋਤਿਸ਼ ਕੋਈ ਅੰਧਵਿਸ਼ਵਾਸ ਨਹੀਂ ਹਨ, ਬਲਕਿ ਜੀਵਨ ਲਈ ਪ੍ਰੇਰਕ ਅਤੇ ਮਾਰਗਦਰਸ਼ਕ ਹਨ। ਨੌਜਵਾਨਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਜੀਵਨ ਵਿੱਚ ਅਨੁਸ਼ਾਸਨ, ਭਗਤੀ ਅਤੇ ਕਰਮਠਤਾ ਨੂੰ ਅਪਣਾਉਣ ਤਾਂ ਜੋ ਅਸਲੀ ਕਾਮਯਾਬੀ ਅਤੇ ਸੁਖ ਪ੍ਰਾਪਤ ਹੋ ਸਕੇ।
ਇਸ ਗੱਲਬਾਤ ਦੌਰਾਨ ਉਨ੍ਹਾਂ ਲੋਕਾਂ ਦੀਆਂ ਜਿਗਿਆਸਾਵਾਂ ਦਾ ਹੱਲ ਕਰਦਿਆਂ ਕਿਹਾ ਕਿ ਪਾਠ-ਪੂਜਾ, ਧਿਆਨ ਅਤੇ ਸਤਸੰਗ ਜੀਵਨ ਵਿੱਚ ਸਕਾਰਾਤਮਕ ਊਰਜਾ ਲਿਆਉਂਦੇ ਹਨ ਅਤੇ ਤਣਾਅ ਦੂਰ ਕਰਦੇ ਹਨ। ਉਨ੍ਹਾਂ ਕਿਹਾ ਕਿ ਭੌਤਿਕ ਸੁਵਿਧਾਵਾਂ ਦੇ ਪਿੱਛੇ ਭੱਜ ਕੇ ਮਨੁੱਖ ਕਦੇ ਵੀ ਅਸਲ ਮਨ ਦੀ ਸ਼ਾਂਤੀ ਨਹੀਂ ਲੱਭ ਸਕਦਾ, ਕਿਉਂਕਿ ਇਹ ਸਿਰਫ਼ ਆਧਿਆਤਮ ਦੇ ਰਾਹੀਂ ਹੀ ਸੰਭਵ ਹੈ।
ਇਸ ਵਿਸ਼ੇਸ਼ ਮੁਲਾਕਾਤ ਵਿੱਚ ਸ਼ਾਮਲ ਲੋਕਾਂ ਨੇ ਆਚਾਰਿਆ ਜੀ ਦੇ ਵਿਚਾਰਾਂ ਵਿੱਚ ਵੱਡੀ ਦਿਲਚਸਪੀ ਦਿਖਾਈ ਅਤੇ ਉਹਨਾਂ ਤੋਂ ਜੀਵਨ ਲਈ ਪ੍ਰੇਰਣਾ ਪ੍ਰਾਪਤ ਕੀਤੀ।