ਬਲੌਂਗੀ ਦੇ ਸਰਪੰਚ ਤੇ ਪੰਚਾਇਤੀ ਰਾਜ ਐਕਟ ਦੀ ਧਾਰਾ 20 ਅਤੇ ਗਬਨ ਦਾ ਇਲਜਾਮ ਲਗਾਇਆ, ਮਾਮਲਾ ਦਰਜ ਕਰਨ ਦੀ ਮੰਗ

ਬਲੌਂਗੀ, 10 ਅਪ੍ਰੈਲ - ਮੁਹਾਲੀ ਦੇ ਨਾਲ ਲੱਗਦੇ ਪਿੰਡ ਬਲੌਂਗੀ ਦੇ ਐਡਵੋਕੇਟ ਦਲਜੀਤ ਸਿੰਘ ਪੂਨੀਆ, ਕੇਸਰ ਸਿੰਘ ਅਤੇ ਹੋਰਨਾਂ ਵਸਨੀਕਾਂ ਨੇ ਦੋਸ਼ ਲਗਾਇਆ ਹੈ ਕਿ ਪਿੰਡ ਦੇ ਸਰਪੰਚ ਬਹਾਦਰ ਸਿੰਘ ਦੇ ਖਿਲਾਫ ਪੰਜਾਬ ਰਾਜ ਪੰਚਾਇਤੀ ਐਕਟ ਦੀ ਧਾਰਾ 20 ਅਧੀਨ ਅਤੇ ਕਥਿਤ ਤੌਰ ਤੇ ਗਬਨ ਸੰਬੰਧੀ ਕਾਨੂੰਨੀ ਕਾਰਵਾਈ ਕਰਨ ਲਈ ਕੀਤੀ ਗਈ ਸ਼ਿਕਾਇਤ ਦੇ ਆਧਾਰ ਉੱਤੇ ਬਲਾਕ ਅਤੇ ਪੰਚਾਇਤ ਅਫਸਰ ਤੋਂ ਬਾਅਦ ਜ਼ਿਲ੍ਹਾ ਅਟਾਰਨੀ ਵਲੋਂ ਸਰਪੰਚ ਦੇ ਖਿਲਾਫ ਰਾਏ ਆਉਣ ਤੋਂ ਬਾਅਦ ਵੀ ਸਰਪੰਚ ਬਹਾਦਰ ਸਿੰਘ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋ ਰਹੀ।

ਬਲੌਂਗੀ, 10 ਅਪ੍ਰੈਲ - ਮੁਹਾਲੀ ਦੇ ਨਾਲ ਲੱਗਦੇ ਪਿੰਡ ਬਲੌਂਗੀ ਦੇ ਐਡਵੋਕੇਟ ਦਲਜੀਤ ਸਿੰਘ ਪੂਨੀਆ, ਕੇਸਰ ਸਿੰਘ ਅਤੇ ਹੋਰਨਾਂ ਵਸਨੀਕਾਂ ਨੇ ਦੋਸ਼ ਲਗਾਇਆ ਹੈ ਕਿ ਪਿੰਡ ਦੇ ਸਰਪੰਚ ਬਹਾਦਰ ਸਿੰਘ ਦੇ ਖਿਲਾਫ ਪੰਜਾਬ ਰਾਜ ਪੰਚਾਇਤੀ ਐਕਟ ਦੀ ਧਾਰਾ 20 ਅਧੀਨ ਅਤੇ ਕਥਿਤ ਤੌਰ ਤੇ ਗਬਨ ਸੰਬੰਧੀ ਕਾਨੂੰਨੀ ਕਾਰਵਾਈ ਕਰਨ ਲਈ ਕੀਤੀ ਗਈ ਸ਼ਿਕਾਇਤ ਦੇ ਆਧਾਰ ਉੱਤੇ ਬਲਾਕ ਅਤੇ ਪੰਚਾਇਤ ਅਫਸਰ ਤੋਂ ਬਾਅਦ ਜ਼ਿਲ੍ਹਾ ਅਟਾਰਨੀ ਵਲੋਂ ਸਰਪੰਚ ਦੇ ਖਿਲਾਫ ਰਾਏ ਆਉਣ ਤੋਂ ਬਾਅਦ ਵੀ ਸਰਪੰਚ ਬਹਾਦਰ ਸਿੰਘ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋ ਰਹੀ। ਦੂਜੇ ਪਾਸੇ ਪਿੰਡ ਬਲੌਂਗੀ ਦੇ ਸਰਪੰਚ ਬਾਹਦੁਰ ਸਿੰਘ ਨੇ ਗਬਨ ਦੇ ਦੋਸ਼ਾਂ ਨੂੰ ਪੂਰੀ ਤਰ੍ਹਾਂ ਬੇਬੁਨਿਆਦ ਦੱਸਦਿਆਂ ਕਿਹਾ ਹੈ ਕਿ ਸਰਕਾਰ ਵਲੋਂ ਰਿਕਾਰਡ ਪੂਰਾ ਨਾ ਕਰਕੇ ਉਹਨਾਂ ਨੂੰ ਫਸਾਉਣ ਦੀ ਸਾਜਿਸ਼ ਕੀਤੀ ਜਾ ਰਹੀ ਹੈ ਜਿਸਦੇ ਖਿਲਾਫ ਉਹਨਾਂ ਵਲੋਂ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਪਾਈ ਪਟੀਸ਼ਨ ਤੇ ਮਾਣਯੋਗ ਅਦਾਲਤ ਵਲੋਂ ਸਰਕਾਰ ਨੂੰ ਚਾਰ ਹਫਤਿਆਂ ਵਿੱਚ ਲੋੜੀਂਦੀ ਕਾਰਵਾਈ ਕਰਨ ਲਈ ਕਿਹਾ ਗਿਆ ਹੈ।

ਬਲੌਂਗੀ ਦੇ ਵਸਨੀਕ ਐਡਵੋਕੇਟ ਦਲਜੀਤ ਸਿੰਘ ਪੂਨੀਆ, ਕੇਸਰ ਸਿੰਘ ਅਤੇ ਹੋਰਨਾਂ ਵਸਨੀਕਾਂ ਨੇ ਦੱਸਿਆ ਕਿ ਬਲਾਕ ਪੰਚਾਇਤ ਤੇ ਵਿਕਾਸ ਅਫਸਰ ਵੱਲੋਂ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਨੂੰ ਦਿੱਤੀ ਰਿਪੋਰਟ ਵਿੱਚ ਸ਼ਿਕਾਇਤ ਨੂੰ ਸਹੀ ਪਾਇਆ ਗਿਆ। ਜ਼ਿਲ੍ਹਾ ਵਿਕਾਸ ਅਫਸਰ ਨੇ ਆਪਣੀ ਰਿਪੋਰਟ ਵਿੱਚ ਕਿਹਾ ਕਿ ਪੰਚਾਇਤ ਬਲੌਂਗੀ ਵਿੱਚ ਮੌਜੂਦਾ ਸਰਪੰਚ ਦੇ ਕਾਰਜਕਾਲ ਦੌਰਾਨ ਲਗਭਗ 2 ਕਰੋੜ ਰੁਪਏ ਦਾ ਖਰਚਾ ਹੋ ਚੁੱਕਾ ਹੈ, ਪ੍ਰੰਤੂ ਇਸ ਖਰਚ ਹੋਈ ਰਕਮ ਦੇ ਨਾ ਤਾਂ ਵਰਤੋਂ ਸਰਟੀਫਿਕੇਟ ਕੱਢੇ ਗਏ ਹਨ ਅਤੇ ਨਾ ਹੀ ਮੁਕੰਮਲ ਮਿਣਤੀ ਹੋਈ ਹੈ। ਪੰਚਾਇਤ ਦਾ ਰਿਕਾਰਡ ਇਸ ਦਫ਼ਤਰ ਨੂੰ ਪੇਸ਼ ਕੀਤਾ ਗਿਆ ਸੀ, ਜਿਸ ਦੀ ਪੜ੍ਹਤਾਲ ਦੌਰਾਨ ਰਿਕਾਰਡ ਵਿੱਚ ਵੱਡੇ ਪੱਧਰ ਤੇ ਗਬਨ ਹੋਣ ਸਬੰਧੀ ਤੱਥ ਸਾਹਮਣੇ ਆਏ ਹਨ। ਇਸ ਸਬੰਧੀ ਸਰਪੰਚ ਨੂੰ ਨੋਟਿਸ ਜਾਰੀ ਕਰਦੇ ਹੋਏ ਆਪਣਾ ਪੱਖ ਦੇਣ ਸਬੰਧੀ ਦਫਤਰ ਦੇ ਪੱਤਰ ਨੇ 5375 ਮਿਤੀ 22/12/23 ਰਾਹੀ ਪੱਖ ਪੇਸ਼ ਕਰਨ ਲਈ ਕਿਹਾ ਗਿਆ ਸੀ।

ਸ਼ਿਕਾਇਤ ਕਰਤਾਵਾਂ ਨੇ ਕਿਹਾ ਕਿ ਇਸ ਮਾਮਲੇ ਵਿੱਚ ਕੋਈ ਕਾਰਵਾਈ ਨਾ ਹੋਣ ਤੇ ਉਹਨਾਂ ਵਲੋਂ ਸੂਚਨਾ ਦੇ ਅਧਿਕਾਰ ਤਹਿਤ ਹਾਸਿਲ ਕੀਤੀ ਗਈ ਸੂਚਨਾ ਤੋਂ ਪਤਾ ਲੱਗਿਆ ਕਿ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਨੇ ਇਸ ਪੂਰੇ ਮਾਮਲੇ ਦੀ ਪੜਤਾਲ ਤੋਂ ਬਾਅਦ ਜ਼ਿਲ੍ਹਾ ਅਟਾਰਨੀ ਦੀ ਰਾਏ ਹਾਸਲ ਕਰਨ ਲਈ ਪੱਤਰ ਲਿਖਿਆ ਸੀ ਜਿਸਤੇ ਜ਼ਿਲ੍ਹਾ ਅਟਾਰਨੀ ਨੇ ਲਿਖਿਆ ਹੈ ਕਿ ਬਲੌਂਗੀ ਦੇ ਸਰਪੰਚ ਬਹਾਦਰ ਸਿੰਘ ਵੱਲੋਂ ਸਰਕਾਰੀ ਰਿਕਾਰਡ ਨਾਲ ਭੰਨਤੋੜ, ਜਾਲਸਾਜੀ ਅਤੇ ਸਰਕਾਰ ਨੂੰ ਪਹੁੰਚਾਏ ਵਿੱਤੀ ਨੁਕਸਾਨ ਸਬੰਧੀ ਬੀ ਡੀ ਪੀ ਓ ਅਤੇ ਜ਼ਿਲ੍ਹਾ ਵਿਕਾਸ ਅਫਸਰ ਦੀ ਰਿਪੋਰਟ ਜੇਕਰ ਸਹੀ ਤੱਥਾਂ ਦੇ ਅਧਾਰ ਤੇ ਹੈ, ਤਾਂ ਸਰਪੰਚ ਦੇ ਖਿਲਾਫ ਖਿਲਾਫ ਆਈ ਪੀ ਸੀ ਦੀ ਧਾਰਾ 409, 420, 465, 467, 488 ਅਤੇ 471 ਤਹਿਤ ਜੁਰਮ ਬਣਦਾ ਹੈ। ਸ਼ਿਕਾਇਤ ਕਰਤਾਵਾਂ ਨੇ ਦੱਸਿਆ ਕਿ ਇਸ ਤੋਂ ਬਾਅਦ ਡੀ ਡੀ ਪੀ ਓ ਨੇ ਬੀ ਡੀ ਪੀ ਓ ਨੂੰ ਪੱਤਰ ਲਿਖ ਕੇ ਇਸ ਸਬੰਧੀ ਐਸ ਐਸ ਪੀ ਮੁਹਾਲੀ ਨੂੰ ਸਰਪੰਚ ਦੇ ਖਿਲਾਫ ਕਾਰਵਾਈ ਕਰਨ ਲਈ ਪੱਤਰ ਲਿਖਣ ਲਈ ਕਿਹਾ ਸੀ। ਪਰੰਤੂ ਇਸ ਸਬੰਧੀ ਹਾਲੇ ਤੱਕ ਬਲੌਂਗੀ ਦੇ ਸਰਪੰਚ ਬਹਾਦਰ ਸਿੰਘ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਉਹਨਾਂ ਐਸਐਸ ਪੀ ਮੁਹਾਲੀ ਤੋਂ ਮੰਗ ਕੀਤੀ ਕਿ ਫੌਰੀ ਤੌਰ ਤੇ ਸਰਪੰਚ ਬਹਾਦਰ ਸਿੰਘ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਜਰਨੈਲ ਸਿੰਘ, ਸਰਵਣ ਲਾਲ, ਮਨਜੀਤ ਸਿੰਘ, ਰਾਮਪਾਲ ਚੌਧਰੀ ਅਤੇ ਗੁਰਸੇਵਕ ਸਿੰਘ ਵੀ ਹਾਜ਼ਿਰ ਸਨ।

ਇਸ ਸੰਬੰਧੀ ਸੰਪਰਕ ਕਰਨ ਤੇ ਪਿੰਡ ਦੇ ਸਰਪੰਚ ਬਹਾਦਰ ਸਿੰਘ ਨੇ ਕਿਹਾ ਕਿ ਉਹਨਾਂ ਦੇ ਖਿਲਾਫ ਲਗਾਏ ਗਏ ਸਾਰੇ ਇਲਜਾਮ ਝੂਠੇ ਹਨ। ਉਹਨਾਂ ਕਿਹਾ ਕਿ ਜਦੋਂ ਪੰਚਾਇਤਾਂ ਭੰਗ ਕੀਤੀਆਂ ਗਈਆਂ ਸਨ ਤਾਂ ਸਰਕਾਰ ਵਲੋਂ ਉਹਨਾਂ ਤੋਂ ਰਿਕਾਰਡ ਮੰਗਿਆ ਗਿਆ ਸੀ ਜਿਸਤੇ ਉਹਨਾਂ ਕਿਹਾ ਸੀ ਕਿ ਰਿਕਾਰਡ ਹੁਣੇ ਅਧੂਰਾ ਹੈ ਅਤੇ ਚੜਣ ਵਾਲਾ ਰਹਿੰਦਾ ਹੈ ਜਿਸ ਵਿੱਚ ਉਹਨਾਂ ਨੂੰ ਕਿਹਾ ਗਿਆ ਕਿ ਜਿੰਨਾ ਰਿਕਾਰਡ ਹੈ ਉਹ ਦਫਤਰ ਵਿੱਚ ਜਮਾਂ ਕਰਵਾਇਆ ਜਾਵੇ ਰਿਕਾਰਡ ਆਪੇ ਪੂਰਾ ਕਰ ਲਿਆ ਜਾਵੇਗਾ, ਜਿਸਤੋਂ ਬਾਅਦ ਉਹਨਾਂ ਰਿਕਾਰਡ ਜਮਾਂ ਕਰਵਾ ਦਿੱਤਾ। ਉਹਨਾਂ ਕਿਹਾ ਕਿ ਚਾਰ ਮਹੀਨੇ ਤਕ ਰਿਕਾਰਡ ਇਸੇ ਤਰ੍ਹਾਂ ਰੱਖ ਲਿਆ ਗਿਆ ਅਤੇ ਇਸਨੂੰ ਪੂਰਾ ਨਹੀਂ ਕਰਵਾਇਆ ਗਿਆ। ਉਹਨਾਂ ਕਿਹਾ ਕਿ ਰਿਕਾਰਡ ਵਿੱਚ ਅਦਾਇਗੀਆਂ ਦੇ ਹਿੰਦਰਾਜ ਚੜ੍ਹੇ ਨਾ ਹੋਣ ਕਾਰਨ ਰਕਮ ਦਾ ਫਰਕ ਆ ਰਿਹਾ ਹੈ ਜਿਸਦੇ ਆਧਾਰ ਤੇ ਦੂਜੀ ਧਿਰ ਨੇ ਉਹਨਾਂ ਦੇ ਖਿਲਾਫ ਸ਼ਿਕਾਇਤ ਕੀਤੀ ਹੈ। ਉਹਨਾਂ ਕਿਹਾ ਕਿ ਰਿਕਾਰਡ ਮੁਕੰਮਲ ਕਰਨ ਦੀ ਮੰਗ ਨੂੰ ਲੈ ਕੇ ਉਹਨਾਂ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨ ਦਾਖਿਲ ਕੀਤੀ ਸੀ ਜਿਸਤੇ ਮਾਣਯੋਗ ਅਦਾਲਤ ਵਲੋਂ ਚਾਰ ਹਫਤਿਆਂ ਵਿੱਚ ਲੋੜੀਂਦੀ ਕਾਰਵਾਈ ਦੇ ਹੁਕਮ ਦਿੱਤੇ ਗਏ ਹਨ।