
ਵੈਟਨਰੀ ਯੂਨੀਵਰਸਿਟੀ ਅਤੇ ਪ੍ਰੋਗਰੈਸਿਵ ਡੇਅਰੀ ਫਾਰਮਰਜ਼ ਐਸੋਸੀਏਸ਼ਨ ਵੱਲੋਂ ਡੇਅਰੀ ਖੇਤਰ ਦੀ ਮਜ਼ਬੂਤੀ ਲਈ ਸਮਝੌਤਾ
ਲੁਧਿਆਣਾ 23 ਅਗਸਤ 2025- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਅਤੇ ਪ੍ਰੋਗਰੈਸਿਵ ਡੇਅਰੀ ਫਾਰਮਰਜ਼ ਐਸੋਸੀਏਸ਼ਨ ਦਰਮਿਆਨ ਇਕ ਸਮਝੌਤਾ ਪੱਤਰ ’ਤੇ ਹਸਤਾਖਰ ਕੀਤੇ ਗਏ ਹਨ। ਇਸ ਸਮਝੌਤੇ ਤਹਿਤ ਇਸ ਜਥੇਬੰਦੀ ਦੇ ਮੈਂਬਰਾਂ ਦੀਆਂ ਉਤਮ ਕਿਸਮ ਦੀਆਂ ਵਿਦੇਸ਼ੀ ਨਸਲ ਦੀਆਂ ਗਾਂਵਾਂ ਵਿੱਚੋਂ ਵਧੀਆ ਵੱਛਿਆਂ ਦੀ ਪੜਚੋਲ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ ਪ੍ਰਜਣਨ ਉਦੇਸ਼ ਲਈ ਚੁਣਿਆ ਜਾਵੇਗਾ।
ਲੁਧਿਆਣਾ 23 ਅਗਸਤ 2025- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਅਤੇ ਪ੍ਰੋਗਰੈਸਿਵ ਡੇਅਰੀ ਫਾਰਮਰਜ਼ ਐਸੋਸੀਏਸ਼ਨ ਦਰਮਿਆਨ ਇਕ ਸਮਝੌਤਾ ਪੱਤਰ ’ਤੇ ਹਸਤਾਖਰ ਕੀਤੇ ਗਏ ਹਨ। ਇਸ ਸਮਝੌਤੇ ਤਹਿਤ ਇਸ ਜਥੇਬੰਦੀ ਦੇ ਮੈਂਬਰਾਂ ਦੀਆਂ ਉਤਮ ਕਿਸਮ ਦੀਆਂ ਵਿਦੇਸ਼ੀ ਨਸਲ ਦੀਆਂ ਗਾਂਵਾਂ ਵਿੱਚੋਂ ਵਧੀਆ ਵੱਛਿਆਂ ਦੀ ਪੜਚੋਲ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ ਪ੍ਰਜਣਨ ਉਦੇਸ਼ ਲਈ ਚੁਣਿਆ ਜਾਵੇਗਾ।
ਯੂਨੀਵਰਸਿਟੀ ਇਨ੍ਹਾਂ ਵੱਛਿਆਂ ਤੋਂ ਉੱਚ ਗੁਣਵੱਤਾ ਵਾਲੇ ਵੀਰਜ ਟੀਕਿਆਂ ਦਾ ਉਤਪਾਦਨ ਕਰੇਗੀ ਅਤੇ ਇਸ ਜਥੇਬੰਦੀ ਰਾਹੀਂ ਡੇਅਰੀ ਕਿਸਾਨਾਂ ਨੂੰ ਪੂਰਤੀ ਕਰੇਗੀ ਜਿਸ ਨਾਲ ਕਿ ਟਿਕਾਊ ਅਤੇ ਬਿਹਤਰ ਨਸਲ ਸੁਧਾਰ ਨੂੰ ਉਤਸ਼ਾਹਿਤ ਕੀਤਾ ਜਾਵੇਗਾ।
ਇਸ ਮੌਕੇ ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਕਿਹਾ ਕਿ ਜਿਥੇ ਇਸ ਨਾਲ ਨਸਲ ਸੁਧਾਰ ਦਾ ਕੰਮ ਹੋਵੇਗਾ ਉਥੇ ਦੁੱਧ ਉਤਪਾਦਕਤਾ ਵਧੇਗੀ ਅਤੇ ਕਿਸਾਨਾਂ ਨੂੰ ਲਾਗਤ ਪ੍ਰਭਾਵੀ ਫਾਇਦੇ ਮਿਲਣਗੇ। ਉਨ੍ਹਾਂ ਇਹ ਵੀ ਕਿਹਾ ਕਿ ਇਹ ਪਹਿਲਕਦਮੀ ਇਕ ਟਿਕਾਊ ਪਸ਼ੂ ਵਿਕਾਸ ਨਮੂਨਾ ਸਥਾਪਿਤ ਕਰੇਗੀ ਅਤੇ ਬਿਹਤਰ ਨਸਲ ਵਾਲੀਆਂ ਸੰਤਾਨਾਂ ਦੇ ਲਾਭ ਪ੍ਰਾਪਤ ਹੋਣਗੇ।
ਇਸ ਜਥੇਬੰਦੀ ਦੇ ਪ੍ਰਧਾਨ ਸ. ਦਲਜੀਤ ਸਿੰਘ ਗਿੱਲ ਨੇ ਕਿਹਾ ਕਿ ਪੰਜਾਬ ਦੇ ਡੇਅਰੀ ਕਿਸਾਨ ਵਧੇਰੇ ਦੁੱਧ ਦੇਣ ਵਾਲੀਆਂ ਐਚ.ਐਫ. ਅਤੇ ਜਰਸੀ ਗਾਂਵਾਂ ਨੂੰ ਤਰਜੀਹ ਦਿੰਦੇ ਹਨ, ਜਿਸ ਨਾਲ ਬਿਹਤਰ ਨਸਲ ਦੇ ਬਲਦਾਂ ਦੇ ਵੀਰਜ ਦੀ ਮੰਗ ਲਗਾਤਾਰ ਵੱਧ ਰਹੀ ਹੈ। ਇਸ ਸਮੇਂ ਕਿਸਾਨਾਂ ਨੂੰ ਇਹ ਵੀਰਜ ਟੀਕੇ ਪ੍ਰਾਪਤ ਕਰਨ ਵਿੱਚ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਮਝੌਤੇ ਤਹਿਤ ਅਸੀਂ ਆਪਣੇ ਮੁਲਕ ਵਿੱਚ ਹੀ ਜਾਇਜ਼ ਕੀਮਤ ’ਤੇ ਟੀਕੇ ਉਪਲਬਧ ਕਰਵਾ ਸਕਾਂਗੇ।
ਡਾ. ਪਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਖੋਜ ਨੇ ਕਿਹਾ ਕਿ ਇਹ ਗਾਂਵਾਂ ਦੁੱਧ ਉਤਪਾਦਨ ਵਿੱਚ ਦੁਨੀਆਂ ਵਿੱਚ ਜਾਣੀਆਂ ਜਾਂਦੀਆਂ ਹਨ। ਪੰਜਾਬ ਵਿੱਚ ਵੀ ਇਨ੍ਹਾਂ ਨਸਲਾਂ ਰਾਹੀਂ ਦੁੱਧ ਦਾ ਲਗਭਗ 40 ਪ੍ਰਤੀਸ਼ਤ ਯੋਗਦਾਨ ਪੈਂਦਾ ਹੈ।
ਡਾ. ਰਵਿੰਦਰ ਸਿੰਘ ਗਰੇਵਾਲ, ਨਿਰਦੇਸ਼ਕ ਪਸਾਰ ਸਿੱਖਿਆ ਨੇ ਕਿਹਾ ਕਿ ਪੰਜਾਬ ਭਾਰਤ ਵਿੱਚ ਐਚ.ਐਫ. ਅਤੇ ਜਰਸੀ ਗਾਂਵਾਂ ਲਈ ਇਕ ਮੋਹਰੀ ਉਤਪਾਦਕ ਰਾਜ ਵਜੋਂ ਉਭਰਿਆ ਹੈ। ਇਸ ਪ੍ਰਾਪਤੀ ਵਿੱਚ ਇਸ ਜਥੇਬੰਦੀ ਦੀ ਵੀ ਅਹਿਮ ਭੂਮਿਕਾ ਹੈ। ਦੇਸ਼ ਭਰ ਤੋਂ ਕਿਸਾਨ ਪੰਜਾਬ ਵਿੱਚ ਉੱਤਮ ਨਸਲ ਦੇ ਪਸ਼ੂ ਖਰੀਦਣ ਲਈ ਆਉਂਦੇ ਹਨ।
ਇਸ ਖੇਤਰ ਵਿੱਚ ਪ੍ਰਗਤੀਸ਼ੀਲ ਡੇਅਰੀ ਕਿਸਾਨ ਲਗਾਤਾਰ ਆਪਣੇ ਪਸ਼ੂਆਂ ਨੂੰ ਬਿਹਤਰ ਬਨਾਉਣ ਲਈ ਉੱਚ ਦਰਜੇ ਦੇ ਵੀਰਜ ਟੀਕਿਆਂ ਦਾ ਪ੍ਰਯੋਗ ਕਰ ਰਹੇ ਹਨ। ਇਸ ਨਵੇਂ ਉਪਰਾਲੇ ਨਾਲ ਉੱਚ ਗੁਣਵੱਤਾ ਵਾਲੇ ਵੀਰਜ ਟੀਕਿਆਂ ਦੀ ਪੂਰਤੀ ਅਸਾਨ, ਭਰੋਸੇਮੰਦ ਅਤੇ ਕਿਫਾਇਤੀ ਢੰਗ ਨਾਲ ਹੋ ਸਕੇਗੀ।
