ਐਮ ਪੀ ਡਾ. ਚੱਬੇਵਾਲ ਅਤੇ ਵਿਧਾਇਕ ਜਿੰਪਾ ਵੱਲੋਂ ਰਿੰਗ ਰੋਡ ਹੁਸ਼ਿਆਰਪੁਰ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ

ਹੁਸ਼ਿਆਰਪੁਰ- ਹੁਸ਼ਿਆਰਪੁਰ ਦੀਆਂ ਸੜਕਾਂ ਦੀ ਨੁਹਾਰ ਬਦਲਣ ਲਈ ਜੰਗੀ ਪੱਧਰ 'ਤੇ ਚੱਲ ਰਹੇ ਕੰਮਾਂ ਦੀ ਲੜੀ ਤਹਿਤ ਹੁਸ਼ਿਆਰਪੁਰ ਤੋਂ ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਅਤੇ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਨੇ ਅੱਜ ਰਿੰਗ ਰੋਡ ਹੁਸ਼ਿਆਰਪੁਰ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਕੀਤੀ।

ਹੁਸ਼ਿਆਰਪੁਰ- ਹੁਸ਼ਿਆਰਪੁਰ ਦੀਆਂ ਸੜਕਾਂ ਦੀ ਨੁਹਾਰ ਬਦਲਣ ਲਈ ਜੰਗੀ ਪੱਧਰ 'ਤੇ ਚੱਲ ਰਹੇ ਕੰਮਾਂ ਦੀ ਲੜੀ ਤਹਿਤ ਹੁਸ਼ਿਆਰਪੁਰ ਤੋਂ ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਅਤੇ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਨੇ ਅੱਜ ਰਿੰਗ ਰੋਡ ਹੁਸ਼ਿਆਰਪੁਰ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਕੀਤੀ। 
ਲੰਬੇ ਸਮੇਂ ਤੋਂ ਬੁਰੇ ਹਾਲਾਤ 'ਚੋਂ ਗੁਜ਼ਰ ਰਹੀ ਢਾਈ ਕਿਲੋਮੀਟਰ ਲੰਬੀ ਇਸ ਸੜਕ ਦਾ ਢਾਈ ਕਰੋੜ ਰੁਪਏ ਦੀ ਲਾਗਤ ਨਾਲ ਕਾਇਆ ਕਲਪ ਕੀਤਾ ਜਾ ਰਿਹਾ ਹੈ। ਬਜਵਾੜਾ ਸਤਸੰਗ ਘਰ ਤੋਂ ਸਵਰਨ ਬਾਈਪਾਸ ਤੱਕ ਬਣ ਰਹੀ 23 ਮੀਟਰ ਚੌੜੀ ਇਸ ਮਜ਼ਬੂਤ ਤੇ ਆਲੀਸ਼ਾਨ ਸੜਕ ਦੇ ਬਣਨ ਨਾਲ ਇਲਾਕਾ ਨਿਵਾਸੀਆਂ ਅਤੇ ਰਾਹਗੀਰਾਂ ਨੂੰ ਵੱਡਾ ਫਾਇਦਾ ਹੋਵੇਗਾ। 
ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਨੇ ਇਸ ਮੌਕੇ ਕਿਹਾ ਕਿ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਇਸ ਸ਼ੁਭ ਕੰਮ ਦਾ ਮਹੂਰਤ ਪਹਿਲੇ ਨਰਾਤੇ ਮੌਕੇ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਬਾਰਿਸ਼ ਅਤੇ ਹੜ੍ਹਾਂ  ਕਾਰਨ ਸੜਕਾਂ ਦਾ ਭਾਰੀ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਨੂੰ 1000 ਕਿਲੋਮੀਟਰ ਸੜਕਾਂ ਪਹਿਲਾਂ ਹੀ ਮਿਲੀਆਂ ਹੋਈਆਂ ਹਨ, ਜਿਨ੍ਹਾਂ ਦਾ ਨਿਰਮਾਣ ਕਾਰਜ ਚੱਲ ਰਿਹਾ ਹੈ। 
ਉਨ੍ਹਾਂ ਦੱਸਿਆ ਕਿ ਹੁਣ 500 ਕਿਲੋਮੀਟਰ ਹੋਰ ਸੜਕਾਂ ਸਰਕਾਰ ਵੱਲੋਂ ਜਾਰੀ ਕੀਤੀਆਂ ਗਈਆਂ ਹਨ, ਜਿਨਾਂ ਤੇ 71 ਕਰੋੜ ਰੁਪਏ ਖ਼ਰਚ ਹੋਣਗੇ। ਉਨ੍ਹਾਂ ਦੱਸਿਆ ਕਿ ਇਸ  ਤਹਿਤ 25-26 ਸੜਕਾਂ ਬਣਾਈਆਂ ਜਾਣਗੀਆਂ। ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਨੇ ਇਸ ਮੌਕੇ ਕਿਹਾ ਕਿ ਸ਼ਹਿਰ ਦੀਆਂ ਸਾਰੀਆਂ ਪ੍ਰਮੁੱਖ ਸੜਕਾਂ ਦੀ ਉਸਾਰੀ ਅਤੇ ਮੁਰੰਮਤ ਦਾ ਚੱਲ ਰਿਹਾ ਕੰਮ ਜਲਦ ਹੀ ਮੁਕੰਮਲ ਕਰ ਲਿਆ ਜਾਵੇਗਾ। 
ਉਨ੍ਹਾਂ ਸਪੱਸ਼ਟ ਕੀਤਾ ਕਿ ਬਾਰਿਸ਼ਾਂ ਕਾਰਨ ਉਸਾਰੀ ਵਿਚ ਕੁਝ ਦੇਰੀ ਹੋਈ ਹੈ, ਪਰੰਤੂ ਹੁਣ ਇਸ ਕੰਮ ਨੂੰ ਜੰਗੀ ਪੱਧਰ 'ਤੇ ਮੁਕੰਮਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸੜਕਾਂ ਦੇ ਨਿਰਮਾਣ ਦੀ ਗੁਣਵੱਤਾ ਨਾਲ ਕੋਈ ਸਮਝੌਤਾ ਨਾ ਕੀਤਾ ਜਾਵੇ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਟਿਕਾਊ ਅਤੇ ਮਜ਼ਬੂਤ ਸੜਕਾਂ ਜਨਤਾ ਲਈ ਉਪਲਬੱਧ ਹੋਣ।