ਐਡਵੋਕੇਟ ਗੁਰਮੀਤ ਸ਼ੁਗਲੀ ਅਤੇ ਸੁਧਾਕਰ ਦੀ ਯਾਦ 'ਚ ਦੇਸ਼ ਭਗਤਾਂ ਵੱਲੋਂ ਸ਼ੋਕ ਸਭਾ
ਹੁਸ਼ਿਆਰਪੁਰ- ਨਵਾਂ ਜ਼ਮਾਨਾ ਅਖ਼ਬਾਰ ਦੀ ਸੰਚਾਲਕ ਸੰਸਥਾ ਅਰਜਣ ਸਿੰਘ ਗੜਗੱਜ ਫਾਊਂਡੇਸ਼ਨ ਦੇ ਜਨਰਲ ਸਕੱਤਰ, ਨਵਾਂ ਜ਼ਮਾਨਾ ਅਖ਼ਬਾਰ ਦੇ ਪ੍ਰਿੰਟਰ ਅਤੇ ਪਬਲਿਸਰ, ਲੇਖਕ, ਮਾਰਕਸੀ ਵਿਗਿਆਨਕ ਵਿਚਾਰਧਾਰਾ ਦੇ ਝੰਡਾਬਰਦਾਰ ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ ਦੇ ਅਚਨਚੇਤ ਵਿਛੋੜੇ ਅਤੇ ਸੀ ਪੀ ਆਈ (ਮਾਓਵਾਦੀ) ਦੇ ਕੇਂਦਰੀ ਕਮੇਟੀ ਮੈਂਬਰ ਸੁਧਾਕਰ ਨੂੰ ਕਥਿਤ ਪੁਲਿਸ ਮੁਕਾਬਲੇ ਵਿਚ ਮਾਰ ਮੁਕਾਏ ਜਾਣ ਤੇ ਉਹਨਾਂ ਦੇ ਪਰਿਵਾਰਾਂ,ਸਾਕ ਸਬੰਧੀਆਂ ਅਤੇ ਸੰਗੀ ਸਾਥੀਆਂ ਨਾਲ਼ ਗਹਿਰੇ ਦੁੱਖ਼ 'ਚ ਸ਼ਰੀਕ ਹੁੰਦੇ ਹੋਏ ਉਹਨਾਂ ਦੀ ਸਮਾਜ ਨੂੰ ਦੇਣ ਉਪਰ ਗੌਰਵ ਕਰਦਿਆਂ ਭ ਦੇਸ਼ ਭਗਤ ਯਾਦਗਾਰ ਕਮੇਟੀ ਨੇ ਸ਼ੋਕ ਬੈਠਕ ਕਰਕੇ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ।

ਐਡਵੋਕੇਟ ਗੁਰਮੀਤ ਸ਼ੁਗਲੀ ਪੱਤਰਕਾਰਤਾ ਦੇ ਖੇਤਰ ਤੋਂ ਇਲਾਵਾ ਆਪਣੀ ਪਾਰਟੀ ਸੀ. ਪੀ. ਆਈ. ਵਿੱਚ ਵੀ ਸਰਗਰਮੀ ਨਾਲ ਹਿੱਸਾ ਪਾਉਂਦੇ ਰਹੇ। ਵਿਦਿਆਰਥੀ ਜੀਵਨ ਤੋਂ ਲੈ ਕੇ ਕਾਲਜਾਂ , ਯੂਨੀਵਰਸਿਟੀਆਂ ਵਿੱਚ ਵਿਦਿਆਰਥੀਆਂ ਨੂੰ ਧਰਮ ਨਿਰਪੱਖ,ਇਨਕਲਾਬੀ ਜਮਹੂਰੀ ਅਤੇ ਮਾਰਕਸੀ ਚਿੰਤਨ ਨਾਲ ਜੋੜਨ ਲਈ ਜਿੱਥੇ ਯਤਨਸ਼ੀਲ ਰਹੇ ਓਥੇ ਦੇਸ਼ ਭਗਤ ਯਾਦਗਾਰ ਹਾਲ ਅੰਦਰ ਲੱਗਦੇ ਗ਼ਦਰੀ ਬਾਬਿਆਂ ਦੇ ਮੇਲੇ ਅਤੇ ਹੋਰ ਸਰਗਰਮੀਆਂ ਨਾਲ਼ ਵੀ ਨੇੜਿਓਂ ਜੁੜੇ ਰਹੇ। ਉਹਨਾਂ ਦਾ ਦਿਹਾਂਤ ਅਮਰੀਕਾ ਵਿਚ ਆਪਣੇ ਬੇਟੇ ਰਮਨਜੀਤ ਸਿੰਘ ਮੰਡ ਕੋਲ਼ ਦਿਲ ਦਾ ਦੌਰਾ ਪੈਣ ਨਾਲ਼ ਹੋਇਆ। ਉਹਨਾਂ ਦਾ ਦੂਸਰਾ ਬੇਟਾ ਐਡਵੋਕੇਟ ਰਾਜਿੰਦਰ ਸਿੰਘ ਮੰਡ ਦੇਸ਼ ਭਗਤ ਯਾਦਗਾਰ ਕਮੇਟੀ ਦਾ ਮੈਂਬਰ ਹੈ।
ਇਸ ਤਰ੍ਹਾਂ ਹੀ ਲੱਗ ਪੱਗ ਅੱਧੀ ਸਦੀ ਤੋਂ ਸਰਗਰਮ ਸੀ ਪੀ ਆਈ (ਮਾਓਵਾਦੀ) ਦੇ ਕੇਂਦਰੀ ਕਮੇਟੀ ਮੈਂਬਰ ਲਕਸ਼ਮੀ ਨਰਸਿਮਹਾਚਲਮ ਉਰਫ਼ ਸੁਧਾਕਰ ਨੂੰ ਬਸਤਰ ਜ਼ਿਲ੍ਹੇ ਵਿਚ ਇਕ ਫਰਜ਼ੀ ਪੁਲਸ ਮੁਕਾਬਲੇ ਵਿਚ ਮਾਰ ਮੁਕਾਏ ਜਾਣ ਕਾਰਨ ਮੋਦੀ ਹਕੂਮਤ ਦੀ ਘੇਰੋ ਅਤੇ ਕਮਿਊਨਿਸਟਾਂ ਨੂੰ ਮਾਰ ਮੁਕਾਉਣ ਦੀ ਸਿਰ ਚੜ੍ਹ ਬੋਲਦੀ ਨੀਤੀ ਦੀ ਤਿੱਖੀ ਆਲੋਚਨਾ ਕੀਤੀ ਗਈ। ਦੇਸ਼ ਭਗਤ ਯਾਦਗਾਰ ਕਮੇਟੀ ਨੇ ਕਿਹਾ ਹੈ ਕਿ ਆਜ਼ਾਦੀ ਦੀ ਜੱਦੋਜਹਿਦ ਮੌਕੇ ਆਦਿਵਾਸੀਆਂ ਦੇ ਸੰਗਰਾਮ ਦੀ ਸੰਘੀ ਨੱਪਣ ਲਈ ਹਰ ਹਰਬਾ ਵਰਤਿਆ ਗਿਆ ਅਤੇ ਵਿਰਸਾ ਮੁੰਡਾ ਵਰਗੇ ਆਜ਼ਾਦੀ ਘੁਲਾਟੀਆਂ ਤੋਂ ਮੂੰਹ ਦੀ ਖਾਣੀ ਪਈ।
ਇਉਂ ਹੀ ਭਾਜਪਾ ਹਕੂਮਤ ਨੂੰ ਜੰਗਲ ਦੇ ਸੀਨੇ ਅੰਦਰ ਧੁਖ਼ਦੀ ਜੰਗਲ, ਜਲ, ਜ਼ਮੀਨ,ਔਰਤਾਂ ਦੀ ਅਜ਼ਮਤ ਦੀ ਰਾਖੀ ਕਰਨ ਦੀ ਭਾਵਨਾ ਭਵਿੱਖ਼ ਵਿੱਚ ਹਾਕਮਾਂ ਨੂੰ ਚੈਨ ਨਾਲ਼ ਨਹੀਂ ਸੌਣ ਦੇਵੇਗੀ। ਕਮੇਟੀ ਦਾ ਕਹਿਣਾ ਹੈ ਕਿ ਸ਼ਹੀਦ ਭਗਤ ਸਿੰਘ ਦੇ ਇਹ ਬੋਲ ਸਦਾ ਅਮਰ ਰਹਿਣਗੇ ਕਿ, "ਤੁਸੀਂ ਵਿਅਕਤੀਆਂ ਨੂੰ ਤਾਂ ਕਤਲ ਕਰ ਸਕਦੇ ਹੋ ਪਰ ਉਹਨਾਂ ਦੇ ਵਿਚਾਰਾਂ ਨੂੰ ਨਹੀਂ।" ਦੇਸ਼ ਭਗਤ ਯਾਦਗਾਰ ਕਮੇਟੀ ਨੇ ਅੱਜ ਐਡਵੋਕੇਟ ਗੁਰਮੀਤ ਸ਼ੁਗਲੀ ਅਤੇ ਸੁਧਾਕਰ ਨੂੰ ਸੂਹੀ ਸ਼ਰਧਾਂਜਲੀ ਭੇਟ ਕਰਦੇ ਹੋਏ ਕਿਹਾ ਕਿ ਗ਼ਦਰੀ ਵਿਰਸੇ ਦੀ ਲੋਅ ਭਵਿੱਖ਼ ਵਿੱਚ ਹਨੇਰੇ ਨਾਲ਼ ਸਦਾ ਜੂਝਦੀ ਰਹੇਗੀ।
ਇਹ ਸਾਂਝਾ ਸ਼ੋਕ ਸੰਦੇਸ਼ ਦੇਸ਼ ਭਗਤ ਯਾਦਗਾਰ ਕਮੇਟੀ ਦੀ ਤਰਫੋਂ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਕਮੇਟੀ ਦੇ ਮੀਤ ਪ੍ਰਧਾਨ ਕੁਲਵੰਤ ਸਿੰਘ ਸੰਧੂ, ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ ਅਤੇ ਵਿੱਤ ਸਕੱਤਰ ਸੀਤਲ ਸਿੰਘ ਸੰਘਾ ਨੇ ਪ੍ਰੈੱਸ ਦੇ ਨਾਂਅ ਜਾਰੀ ਕਰਦੇ ਹੋਏ ਸਮੂਹ ਲੋਕ ਪੱਖੀ ਸੰਸਥਾਵਾਂ ਅਤੇ ਸ਼ਖਸ਼ੀਅਤਾਂ ਨੂੰ ਕਲਮ, ਕਲਾ ਅਤੇ ਸੰਗਰਾਮ ਦੇ ਪਿੜਾਂ ਅੰਦਰ ਸਰਗਰਮ ਸ਼ਕਤੀਆਂ ਨੂੰ ਇੱਕ ਜੁੱਟ ਹੋਣ ਦੀ ਪੁਰਜ਼ੋਰ ਅਪੀਲ ਕੀਤੀ ਹੈ।