ਕਾਲਜ ਦੇ ਪੁਰਾਣੇ ਵਿਦਿਆਰਥੀ ਭਾਈ ਮੰਗਲ ਸਿੰਘ ਵੱਲੋਂ ਅਨਭਵੀ ਗੁਰਬਾਣੀ ਗਿਆਨ ਸਟੀਕ ਦੇ ਸੱਤ ਭਾਗ ਖਾਲਸਾ ਕਾਲਜ ਮਾਹਿਲਪੁਰ ਨੂੰ ਭੇਟ

ਮਾਹਿਲਪੁਰ 21 ਜੂਨ- ਇਥੋਂ ਦੇ ਸ਼੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਬੀਐਸਸੀ ਕਲਾਸ ਸੈਸ਼ਨ 1965-66 ਦੇ ਵਿਦਿਆਰਥੀ ਭਾਈ ਮੰਗਲ ਸਿੰਘ ਵੱਲੋਂ ਅੱਜ ਕਾਲਜ ਪੁੱਜ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਆਖਿਆ ਸਬੰਧੀ ਲਿਖਤ ਅਨਭਵੀ ਗੁਰਬਾਣੀ ਗਿਆਨ ਸਟੀਕ ਦੇ ਸਮੂਹ ਸੱਤ ਭਾਗ ਅਤੇ ਗੁਰਮਤਿ ਚਿੰਤਨ ਨਾਲ ਸਬੰਧਤ ਹਿੰਦੀ, ਅੰਗਰੇਜ਼ੀ ਅਤੇ ਪੰਜਾਬੀ ਭਾਸ਼ਾ ਦੀਆਂ ਹੋਰ ਮਹੱਤਵਪੂਰਨ ਲਿਖਤਾਂ ਖਾਲਸਾ ਕਾਲਜ ਮਾਹਿਲਪੁਰ ਦੀ ਸੰਤ ਬਾਬਾ ਹਰੀ ਸਿੰਘ ਯਾਦਗਾਰੀ ਲਾਇਬਰੇਰੀ ਨੂੰ ਭੇਂਟ ਕੀਤੀਆਂ।

ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ ਪਰਵਿੰਦਰ ਸਿੰਘ, ਪੰਜਾਬੀ ਵਿਭਾਗ ਦੇ ਮੁਖੀ ਡਾ ਜੇ ਬੀ ਸੇਖੋਂ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਪ੍ਰੋ ਰਾਜ ਕੁਮਾਰ ਨੇ ਭਾਈ ਮੰਗਲ ਸਿੰਘ ਸਮੇਤ ਉਨ੍ਹਾਂ ਨਾਲ ਕਾਲਜ ਪੁੱਜੇ ਫੁੱਟਬਾਲ ਪ੍ਰਮੋਟਰ ਪ੍ਰਿੰਸੀਪਲ ਜਗਮੋਹਨ ਸਿੰਘ ਅਤੇ ਸਮਾਜ ਸੇਵੀ ਤਰਸੇਮ ਸਿੰਘ ਡਾਂਡੀਆਂ ਦਾ ਨਿੱਘਾ ਸਵਾਗਤ ਕੀਤਾ। 
ਇਸ ਮੌਕੇ ਪ੍ਰਿੰਸੀਪਲ ਜਗਮੋਹਨ ਸਿੰਘ ਨੇ ਦੱਸਿਆ ਕਿ ਪਿੰਡ ਮਈਓ ਪੱਟੀ (ਕਪੂਰਥਲਾ) ਦੇ ਵਸਨੀਕ ਭਾਈ ਮੰਗਲ ਸਿੰਘ 1965-66 ਸੈਸ਼ਨ ਦੇ ਬੀਐੱਸਸੀ ਜਮਾਤ ਦੇ ਵਿਦਿਆਰਥੀ ਸਨ ਜਿਹੜੇ ਉਚੇਰੀ ਸਿੱਖਿਆ ਉਪਰੰਤ ਯੂਪੀਐਸਸੀ ਨਵੀਂ ਦਿੱਲੀ ਵਿੱਚ ਡਿਪਟੀ ਡਾਇਰੈਕਟਰ ਦੇ ਵੱਕਾਰੀ ਅਹੁਦੇ 'ਤੇ ਸ਼ਾਨਦਾਰ ਸੇਵਾਵਾਂ ਨਿਭਾਅ ਕੇ 2008 ਵਿੱਚ ਸੇਵਾ ਮੁਕਤ ਹੋਏ।
 ਸੇਵਾ ਮੁਕਤੀ ਉਪਰੰਤ ਉਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਟੀਕ ਵਿਆਖਿਆ ਸਬੰਧੀ ਗੰਭੀਰ ਅਧਿਐਨ ਕੀਤਾ ਅਤੇ ਸੱਤ ਜਿਲਦਾਂ ਵਿੱਚ ਗੁਰਬਾਣੀ ਦਾ ਅਨੁਭਵੀ ਗਿਆਨ ਸਟੀਕ ਅਤੇ ਗੁਰਮਤਿ ਚਿੰਤਨ ਨਾਲ ਜੁੜੀਆਂ ਹੋਰ ਗੰਭੀਰ ਲਿਖਤਾਂ ਲਿਖੀਆਂ । ਇਸ ਮੌਕੇ ਭਾਈ ਮੰਗਲ ਸਿੰਘ ਨੇ ਗੁਰਮਤਿ ਚਿੰਤਨ ਅਤੇ ਸਿੱਖ ਸੱਭਿਆਚਾਰ ਨਾਲ ਜੁੜੇ ਮੂਲ ਸੰਕਲਪਾਂ ਬਾਰੇ ਵਿਚਾਰ ਰੱਖੇ ਅਤੇ ਅੰਗਰੇਜ਼ੀ, ਹਿੰਦੀ ਅਤੇ ਪੰਜਾਬੀ ਵਿੱਚ ਰਚੇ ਆਪਣੇ ਲਿਖਣ ਕਾਰਜ ਦੀ ਸਿਰਜਣ ਪ੍ਰਕਿਰਿਆ ਬਾਰੇ ਦੱਸਿਆ । 
ਉਨ੍ਹਾਂ ਖਾਲਸਾ ਕਾਲਜ ਮਾਹਿਲਪੁਰ ਵਿੱਚ ਵਿਦਿਆਰਥੀ ਜੀਵਨ ਦੌਰਾਨ ਬਿਤਾਏ ਪਲਾਂ ਨੂੰ ਯਾਦ ਕੀਤਾ ਅਤੇ ਕਿਹਾ ਕਿ ਇਸ ਸੰਸਥਾ ਨੇ ਅਨੇਕਾਂ ਵਿਦਿਆਰਥੀਆਂ ਦੇ ਜੀਵਨ ਰੁਸ਼ਨਾਏ ਹਨ ਅਤੇ ਇੱਥੇ ਪੁੱਜ ਕੇ ਉਹ ਆਪਣੇ ਆਪ ਨੂੰ ਮੁੜ ਵਿਦਿਆਰਥੀ ਜੀਵਨ ਵਿੱਚ ਹੀ ਮਹਿਸੂਸ ਕਰਦੇ ਹਨ। ਉਨ੍ਹਾਂ ਕਾਲਜ ਦੇ ਵਿਦਿਆਰਥੀਆਂ ਨੂੰ ਅਕਾਦਮਿਕ ਸਿੱਖਿਆ ਦੇ ਨਾਲ ਨਾਲ ਗੁਰਬਾਣੀ ਦੇ ਅਧਿਐਨ ਨਾਲ ਜੁੜਨ ਅਤੇ ਇਖਲਾਕੀ ਤੌਰ 'ਤੇ ਉੱਚਾ-ਸੁੱਚਾ ਜੀਵਨ ਜੀਉਣ ਦੀ ਪ੍ਰੇਰਨਾ ਦਿੱਤੀ । 
ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ ਪਰਵਿੰਦਰ ਸਿੰਘ ਨੇ ਭਾਈ ਮੰਗਲ ਸਿੰਘ ਅਤੇ ਹਾਜ਼ਰ ਪਤਵੰਤਿਆਂ ਦਾ ਧੰਨਵਾਦ ਕੀਤਾ। ਕਾਲਜ ਦੇ ਪ੍ਰਬੰਧਕਾਂ ਵੱਲੋਂ ਭਾਈ ਮੰਗਲ ਸਿੰਘ, ਪ੍ਰਿੰਸੀਪਲ ਜਗਮੋਹਨ ਸਿੰਘ ਅਤੇ ਸਮਾਜ ਸੇਵੀ ਤਰਸੇਮ ਸਿੰਘ ਡਾਂਡੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।।