ਬਜਵਾੜਾ ‘ਚ ਹੋਵੇਗਾ ਸਿੱਖਿਆ ਤੇ ਦੇਸ਼ ਭਗਤੀ ਦਾ ਸੰਗਮ, ਨਗਰ ਨਿਗਮ ਨੇ ਪਾਸ ਕੀਤਾ ਇਤਿਹਾਸਕ ਮਤਾ
ਹੁਸ਼ਿਆਰਪੁਰ:- ਹੁਸ਼ਿਆਰਪੁਰ ਦੇ ਇਤਿਹਾਸਕ ਪਿੰਡ ਬਜਵਾੜਾ ਅਤੇ ਇਸ ਦੇ ਆਸਪਾਸ ਦੇ ਇਲਾਕਿਆਂ ਦੇ ਬੱਚਿਆਂ ਲਈ ਸਿੱਖਿਆ ਦੇ ਨਵੇਂ ਦਰਵਾਜ਼ੇ ਖੁੱਲ੍ਹਣ ਜਾ ਰਹੇ ਹਨ। ਵਿਧਾਇਕ ਹੁਸ਼ਿਆਰਪੁਰ ਬ੍ਰਹਮ ਸ਼ੰਕਰ ਜ਼ਿੰਪਾ ਨੇ ਕਿਹਾ ਕਿ ਨਗਰ ਨਿਗਮ ਦੀ ਹਾਲ ਹੀ ਵਿਚ ਹੋਈ ਹਾਊਸ ਮੀਟਿੰਗ ਵਿਚ ਇੱਕ ਇਤਿਹਾਸਕ ਮਤਾ ਪਾਸ ਕੀਤਾ ਗਿਆ ਹੈ, ਜਿਸ ਤਹਿਤ ਪਿੰਡ ਬਜਵਾੜਾ ਦੇ ਨਾਲ ਲੱਗਦੀ ਨਗਰ ਨਿਗਮ ਦੀ ਜ਼ਮੀਨ 'ਤੇ ਇਕ ਸਰਕਾਰੀ ਸਕੂਲ ਅਤੇ ਜੰਗੀ ਯਾਦਗਾਰ ਬਣਾਈ ਜਾਵੇਗੀ।

ਇਹ ਮਤਾ ਅੰਤਿਮ ਪ੍ਰਵਾਨਗੀ ਲਈ ਸਥਾਨਕ ਸਰਕਾਰਾਂ ਵਿਭਾਗ ਦੇ ਵਧੀਕ ਮੁੱਖ ਸਕੱਤਰ ਨੂੰ ਭੇਜਿਆ ਗਿਆ ਹੈ ਅਤੇ ਪ੍ਰਵਾਨਗੀ ਮਿਲਣ ਤੋਂ ਬਾਅਦ ਕੰਮ ਜਲਦੀ ਹੀ ਸ਼ੁਰੂ ਕਰ ਦਿੱਤਾ ਜਾਵੇਗਾ।
ਵਿਧਾਇਕ ਜ਼ਿੰਪਾ ਨੇ ਕਿਹਾ ਕਿ ਪਹਿਲਾਂ ਪਿੰਡ ਬਜਵਾੜਾ ਵਿਚ ਇਕ ਸਹਾਇਤਾ ਪ੍ਰਾਪਤ ਸਕੂਲ ਸੀ, ਜੋ ਪਿਛਲੀ ਸਰਕਾਰ ਦੌਰਾਨ ਬੰਦ ਕਰ ਦਿੱਤਾ ਗਿਆ ਸੀ। ਇਸ ਫ਼ੈਸਲੇ ਨਾਲ ਇਲਾਕੇ ਦੇ ਬੱਚਿਆਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ, ਕਿਉਂਕਿ ਨੇੜੇ-ਤੇੜੇ ਕੋਈ ਵੱਡਾ ਸਕੂਲ ਨਹੀਂ ਬਚਿਆ ਸੀ।
ਉਨ੍ਹਾਂ ਕਿਹਾ ਕਿ ਸਿੱਖਿਆ ਹਰ ਬੱਚੇ ਦਾ ਮੁੱਢਲਾ ਅਧਿਕਾਰ ਹੈ ਅਤੇ ਇਸ ਕਮੀ ਨੂੰ ਪੂਰਾ ਕਰਨ ਲਈ ਨਗਰ ਨਿਗਮ ਹਾਊਸ ਕਮੇਟੀ ਨੇ ਇਹ ਮਤਾ ਪਾਸ ਕੀਤਾ ਹੈ। ਹਾਊਸ ਦੀ ਮੀਟਿੰਗ ਵਿਚ ਸਰਬਸੰਮਤੀ ਨਾਲ ਫ਼ੈਸਲਾ ਲਿਆ ਗਿਆ ਕਿ ਜ਼ਿਲ੍ਹਾ ਨਿਆਇਕ ਕੰਪਲੈਕਸ ਦੇ ਨਾਲ ਲੱਗਦੀ ਲੱਗਭਗ ਚਾਰ ਏਕੜ ਨਗਰ ਨਿਗਮ ਦੀ ਜ਼ਮੀਨ 'ਤੇ ਇਕ ਸਰਕਾਰੀ ਸਕੂਲ ਬਣਾਇਆ ਜਾਵੇਗਾ ਅਤੇ 1.1 ਏਕੜ ਜ਼ਮੀਨ 'ਤੇ ਇੱਕ ਜੰਗੀ ਯਾਦਗਾਰ ਬਣਾਈ ਜਾਵੇਗੀ।
ਉਨ੍ਹਾਂ ਕਿਹਾ ਕਿ ਉਕਤ ਜਗ੍ਹਾ ਪਿੰਡ ਬਜਵਾੜਾ ਦੇ ਨਾਲ ਲੱਗਦੀ ਹੈ ਅਤੇ ਇਥੇ ਸਰਕਾਰੀ ਸਕੂਲ ਖੁੱਲ੍ਹਣ ਨਾਲ ਬਜਵਾੜਾ ਅਤੇ ਨੇੜਲੇ ਪਿੰਡਾਂ ਦੇ ਬੱਚਿਆਂ ਨੂੰ ਸਿੱਖਿਆ ਦਾ ਇੱਕ ਨਵਾਂ ਕੇਂਦਰ ਮਿਲੇਗਾ। ਇਹ ਜ਼ਮੀਨ ਸਬੰਧਤ ਵਿਭਾਗਾਂ ਨੂੰ 33 ਸਾਲਾਂ ਲਈ ਲੀਜ਼ 'ਤੇ ਦਿੱਤੀ ਜਾਵੇਗੀ ਅਤੇ ਲੀਜ਼ ਦੀ ਰਕਮ ਕੀਮਤ ਅਤੇ ਕਿਰਾਇਆ ਨਿਰਧਾਰਨ ਕਮੇਟੀ ਦੁਆਰਾ ਨਿਰਧਾਰਿਤ ਨਿਯਮਾਂ ਅਨੁਸਾਰ ਤੈਅ ਕੀਤਾ ਜਾਵੇਗਾ।
ਜ਼ਿੰਪਾ ਨੇ ਕਿਹਾ ਕਿ ਇਹ ਜੰਗੀ ਯਾਦਗਾਰ ਸ਼ਹੀਦਾਂ ਦੀ ਅਮਰ ਗਾਥਾ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਅਤੇ ਨੌਜਵਾਨਾਂ ਵਿਚ ਦੇਸ਼ ਭਗਤੀ ਦੀ ਭਾਵਨਾ ਭਰਨ ਦਾ ਕੰਮ ਕਰੇਗੀ। ਦੂਜੇ ਪਾਸੇ ਸਰਕਾਰੀ ਸਕੂਲ ਦੇ ਨਿਰਮਾਣ ਨਾਲ ਗਰੀਬ ਅਤੇ ਮੱਧ ਵਰਗ ਦੇ ਪਰਿਵਾਰਾਂ ਦੇ ਬੱਚਿਆਂ ਨੂੰ ਨੇੜੇ-ਤੇੜੇ ਮਿਆਰੀ ਸਿੱਖਿਆ ਉਪਲਬੱਧ ਹੋਵੇਗੀ।
ਉਨ੍ਹਾਂ ਕਿਹਾ ਕਿ ਇਸ ਵੇਲੇ ਪਿੰਡ ਬਜਵਾੜਾ ਵਿਚ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੀ ਉਸਾਰੀ ਵੀ ਚੱਲ ਰਹੀ ਹੈ ਅਤੇ ਇਨ੍ਹਾਂ ਪ੍ਰੋਜੈਕਟਾਂ ਦੇ ਪੂਰਾ ਹੋਣ ਤੋਂ ਬਾਅਦ ਇਹ ਇਲਾਕਾ ਸਿੱਖਿਆ ਅਤੇ ਦੇਸ਼ ਭਗਤੀ ਦਾ ਇਕ ਮਹੱਤਵਪੂਰਨ ਕੇਂਦਰ ਬਣ ਜਾਵੇਗਾ।