
ਕਾਰਲ ਮਾਰਕਸ ਦੇ 206ਵੇਂ ਜਨਮ ਦਿਹਾੜੇ ਨੂੰ ਸਮਰਪਤ ਦੇਸ਼ ਭਗਤ ਯਾਦਗਾਰ ਹਾਲ 'ਚ ਵਿਚਾਰ-ਚਰਚਾ
ਜਲੰਧਰ - ਕਾਰਲ ਮਾਰਕਸ ਦੇ 206ਵੇਂ ਜਨਮ ਦਿਹਾੜੇ (5 ਮਈ 1818- 5 ਮਈ 2024) ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਦੇਸ਼ ਭਗਤ ਯਾਦਗਾਰ ਹਾਲ 'ਚ ਗੰਭੀਰ ਵਿਚਾਰ-ਚਰਚਾ ਕੀਤੀ ਗਈ। ਇਸ ਮੌਕੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ ਨੇ ਕਾਰਲ ਮਾਰਕਸ ਦੇ ਪ੍ਰੇਰਨਾਮਈ ਸੰਗਰਾਮੀ ਜੀਵਨ ਗਾਥਾ ਦੇ ਵਰਕੇ ਸਾਂਝੇ ਕਰਦਿਆਂ ਅੱਜ ਦੀ ਵਿਚਾਰ-ਚਰਚਾ ਦਾ ਮਹੱਤਵ 'ਤੇ ਰੌਸ਼ਨੀ ਪਾਈ।
ਜਲੰਧਰ - ਕਾਰਲ ਮਾਰਕਸ ਦੇ 206ਵੇਂ ਜਨਮ ਦਿਹਾੜੇ (5 ਮਈ 1818- 5 ਮਈ 2024) ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਦੇਸ਼ ਭਗਤ ਯਾਦਗਾਰ ਹਾਲ 'ਚ ਗੰਭੀਰ ਵਿਚਾਰ-ਚਰਚਾ ਕੀਤੀ ਗਈ। ਇਸ ਮੌਕੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ ਨੇ ਕਾਰਲ ਮਾਰਕਸ ਦੇ ਪ੍ਰੇਰਨਾਮਈ ਸੰਗਰਾਮੀ ਜੀਵਨ ਗਾਥਾ ਦੇ ਵਰਕੇ ਸਾਂਝੇ ਕਰਦਿਆਂ ਅੱਜ ਦੀ ਵਿਚਾਰ-ਚਰਚਾ ਦਾ ਮਹੱਤਵ 'ਤੇ ਰੌਸ਼ਨੀ ਪਾਈ।
ਵਿਚਾਰ-ਚਰਚਾ ਦੇ ਮੁੱਖ ਵਕਤਾ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਡਾ. ਪਰਮਿੰਦਰ ਨੇ 'ਅਜੋਕੀ ਸਮਾਜਿਕ ਸਥਿਤੀ 'ਚ ਮਾਰਕਸਵਾਦੀ ਪ੍ਰਸੰਗਕਤਾ ਅਤੇ ਦ੍ਰਿਸ਼ਟੀਕੋਨ' ਵਿਸ਼ੇ ਉਪਰ ਆਪਣਾ ਭਾਸ਼ਣ ਕੇਂਦਰਤ ਕੀਤਾ।
ਡਾ. ਪਰਮਿੰਦਰ ਨੇ ਕਿਹਾ ਕਿ ਦੁਨੀਆਂ ਅੰਦਰ ਭਾਰਤ ਗਿਣਨਯੋਗ ਅਹਿਮ ਖੇਤਰਾਂ 'ਚ ਪ੍ਰਥਮ ਸਥਾਨ 'ਤੇ ਸੀ। ਮੁੱਢਲੀ ਸਨਅਤ ਵੀ ਸੀ। ਮਨੁੱਖੀ ਹੱਥਾਂ ਲਈ ਕਿਰਤ ਅਤੇ ਰੁਜ਼ਗਾਰ ਦੇ ਬੇਸ਼ੁਮਾਰ ਮੌਕੇ ਸੀ। ਇਸ ਸੁਭਾਵਕ ਸਮਾਜਕ ਵਿਕਾਸ ਦੇ ਭਵਿੱਖ਼ੀ ਮਾਰਗ ਨੂੰ ਡੱਕਿਆ ਗਿਆ। ਸਨਅਤ ਦਾ ਗਲ਼ਾ ਘੁੱਟਿਆ ਗਿਆ।
ਉਨ੍ਹਾਂ ਕਿਹਾ ਕਿ ਕਿਸਾਨਾਂ ਮਜ਼ਦੂਰਾਂ ਨੂੰ ਉਜਾੜ ਕੇ, ਵਸੀਲੇ ਖੋਹ ਕੇ, ਪੂੰਜੀ ਦਾ ਕੁੱਝ ਹੱਥਾਂ ਵਿੱਚ ਇਕੱਤਰੀਕਰਨ ਕਰਕੇ ਭਾਰਤੀ ਸਮਾਜ ਦੇ ਵਿਕਾਸ ਦੀ ਸੰਘੀ ਘੁੱਟ ਕੇ, ਅੰਗਰੇਜ਼ ਸਾਮਰਾਜ ਨਾਲ ਜੁੜੀਆਂ ਵੱਡੀਆਂ ਜੋਕਾਂ ਨੂੰ ਲੋਕਾਂ ਦੀ ਰੱਤ ਸੜ੍ਹਾਕਣ ਦੇ ਮੌਕੇ ਦਿੱਤੇ। ਇਸ ਦਮ ਘੁੱਟਵੇਂ ਮਾਹੌਲ ਵਿੱਚ ਨਵੀਂ ਸੂਦਖ਼ੋਰ ਜਮਾਤ ਪੈਦਾ ਕੀਤੀ ਤਾਂ ਜੋ ਸਾਮਰਾਜਵਾਦ ਆਪਣੀਆਂ ਸੇਵਾਦਾਰ ਜਮਾਤਾਂ ਦੇ ਸਹਾਰੇ ਸਭ ਅਨਮੋਲ ਕੁਦਰਤੀ ਖਜ਼ਾਨੇ ਅਤੇ ਮਨੁੱਖੀ ਕਿਰਤ ਹੜੱਪ ਸਕੇ। ਇਹ ਸਿਲਸਿਲਾ ਅੱਜ ਤੱਕ ਜਾਰੀ ਹੈ।
ਡਾ. ਪਰਮਿੰਦਰ ਨੇ ਕਿਹਾ ਕਿ ਬਰਤਾਨਵੀ ਸਾਮਰਾਜ ਨੇ ਸਾਡੇ ਮੁਲਕ ਅੰਦਰ ਲਹਿਰਾਂ, ਰੇਲਵੇ ਦਾ ਜਾਲ ਵਿਛਾ ਕੇ, ਇਥੋਂ ਦੌਲਤ ਲੁੱਟ ਕੇ ਬਾਹਰ ਲਿਜਾਣ ਦਾ ਸੰਘਣਾ ਜਾਲ਼ ਵਿਛਾਇਆ। ਉਹਨਾਂ ਕਿਹਾ ਕਿ ਸਾਮਰਾਜ ਦੀ ਹੋਂਦ ਹੀ ਇਸ ਗੱਲ 'ਤੇ ਨਿਰਭਰ ਕਰਦੀ ਹੈ ਕਿ ਸਾਡੇ ਮੁਲਕ ਵਰਗੇ ਪਛੜੇ ਹੋਏ ਖਿੱਤੇ ਰਹਿਣ ਜਿੱਥੋਂ ਆਪਣੀ ਸਾਮਰਾਜੀ ਵਿਕਾਸ ਨੀਤੀ ਨੂੰ ਤੋਰਿਆ ਅਤੇ ਵਧਾਇਆ ਜਾ ਸਕੇ।
ਉਨ੍ਹਾਂ ਕਿਹਾ ਕਿ ਸਾਮਰਾਜ ਸਾਡੇ ਵਰਗੇ ਮੁਲਕਾਂ ਨੂੰ ਪੂਰਵ ਸਰਮਾਏਦਾਰੀ ਵਾਲੇ ਜਕੜਪੰਜੇ ਵਿੱਚ ਹੀ ਰੱਖਣਾ ਚਾਹੁੰਦਾ ਹੈ। ਇਸ ਲਈ ਸਾਮਰਾਜੀ ਗਲਬੇ ਨੂੰ ਵਗਾਹ ਮਾਰਕੇ ਜਮਹੂਰੀ ਨਿਜ਼ਾਮ ਸਿਰਜਣ ਲਈ ਲੋਕ ਸੰਗਰਾਮ ਬਹੁਤ ਹੀ ਲਾਜ਼ਮੀ ਹੈ। ਸਾਮਰਾਜੀ ਮੱਕੜ ਜਾਲ ਦੇ ਫਰੇਮ ਵਰਕ ਨੂੰ ਸਮਝਕੇ ਹੀ ਅਸੀਂ ਤਰਕ ਅਤੇ ਜਮਹੂਰੀ ਕਦਰਾਂ ਕੀਮਤਾਂ ਭਰੀ ਲਹਿਰ ਸਿਰਜ ਸਕਦੇ ਹਾਂ। ਉਹਨਾਂ ਕਿਹਾ ਕਿ ਸਾਮਰਾਜੀ ਧੌਂਸ ਨੂੰ ਭੰਨਣ ਲਈ ਪੁਰਾਤਨ ਪਿਛਾਂਹ ਖਿਚੂ ਸੰਗਲਾਂ ਨੂੰ ਵਗਾਹ ਮਾਰਨਾ ਜ਼ਰੂਰੀ ਹੈ।
ਪ੍ਰੋ. ਗੋਪਾਲ ਬੁੱਟਰ, ਡਾ. ਸੁਰਿੰਦਰ ਸਿੰਘ ਸਿੱਧੂ, ਡਾ. ਹਰਜਿੰਦਰ ਅਟਵਾਲ, ਨਸੀਬ ਚੰਦ ਬੱਬੀ, ਡਾ. ਸੈਲੇਸ਼, ਗੁਰਮੀਤ, ਜਗੀਰ ਸਿੰਘ ਅੰਮ੍ਰਿਤਸਰ, ਵਿਸ਼ਵ ਮਿੱਤਰ ਬੰਬੀ, ਪਰਮਜੀਤ ਕਲਸੀ, ਪਰਮਜੀਤ ਸਮਰਾਏ ਨੇ ਮਾਰਕਸਵਾਦ ਦੀ ਪ੍ਰਸੰਗਕਤਾ, ਜਾਤ ਅਤੇ ਜਮਾਤ ਦਾ ਸੁਆਲ, ਸਰਮਾਏਦਾਰੀ ਦੀ ਭਾਰਤ ਵਿੱਚ ਹਾਲਤ, ਸਿਆਸੀ ਪਾਰਟੀਆਂ ਦੀ ਅਜੋਕੀ ਹਾਲਤ ਆਦਿ ਮੁੱਦਿਆਂ 'ਤੇ ਸੁਆਲ ਕੀਤੇ।
ਡਾ. ਪਰਮਿੰਦਰ ਹੋਰਾਂ ਨੇ ਅੱਜ ਦੇ ਵਿਸ਼ੇ, ਦੇਸ਼ ਭਗਤ ਯਾਦਗਾਰ ਕਮੇਟੀ ਦੇ ਚੌਖਟੇ ਦੇ ਵਿੱਚ ਰਹਿੰਦਿਆਂ ਆਏ ਸੁਆਲਾਂ ਦੇ ਬਹੁਤ ਹੀ ਸਾਰਥਕ ਜਵਾਬ ਦਿੱਤੇ।
ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਕਿਹਾ ਕਿ ਵੱਡੇ ਇਕੱਠਾਂ ਦੀ ਬਿਨਾਂ ਸ਼ੱਕ ਆਪਣੀ ਮਹੱਤਤਾ ਹੈ ਪਰ ਗੰਭੀਰ ਚਿੰਤਨ, ਮੰਥਨ, ਇਤਿਹਾਸ, ਦਰਸ਼ਨ, ਮਹੱਤਵਪੂਰਨ ਮੁੱਦਿਆਂ, ਸਰਗਰਮੀਆਂ ਉਪਰ ਪੜਚੋਲਵੀਂ ਝਾਤ ਮਾਰਨ, ਲੋਕਾਂ ਦੇ ਪੱਖ ਤੋਂ ਬਦਲਾਵ ਭਰਿਆ ਚਿੰਤਨ ਸਿਰਜਣ ਲਈ ਅਜਿਹੀਆਂ ਵਿਚਾਰ ਗੋਸ਼ਟੀਆਂ ਦੀ ਵੀ ਬੇਹੱਦ ਲੋੜ ਹੈ। ਅਜੇਹਾ ਤੱਤ ਕੱਢਿਆ ਅੱਜ ਦੀ ਵਿਚਾਰ-ਚਰਚਾ ਨੇ।
ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਨੇ ਕਿਹਾ ਕਿ ਜਾਤ ਪਾਤ ਦੇ ਸੁਆਲ ਨੂੰ ਮੂਲੋਂ ਖ਼ਤਮ ਕਰਨ ਲਈ ਕੁੱਝ ਇੱਕ ਆਰਥਕ ਸਹੂਲਤਾਂ, ਧਰਮ ਪ੍ਰੀਵਰਤਨ, ਸਤਾ 'ਚ ਹਿੱਸੇਪੱਤੀ ਕਾਫ਼ੀ ਨਹੀਂ। ਇਸ ਗੁੰਝਲਦਾਰ ਸੁਆਲ ਦੇ ਹੱਲ ਲਈ ਜਮਾਤੀ ਜਦੋ ਜਹਿਦ ਜ਼ਰੂਰੀ ਹੈ। ਉਹਨਾਂ ਕਿਹਾ ਕਿ ਅਜੇਹੀਆਂ ਵਿਚਾਰ-ਚਰਚਾ ਉਲਝੇ ਸੁਆਲਾਂ ਨੂੰ ਸੁਲਝਾਉਣ ਲਈ ਸਾਰਥਕ ਸਾਬਤ ਹੋਣਗੀਆਂ ਅਤੇ ਇਹ ਸਿਲਸਿਲਾ ਜਾਰੀ ਰੱਖਣ ਲਈ ਕਮੇਟੀ ਸਦਾ ਯਤਨਸ਼ੀਲ ਰਹੇਗੀ।
ਇਸ ਮੌਕੇ ਵਿੱਤ ਸਕੱਤਰ ਸੀਤਲ ਸਿੰਘ ਸੰਘਾ, ਕਮੇਟੀ ਮੈਂਬਰ ਰਣਜੀਤ ਸਿੰਘ ਔਲਖ, ਸੁਰਿੰਦਰ ਕੁਮਾਰੀ ਕੋਛੜ, ਗੁਰਮੀਤ, ਡਾ. ਗੋਪਾਲ ਬੁੱਟਰ, ਵਿਜੈ ਬੰਬੇਲੀ, ਡਾ. ਸੈਲੇਸ਼, ਹਰਮੇਸ਼ ਮਾਲੜੀ, ਬਲਬੀਰ ਕੌਰ ਬੁੰਡਾਲਾ ਹਾਜ਼ਰ ਸਨ।
ਵਿਚਾਰ-ਚਰਚਾ ਮੌਕੇ ਮੰਚ ਸੰਚਾਲਨ ਦੀ ਭੂਮਿਕਾ ਕਮੇਟੀ ਦੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਅਦਾ ਕੀਤੀ।
