ਚੋਣ ਨਤੀਜਿਆਂ ਦੇ ਨਾਲ ਚੋਣ ਪ੍ਰਚਾਰ ਦੀ ਕਮਾਨ ਸੰਭਾਲਣ ਵਾਲੇ ਸਿਆਸੀ ਆਗੂਆਂ ਦਾ ਵਕਾਰ ਵੀ ਲੱਗਿਆ ਦਾਅ ਤੇ

ਐਸ ਏ ਐਸ ਨਗਰ, 3 ਜੂਨ - ਲੋਕਸਭਾ ਚੋਣਾਂ ਦੇ ਭਲਕੇ 4 ਜੂਨ ਨੂੰ ਆ ਰਹੇ ਨਤੀਜਿਆਂ ਬਾਰੇ ਦੇਸ਼ ਭਰ ਵਿੱਚ ਕਿਆਸ ਅਰਾਈਆਂ ਦਾ ਦੌਰ ਚਲ ਰਿਹਾ ਹੈ ਅਤੇ ਇਸਦੇ ਨਾਲ ਹੀ ਸਿਆਸੀ ਆਗੂਆਂ ਦੀਆਂ ਗਿਣਤੀਆਂ ਮਿਣਤੀਆਂ ਜੋਰ ਫੜ ਰਹੀਆਂ ਹਨ। ਸਾਡੇ ਹਲਕੇ ਦੀ ਗੱਲ ਕਰੀਏ ਤਾਂ ਇਹਨਾਂ ਚੋਣਾਂ ਦੌਰਾਨ ਮੁਹਾਲੀ ਵਿਧਾਨਸਭਾ ਹਲਕੇ ਵਿੱਚ 60.16 ਫੀਸਦੀ ਵੋਟਿੰਗ ਹੋਈ ਹੈ ਅਤੇ ਹਲਕੇ ਦੇ ਕੁਲ 1,40,287 ਵੋਟਰਾਂ ਵਲੋਂ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਗਈ ਹੈ। ਇਹਨਾਂ ਵਿੱਚੋਂ 75490 ਮਰਦ, 64774 ਔਰਤਾਂ ਅਤੇ 3 ਟ੍ਰਾਂਸਜੈਂਡਰ ਵੋਟਰ ਹਨ।

ਐਸ ਏ ਐਸ ਨਗਰ, 3 ਜੂਨ - ਲੋਕਸਭਾ ਚੋਣਾਂ ਦੇ ਭਲਕੇ 4 ਜੂਨ ਨੂੰ ਆ ਰਹੇ ਨਤੀਜਿਆਂ ਬਾਰੇ ਦੇਸ਼ ਭਰ ਵਿੱਚ ਕਿਆਸ ਅਰਾਈਆਂ ਦਾ ਦੌਰ ਚਲ ਰਿਹਾ ਹੈ ਅਤੇ ਇਸਦੇ ਨਾਲ ਹੀ ਸਿਆਸੀ ਆਗੂਆਂ ਦੀਆਂ ਗਿਣਤੀਆਂ ਮਿਣਤੀਆਂ ਜੋਰ ਫੜ ਰਹੀਆਂ ਹਨ। ਸਾਡੇ ਹਲਕੇ ਦੀ ਗੱਲ ਕਰੀਏ ਤਾਂ ਇਹਨਾਂ ਚੋਣਾਂ ਦੌਰਾਨ ਮੁਹਾਲੀ ਵਿਧਾਨਸਭਾ ਹਲਕੇ ਵਿੱਚ 60.16 ਫੀਸਦੀ ਵੋਟਿੰਗ ਹੋਈ ਹੈ ਅਤੇ ਹਲਕੇ ਦੇ ਕੁਲ 1,40,287 ਵੋਟਰਾਂ ਵਲੋਂ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਗਈ ਹੈ। ਇਹਨਾਂ ਵਿੱਚੋਂ 75490 ਮਰਦ, 64774 ਔਰਤਾਂ ਅਤੇ 3 ਟ੍ਰਾਂਸਜੈਂਡਰ ਵੋਟਰ ਹਨ।
ਇਹਨਾਂ ਚੋਣਾਂ ਦੇ ਨਤੀਜਿਆਂ ਦੇ ਨਾਲ ਹੀ ਹਲਕੇ ਵਿੱਚ ਵਿਚਰਦੇ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਦਾ ਵਕਾਰ ਵੀ ਦਾਅ ਤੇ ਲੱਗਿਆ ਦਿਖ ਰਿਹਾ ਹੈ। ਹਲਕਾ ਆਨੰਦਪੁਰ ਸਾਹਿਬ ਤੋਂ ਚੋਣ ਲੜ ਰਹੇ ਵੱਖ ਵੱਖ ਉਮੀਦਵਾਰਾਂ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਵਿੱਚੋਂ ਮੁੱਖ ਮੁਕਾਬਲੇ ਵਿੱਚ ਦਿਖਦੇ ਉਮੀਦਵਾਰਾਂ ਦਾ ਚੋਣ ਪ੍ਰਚਾਰ ਸੰਭਾਲਣ ਵਾਲੇ ਪ੍ਰਮੁਖ ਆਗੂਆਂ ਤੇ ਵੀ ਇਹਨਾਂ ਨਤੀਜਿਆਂ ਦਾ ਵੱਡਾ ਅਸਰ ਪੈਣਾ ਹੈ।
ਕਾਂਗਰਸ ਪਾਰਟੀ ਦੀ ਗੱਲ ਕਰੀਏ ਤਾਂ ਕਾਂਗਰਸੀ ਉਮੀਦਵਾਰ ਵਿਜੈ ਸਿੰਗਲਾ ਦੇ ਚੋਣ ਦੀ ਮੁੱਖ ਕਮਾਨ ਸਾਬਕਾ ਮੰਤਰੀ ਸ੍ਰੀ ਬਲਬੀਰ ਸਿੰਘ ਸਿੱਧੂ ਦੇ ਹਵਾਲੇ ਸੀ। ਹਾਲਾਕਿ ਇਸ ਦੌਰਾਨ ਭਾਵੇਂ ਕਾਂਗਰਸੀ ਆਗੂਆਂ ਦਾ ਵੱਖਰਾ ਧੜਾ ਸ੍ਰੀ ਸਿੱਧੂ ਤੋਂ ਵੱਖ ਹੋ ਕੇ ਚੋਣ ਪ੍ਰਚਾਰ ਕਰ ਰਿਹਾ ਸੀ ਅਤੇ ਸ੍ਰੀ ਸਿੰਗਲਾ ਦੇ ਪਰਿਵਾਰਕ ਮੈਂਬਰ ਵੀ ਚੋਣ ਪ੍ਰਚਾਰ ਵਿੱਚ ਜੁਟੇ ਹੋਏ ਸਨ ਪਰੰਤੂ ਕਿਹਾ ਜਾ ਸਕਦਾ ਹੈ ਕਿ ਹਲਕੇ ਵਿੱਚ ਕਾਂਗਰਸ ਦੀ ਜਿੱਤ ਹਾਰ ਦੀ ਜਿੰਮੇਵਾਰੀ ਸ੍ਰੀ ਸਿੱਧੂ ਤੇ ਹੀ ਆਉਣੀ ਹੈ।
ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਪਾਰਟੀ ਉਮੀਦਵਾਰ ਸ੍ਰੀ ਮਾਲਵਿੰਦਰ ਸਿੰਘ ਕੰਗ ਦੇ ਚੋਣ ਪ੍ਰਚਾਰ ਦੀ ਪੂਰੀ ਜਿੰਮੇਵਾਰੀ ਹਲਕਾ ਵਿਧਾਇਕ ਸ੍ਰੀ ਕੁਲਵੰਤ ਸਿੰਘ ਦੇ ਮੋਢਿਆਂ ਤੇ ਸੀ ਅਤੇ ਜਾਹਿਰ ਹੈ ਕਿ ਸ੍ਰੀ ਕੰਗ ਨੂੰ ਮਿਲਣ ਵਾਲੀਆਂ ਵੱਧ ਜਾਂ ਘੱਟ ਵੋਟਾਂ ਦੀ ਜਿੰਮੇਵਾਰੀ ਵੀ ਸ੍ਰੀ ਕੁਲਵੰਤ ਸਿੰਘ ਦੇ ਸਿਰ ਹੀ ਆਉਣੀ ਹੈ।
ਭਾਰਤੀ ਜਨਤਾ ਪਾਰਟੀ ਵਲੋਂ ਚੋਣ ਮੈਦਾਨ ਵਿੱਚ ਉਤਰੇ ਸ੍ਰੀ ਸੁਭਾਸ਼ ਸ਼ਰਮਾ ਦੇ ਮੁਹਾਲੀ ਹਲਕੇ ਵਿੱਚ ਚੋਣ ਪ੍ਰਚਾਰ ਦੀ ਮੁਕੰਮਲ ਜਿੰਮੇਵਾਰੀ ਭਾਜਪਾ ਦੇ ਜਿਲ੍ਹਾ ਪ੍ਰਧਾਨ ਸੰਜੀਵ ਵਸ਼ਿਸ਼ਠ ਵਲੋਂ ਹੀ ਸੰਭਾਲੀ ਗਈ ਸੀ ਅਤੇ ਜਾਹਿਰ ਤੌਰ ਤੇ ਹਲਕੇ ਵਿਚ ਭਾਰਤੀ ਜਨਤਾ ਪਾਰਟੀ ਨੂੰ ਮਿਲਣ ਵਾਲੀਆਂ ਵੋਟਾਂ ਦਾ ਸਿਹਰਾ ਵੀ ਉਹਨਾਂ ਨੂੰ ਹੀ ਮਿਲਣਾ ਹੈ। ਇਸ ਸੰਬੰਧੀ ਭਾਜਪਾ ਦੇ ਜਿਆਦਾਤਰ ਆਗੂ ਮੰਨਦੇ ਹਨ ਕਿ ਚੋਣਾਂ ਦੌਰਾਨ ਸ੍ਰੀ ਵਸ਼ਿਸ਼ਠ ਵਲੋਂ ਜਿਸ ਤਰੀਕੇ ਨਾਲ ਜਮੀਨੀ ਪੱਧਰ ਤੇ ਕੰਮ ਕੀਤਾ ਗਿਆ ਹੈ ਉਸਨੂੰ ਵੇਖਦਿਆਂ ਪਾਰਟੀ ਦਾ ਪ੍ਰਦਰਸ਼ਨ ਪਿਛਲੀ ਵਾਰ (ਵਿਧਾਨਸਭਾ ਚੋਣਾਂ) ਤੋਂ ਕਾਫੀ ਬਿਹਤਰ ਹੋਣ ਦੀ ਆਸ ਹੈ ਜਿਸਦਾ ਸ੍ਰੀ ਵਸ਼ਿਸ਼ਠ ਨੂੰ ਸਿਆਸੀ ਫਾਇਦਾ ਵੀ ਮਿਲਣਾ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਵਲੋਂ ਭਾਵੇਂ ਖੁਦ ਹੀ ਪਾਰਟੀ ਪ੍ਰਚਾਰ ਦੀ ਕਮਾਨ ਸੰਭਾਲੀ ਗਈ ਸੀ ਪਰੰਤੂ ਉਹਨਾਂ ਦੇ ਚੋਣ ਪ੍ਰਚਾਰ ਦੌਰਾਨ ਹਲਕਾ ਇੰਚਾਰਜ ਸ੍ਰੀ ਪਰਵਿੰਦਰ ਸਿੰਘ ਸੋਹਾਣਾ ਦਾ ਵੀ ਅਹਿਮ ਰੋਲ ਸੀ। ਇਸ ਦੌਰਾਨ ਜਿੱਥੇ ਪਿੰਡਾਂ ਦੀ ਪੂਰੀ ਜਿੰਮੇਵਾਰੀ ਸ੍ਰੀ ਸੋਹਾਣਾ ਨੂੰ ਸੰਭਾਲੀ ਗਈ ਸੀ ਉੱਥੇ ਸ਼ਹਿਰੀ ਖੇਤਰ ਵਿੱਚ ਉਹਨਾਂ ਦੇ ਨਾਲ ਪਾਰਟੀ ਦੇ ਕਈ ਆਗੂ ਅਤੇ ਖੁਦ ਸ੍ਰੀ ਚੰਦੂਮਾਜਰਾ ਦਾ ਪਰਿਵਾਰ ਵੀ ਚੋਣ ਪ੍ਰਚਾਰ ਦੀ ਕਮਾਨ ਸੰੰਭਾਲ ਰਿਹਾ ਸੀ। ਇਸਦੇ ਬਾਵਜੂਦ ਹਲਕੇ ਵਿੱਚ ਪਾਰਟੀ ਦੇ ਖਾਤੇ ਪੈਣ ਵਾਲੀਆਂ ਵੋਟਾਂ ਦਾ ਅਸਰ ਸ੍ਰੀ ਪਰਵਿੰਦਰ ਸਿੰਘ ਸੋਹਾਣਾ ਤੇ ਹੀ ਪੈਣਾ ਹੈ।
ਇਹਨਾਂ ਚਾਰ ਮੁੱਖ ਉਮੀਦਵਾਰਾਂ ਤੋਂ ਇਲਾਵਾ ਹੋਰ ਵੀ ਉਮੀਦਵਾਰ ਹਨ ਜਿਹਨਾਂ ਦੇ ਸਮਰਥਕਾਂ ਵਲੋਂ ਆਪਣੋ ਆਪਣੇ ਉਮੀਦਵਾਰਾਂ ਦਾ ਪ੍ਰਚਾਰ ਕੀਤਾ ਗਿਆ ਹੈ ਪਰੰਤੂ ਉਹਨਾਂ ਉਮੀਦਵਾਰਾਂ ਦੇ ਮੁੱਖ ਮੁਕਾਬਲੇ ਵਿੱਚ ਨਾ ਹੋਣ ਕਾਰਨ ਉਹਨਾਂ ਦੇ ਸਮਰਥਕ ਆਗੂਆਂ ਨੂੰ ਕੋਈ ਖਾਸ ਫਰਕ ਨਹੀਂ ਪੈਣਾ।
ਵੇਖਣਾ ਇਹ ਹੈ ਕਿ ਲੋਕਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਹਲਕੇ ਦੇ ਇਹਨਾਂ ਆਗੂਆਂ ਨੂੰ ਸਿਆਸੀ ਤੌਰ ਤੇ ਕਿੰਨਾ ਕੁੁ ਨਫਾ ਨੁਕਸਾਨ ਹੁੰਦਾ ਹੈ।