
ਕਵਿੱਤਰੀ ਛਿੰਦਰ ਕੌਰ ਸਿਰਸਾ ਦੀ ਪੁਸਤਕ "ਭਰ ਜੋਬਨ ਬੰਦਗੀ" ਲੋਕ ਅਰਪਣ ਕੀਤੀ
ਨਵਾਂਸ਼ਹਿਰ - ਕਲਮਾਂ ਦੀ ਸਾਂਝ ਸਾਹਿਤ ਸਭਾ ਟੋਰਾਂਟੋ ਵਲੋਂ ਇਕ ਸਾਹਿਤਕ ਸਮਾਗਮ ਕਰਵਾਇਆ ਗਿਆ ਜਿਸ ਵਿਚ ਪੰਜਾਬੀ ਦੀ ਪ੍ਰਸਿੱਧ ਕਵਿੱਤਰੀ ਛਿੰਦਰ ਕੌਰ ਸਿਰਸਾ ਦਾ ਨਵਾਂ ਕਾਵਿ-ਸੰਗ੍ਰਹਿ ‘ਭਰ ਜੋਬਨ ਬੰਦਗੀ’ ਲੋਕ ਅਰਪਣ ਕੀਤਾ ਗਿਆ। ਉਪਰੰਤ ਕਿਤਾਬ ’ਤੇ ਪੇਪਰ ਪੜ੍ਹੇ ਗਏ। ਸਭ ਤੋਂ ਪਹਿਲਾਂ ਪਿਆਰਾ ਸਿੰਘ ਕੁੱਦੋਵਾਲ ਨੇ ਕਿਤਾਬ ਬਾਰੇ ਗੱਲ ਕਰਦਿਆਂ ਕਿਹਾ ਕਿ ਇਹ ਬਿਰਹਾ ਦੀ ਸ਼ਾਇਰੀ ਹੈ।
ਨਵਾਂਸ਼ਹਿਰ - ਕਲਮਾਂ ਦੀ ਸਾਂਝ ਸਾਹਿਤ ਸਭਾ ਟੋਰਾਂਟੋ ਵਲੋਂ ਇਕ ਸਾਹਿਤਕ ਸਮਾਗਮ ਕਰਵਾਇਆ ਗਿਆ ਜਿਸ ਵਿਚ ਪੰਜਾਬੀ ਦੀ ਪ੍ਰਸਿੱਧ ਕਵਿੱਤਰੀ ਛਿੰਦਰ ਕੌਰ ਸਿਰਸਾ ਦਾ ਨਵਾਂ ਕਾਵਿ-ਸੰਗ੍ਰਹਿ ‘ਭਰ ਜੋਬਨ ਬੰਦਗੀ’ ਲੋਕ ਅਰਪਣ ਕੀਤਾ ਗਿਆ। ਉਪਰੰਤ ਕਿਤਾਬ ’ਤੇ ਪੇਪਰ ਪੜ੍ਹੇ ਗਏ। ਸਭ ਤੋਂ ਪਹਿਲਾਂ ਪਿਆਰਾ ਸਿੰਘ ਕੁੱਦੋਵਾਲ ਨੇ ਕਿਤਾਬ ਬਾਰੇ ਗੱਲ ਕਰਦਿਆਂ ਕਿਹਾ ਕਿ ਇਹ ਬਿਰਹਾ ਦੀ ਸ਼ਾਇਰੀ ਹੈ। ਕਬੀਰ ਤੇ ਬਾਬਾ ਫਰੀਦ ਦੇ ਹਵਾਲੇ ਨਾਲ ਉਹਨਾਂ ਬਿਰਹਾ ਦੇ ਵੱਖ ਵੱਖ ਰੂਪਾਂ ਬਾਰੇ ਗੱਲ ਕੀਤੀ। ਸ਼ਾਇਰ ਮਲਵਿੰਦਰ ਨੇ ਸਿਰਸਾ ਦੀ ਸ਼ਾਇਰੀ ਬਾਰੇ ਗੱਲ ਕਰਦਿਆਂ ਕਿਹਾ ਕਿ ਇਹ ਗਹਿਰੇ ਤੇ ਹੰਢੇ ਹੋਏ ਅਨੁਭਵ ਦੀ ਸ਼ਾਇਰੀ ਹੈ ਜਿਸ ਵਿਚ ਕਾਵਿਕਤਾ ਮੌਜੂਦ ਹੈ। ਪੂਰਨ ਸਿੰਘ ਪਾਂਧੀ ਨੇ ਛਿੰਦਰ ਕੌਰ ਦੀ ਸ਼ਾਇਰੀ ਦੇ ਹਵਾਲੇ ਨਾਲ ਕਵਿਤਾ ਦੇ ਗੁਣਾਂ ਦੀ ਗੱਲ ਕੀਤੀ। ਜਗੀਰ ਸਿੰਘ ਕਾਹਲੋਂ ਨੇ ਛਿੰਦਰ ਕੌਰ ਸਿਰਸਾ ਦੀ ਸ਼ਾਇਰੀ ਦੇ ਨਾਲ ਨਾਲ ਉਸਦੀਆਂ ਹੋਰ ਕਲਾਤਮਕ ਰੁਚੀਆਂ ਬਾਰੇ ਵੀ ਗੱਲ ਕੀਤੀ। ਆਪਣੀ ਰਚਣ-ਪ੍ਰਕ੍ਰਿਆ ਬਾਰੇ ਗੱਲ ਕਰਦਿਆਂ ਛਿੰਦਰ ਕੌਰ ਨੇ ਕਿਹਾ ਕਿ ਉਸਦੇ ਪਿਤਾ ਦਾ ਦੁਨੀਆਂ ਤੋਂ ਅਕਸਮਾਤ ਚਲੇ ਜਾਣਾ ਅਤੇ ਉਸਦੇ ਦੋਵਾਂ ਬੱਚਿਆਂ ਦਾ ਕੈਨੇਡਾ ਪੜਨ ਆਉਣਾ ਉਸਦੇ ਅੰਦਰ ਇਕ ਉਦਾਸੀ ਭਰ ਗਿਆ, ਜੋ ਕਿ ਕਵਿਤਾ ਦੇ ਰੂਪ ਵਿਚ ਪ੍ਰਗਟ ਹੋਇਆ ਹੈ। ਉਸਨੇ ਆਪਣੀ ਜ਼ਿੰਦਗੀ ਬਾਰੇ ਹੋਰ ਵੀ ਬਹੁਤ ਭਾਵਪੂਰਤ ਗੱਲਾਂ ਕੀਤੀਆਂ ਅਤੇ ਆਪਣੀਆਂ ਚੋਣਵੀਆਂ ਨਜ਼ਮਾਂ ਵੀ ਸਾਂਝੀਆਂ ਕੀਤੀਆਂ। ਦੂਜੀ ਮਹਿਮਾਨ ਸ਼ਾਇਰਾ ਕੈਲਗਰੀ ਵਸਦੀ ਗੁਰਦੀਸ਼ ਕੌਰ ਗਰੇਵਾਲ ਨੇ ਵੀ ਆਪਣੇ ਬਾਰੇ ਬੋਲਦਿਆਂ ਆਖਿਆ ਕਿ ਉਨ੍ਹਾਂ ਨੇ ਕਵਿਤਾ ਦੇ ਨਾਲ ਨਾਲ ਬੱਚਿਆਂ ਤੇ ਵੀ ਇਕ ਕਿਤਾਬ ਲਿਖੀ ਜੋ ਕਿ ਉਹ ਨਾਲ ਲੈ ਕੇ ਆਏ ਸਨ। ਦੂਜੇ ਸ਼ੈਸ਼ਨ ਦੌਰਾਨ ਹੋਏ ਕਵੀ ਦਰਬਾਰ ਵਿਚ ਹਾਜ਼ਰ ਕਵੀਆਂ ਨੇ ਆਪਣੀਆਂ ਰਚਨਾਵਾਂ ਸਾਂਝੀਆਂ ਕੀਤੀਆਂ। ਇਸ ਸਮਾਗਮ ਵਿਚ ਮਲੂਕ ਸਿੰਘ ਕਾਹਲੋਂ, ਕਰਨ ਕਵੀ ਸੰਘਾ, ਮਕਸੂਦ ਚੌਧਰੀ, ਜਗੀਰ ਸਿੰਘ ਕਾਹਲੋਂ, ਸਰਬਜੀਤ ਕਾਹਲੋਂ, ਰਮਿੰਦਰ ਵਾਲੀਆ, ਕੁਲ ਦੀਪ, ਸ਼ਾਇਰ ਮਲਵਿੰਦਰ, ਨਾਮਧਾਰੀ ਸੰਸਥਾ ਦੇ ਪ੍ਰਧਾਨ ਕਰਨੈਲ ਸਿੰਘ ਮਰਵਾਹਾ, ਸੁਜਾਨ ਸਿੰਘ ਸੁਜਾਨ, ਪੂਰਨ ਸਿੰਘ ਪਾਂਧੀ, ਕੈਲੀਫੋਰਨੀਆਂ ਤੋਂ ਵਿਸ਼ੇਸ਼ ਤੌਰ ਤੇ ਆਏ ਸ. ਸਤਿਨਾਮ ਸਿੰਘ, ਹਰਜਿੰਦਰ ਸਿੰਘ ਭਸੀਨ, ਰਿੰਟੂ ਭਾਟੀਆ, ਹਰਪਾਲ ਸਿੰਘ ਭਾਟੀਆ, ਹਰਭਜਨ ਸਿੰਘ ਰਾਠੌਰ ਅਤੇ ਉਨ੍ਹਾਂ ਦੀ ਸੁਪਤਨੀ ਗੁਰਮੀਤ ਰਾਠੌਰ, ਅਕਰਮ ਧੂਰਕੋਟ , ਬਲਰਾਜ ਸਿੰਘ, ਸੋਹਣ ਸਿੰਘ , ਬਚਿੱਤਰ ਸਿੰਘ ਸੁਖਵਿੰਦਰ ਸਿੰਘ ਝੀਤਾ ਤੇ ਸਰਬਤ ਝੀਤਾ ਪਰਿਵਾਰ ਹਾਜ਼ਿਰ ਸਨ। ਗੁਰਚਰਨ ਸਿੰਘ ਡੁਬਈ ਵਾਲਿਆਂ ਨੇ ਆਏ ਮਹਿਮਾਨਾਂ ਨੂੰ ਜੀਅ ਆਇਆਂ ਕਿਹਾ ਅਤੇ ਮਰਵਾਹਾ ਸਾਹਿਬ ਨੇ ਸਭ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਦੀ ਜੁਮੇਵਾਰੀ ਹਰਦਿਆਲ ਸਿੰਘ ਝੀਤਾ ਅਤੇ ਪਿਆਰਾ ਸਿੰਘ ਕੁੱਦੋਵਾਲ ਨੇ ਸਾਂਝੇ ਤੌਰ ਤੇ ਨਿਭਾਈ। ਚਾਹ ਪਾਣੀ ਅਤੇ ਪੀਜ਼ੇ ਦਾ ਲੰਗਰ ਅਟੁੱਟ ਵਰਤਿਆ। ਇਸ ਤਰ੍ਹਾਂ ਇਹ ਸਮਾਗਮ ਸਫਲਤਾ ਸਹਿਤ ਸੰਪੰਨ ਹੋਇਆ।
