ਨਿੱਕੀਆਂ ਕਰੂੰਬਲਾਂ ਨੇ ਨਵੇਂ ਕਲਾਕਾਰਾਂ ਵਾਸਤੇ 'ਟੈਲੈਂਟ ਸਾਂਝ' ਪਲੇਟਫਾਰਮ ਸ਼ੁਰੂ ਕੀਤਾ
ਮਾਹਿਲਪੁਰ- ਇੰਡੀਆ ਬੁੱਕ ਆਫ ਰਿਕਾਰਡਸ ਵਿਚ ਦਰਜ ਪੰਜਾਬੀ ਦੇ ਇੱਕੋ ਇੱਕ ਬਾਲ ਰਸਾਲੇ ਨਿੱਕੀਆਂ ਕਰੂੰਬਲਾਂ ਵੱਲੋਂ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਭਿੰਨ ਭਿੰਨ ਪ੍ਰਕਾਰ ਦੀਆਂ ਗਤੀਵਿਧੀਆਂ ਦਾ ਆਯੋਜਨ ਕੀਤਾ ਜਾਂਦਾ ਹੈ। ਹੁਣ ਇੱਕ ਹੋਰ ਨਿਵੇਕਲੇ ਉਪਰਾਲੇ ਤਹਿਤ ਪਿੰਡਾਂ ਵਿੱਚ ਵੱਸਦੇ ਅਣਗੌਲੇ ਕਲਾਕਾਰਾਂ ਦੀ ਤਰੱਕੀ ਵਾਸਤੇ ਨਿੱਕੀਆਂ ਕਰੂੰਬਲਾਂ ਵੱਲੋਂ ਇੰਸਟਾਗਰਾਮ ਤੇ ਆਨਲਾਈਨ ਟੈਲੈਂਟ ਸਾਂਝ ਪ੍ਰੋਗਰਾਮ ਦਾ ਆਰੰਭ ਕੀਤਾ ਹੈ।

ਇਸ ਦਾ ਆਰੰਭ ਕਰਨ ਮੌਕੇ ਕਾਮਾਗਾਟਾਮਾਰੂ ਲਾਇਬਰੇਰੀ ਕੈਮਲੂਪਸ ਕੈਨੇਡਾ ਦੇ ਸੰਚਾਲਕ ਚੈਂਚਲ ਸਿੰਘ ਬੈਂਸ ,ਸਿੱਖਿਆ ਅਧਿਕਾਰੀ ਬੱਗਾ ਸਿੰਘ ਆਰਟਿਸਟ , ਪ੍ਰਮੋਟਰ ਸੋਹਣ ਸਿੰਘ ਮਾਨ, ਸੁਖਮਨ ਸਿੰਘ ਅਤੇ ਸ਼੍ਰੋਮਣੀ ਬਾਲ ਸਾਹਿਤ ਲੇਖਕ ਬਲਜਿੰਦਰ ਮਾਨ ਸ਼ਾਮਿਲ ਹੋਏ। ਇਸ ਮੌਕੇ ਬਲਜਿੰਦਰ ਮਾਨ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਨਿੱਕੀਆਂ ਕਰੂੰਬਲਾਂ ਦੇ ਕਲਾਕਾਰ ਸੁਖਮਨ ਸਿੰਘ ਸਾਹਿਤ, ਕਲਾ, ਸੱਭਿਆਚਾਰ ਅਤੇ ਆਨਲਾਈਨ ਗਤੀਵਿਧੀਆਂ ਵਿੱਚ ਸਰਗਰਮ ਭੂਮਿਕਾ ਅਦਾ ਕਰ ਰਹੇ ਹਨ। ਉਨ੍ਹਾਂ ਦੇ ਨਰੋਏ ਯਤਨਾਂ ਸਦਕਾ ਨਿੱਕੀਆਂ ਕਰੂੰਬਲਾਂ ਦੀ ਸਰਪ੍ਰਸਤੀ ਹੇਠ 'ਟੈਲੈਂਟ ਸਾਂਝ' ਨਾਮੀ ਪਲੇਟਫਾਰਮ ਨਵੇਂ ਕਲਾਕਾਰਾਂ ਨੂੰ ਪ੍ਰਦਾਨ ਕੀਤਾ ਗਿਆ ਹੈ।
ਜਿਸ ਰਾਹੀਂ ਉਭਰਦੇ ਕਲਾਕਾਰਾਂ ਨੂੰ ਆਪਣੀ ਕਲਾ ਦੇ ਪ੍ਰਦਰਸ਼ਨ ਦਾ ਸ਼ਾਨਦਾਰ ਮੌਕਾ ਮਿਲੇਗਾ ਅਤੇ ਇਹ ਪਲੇਟਫਾਰਮ ਉਹਨਾਂ ਦੀ ਕਲਾ ਨੂੰ ਦੇਸ਼ ਦੁਨੀਆਂ ਤੱਕ ਪਹੁੰਚਾਉਣ ਦਾ ਜ਼ਰੀਆ ਵੀ ਬਣੇਗਾ। ਇਸ ਰਾਹੀਂ ਭੁੱਲੀਆਂ ਵਿਸਰੀਆਂ ਕਲਾਵਾਂ ਨੂੰ ਵੀ ਮੁੜ ਤੋਂ ਸੁਰਜੀਤ ਕਰਨ ਦਾ ਵੀ ਯਤਨ ਕੀਤਾ ਜਾ ਰਿਹਾ ਹੈ। ਉਹਨਾਂ ਅੱਗੇ ਕਿਹਾ ਕਿ ਟੈਲੈਂਟ ਸਾਂਝ ਪਲੇਟਫਾਰਮ ਦੇ ਪੈਟਰਨ ਬੀਬੀ ਰਣਦੀਪ ਕੌਰ, ਕ੍ਰੀਏਟਿਵ ਹੈੱਡ ਸਚਿਨ ਸ਼ਰਮਾ ਅਤੇ ਐਗਜੈਕਟਿਵ ਹੈੱਡ ਸੁਖਮਨ ਸਿੰਘ ਹਨ। ਉਨਾਂ ਦੇਸ਼ ਵਿਦੇਸ਼ ਵਿੱਚ ਵੱਸਦੇ ਅਣਗੌਲੇ ਕਲਾਕਾਰਾਂ ਨੂੰ ਟੈਲੈਂਟ ਸਾਂਝ ਆਨਲਾਈਨ ਪਲੇਟਫਾਰਮ ਤੇ ਜੁੜਨ ਦੀ ਅਪੀਲ ਕੀਤੀ ਤਾਂ ਕਿ ਉਹਨਾਂ ਦੀ ਕਲਾ ਪ੍ਰਫੁੱਲਤ ਹੋ ਸਕੇ।
ਇਸ ਮੌਕੇ ਨਿਧੀ ਅਮਨ ਸਹੋਤਾ, ਕੁਲਦੀਪ ਕੌਰ ਬੈਂਸ, ਹਰਮਨਪ੍ਰੀਤ ਕੌਰ, ਹਰਵੀਰ ਮਾਨ, ਪ੍ਰਿੰ. ਮਨਜੀਤ ਕੌਰ, ਪਵਨ ਸਕਰੂਲੀ ,ਮਨਜਿੰਦਰ ਹੀਰ ਤੋਂ ਇਲਾਵਾ ਨਵੇਂ ਕਲਾਕਾਰ, ਕਲਾ ਪ੍ਰੇਮੀ, ਸੁਰ ਸੰਗਮ ਵਿੱਦਿਅਕ ਟਰੱਸਟ ਦੇ ਮੈਂਬਰ ਅਤੇ ਨਿੱਕੀਆਂ ਕਰੂੰਬਲਾਂ ਪਾਠਕ ਮੰਚ ਦੇ ਮੈਂਬਰ ਹਾਜ਼ਰ ਹੋਏ। ਸਭ ਦਾ ਧੰਨਵਾਦ ਕਰਦਿਆਂ ਚੈਂਚਲ ਸਿੰਘ ਬੈਂਸ ਨੇ ਕਿਹਾ ਕਿ ਨਿੱਕੀਆਂ ਕਰੂੰਬਲਾਂ ਦੇ ਇਹਨਾਂ ਪਰਉਪਕਾਰੀ ਕਾਰਜਾਂ ਦਾ ਸਭ ਕਲਾਕਾਰਾਂ ਨੂੰ ਲਾਭ ਉਠਾਉਣਾ ਚਾਹੀਦਾ ਹੈ।