ਕਰਨਲ ਕੌਂਡਲ ਅਤੇ ਉਨ੍ਹਾਂ ਦੀ ਮਾਤਾ ਨੇ ਆਸ਼ਾ ਕਿਰਨ ਸਕੂਲ ਨੂੰ 2 ਲੱਖ ਰੁਪਏ ਦਾਨ ਕੀਤੇ

ਹੁਸ਼ਿਆਰਪੁਰ- ਕਰਨਲ ਜੇ.ਐਸ. ਕੌਂਡਲ ਅਤੇ ਉਨ੍ਹਾਂ ਦੀ ਮਾਤਾ ਪ੍ਰਕਾਸ਼ ਕੌਰ ਨੇ ਜੇ.ਐਸ.ਐਸ. ਆਸ਼ਾ ਕਿਰਨ ਸਪੈਸ਼ਲ ਸਕੂਲ ਜਹਾਨਖੇਲਾ ਦਾ ਦੌਰਾ ਕੀਤਾ ਅਤੇ ਸਪੈਸ਼ਲ ਬੱਚਿਆਂ ਨਾਲ ਸਮਾਂ ਬਿਤਾਇਆ, ਜਿਸ ਦੌਰਾਨ ਉਨ੍ਹਾਂ ਨੇ ਵਿਸ਼ੇਸ਼ ਬੱਚਿਆਂ ਨਾਲ ਉਨ੍ਹਾਂ ਦੀਆਂ ਜ਼ਰੂਰਤਾਂ ਅਤੇ ਭਵਿੱਖ ਦੀਆਂ ਯੋਜਨਾਵਾਂ ਬਾਰੇ ਗੱਲਬਾਤ ਕੀਤੀ।

ਇਸ ਮੌਕੇ ’ਤੇ ਆਸ਼ਾਦੀਪ ਵੈਲਫੇਅਰ ਸੁਸਾਇਟੀ ਦੇ ਸਕੱਤਰ ਕਰਨਲ ਗੁਰਮੀਤ ਸਿੰਘ ਨੇ ਜੇ.ਐਸ. ਕੌਂਡਲ ਨੂੰ ਸਕੂਲ ਬਾਰੇ ਜਾਣਕਾਰੀ ਦਿੱਤੀ, ਜਿਸ ਵਿੱਚ ਦੱਸਿਆ ਗਿਆ ਕਿ ਇਹ ਸਪੈਸ਼ਲ ਸਕੂਲ ਸਾਲ 1995 ਵਿੱਚ 4 ਵਿਸ਼ੇਸ਼ ਬੱਚਿਆਂ ਨਾਲ ਸ਼ੁਰੂ ਕੀਤਾ ਗਿਆ ਸੀ ਅਤੇ ਫਿਰ ਸਕੂਲ ਲਈ ਜ਼ਮੀਨ ਜਹਾਨਖੇਲਾ ਦੀ ਪੰਚਾਇਤ ਵੱਲੋਂ ਦਿੱਤੀ ਗਈ ਸੀ।
 ਉਨ੍ਹਾਂ ਦੱਸਿਆ ਕਿ ਹੁਣ ਇਸ ਤਿੰਨ ਮੰਜ਼ਿਲਾ ਸਕੂਲ ਵਿੱਚ ਵਿਸ਼ੇਸ਼ ਬੱਚਿਆਂ ਦੀਆਂ ਜ਼ਰੂਰਤਾਂ ਅਨੁਸਾਰ ਸਾਰੀਆਂ ਸਹੂਲਤਾਂ ਹਨ, ਜਿਸ ਵਿੱਚ ਲਿਫਟ, ਰੈਂਪ, ਹੋਸਟਲ, ਪਾਰਕ ਆਦਿ ਸ਼ਾਮਲ ਹਨ। ਇਸ ਮੌਕੇ ’ਤੇ ਕਰਨਲ ਜੇ.ਐਸ. ਕੌਂਡਲ ਨੇ ਕਿਹਾ ਕਿ ਸਪੈਸ਼ਲ ਬੱਚਿਆਂ ਦੀ ਸੇਵਾ ਕਰਨਾ ਇੱਕ ਮਹਾਨ ਕਾਰਜ ਹੈ ਅਤੇ ਆਸ਼ਾਦੀਪ ਵੈਲਫੇਅਰ ਸੁਸਾਇਟੀ ਇਸ ਲਈ ਵਧਾਈ ਦੀ ਹੱਕਦਾਰ ਹੈ। 
ਉਨ੍ਹਾਂ ਕਿਹਾ ਕਿ ਉਹ ਭਵਿੱਖ ਵਿੱਚ ਵੀ ਸਕੂਲ ਆਉਂਦੇ ਰਹਿਣਗੇ ਅਤੇ ਸਕੂਲੀ ਬੱਚਿਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਮਦਦ ਕਰਦੇ ਰਹਿਣਗੇ। ਇਸ ਸਮੇਂ ਸ਼੍ਰੀਮਤੀ ਪ੍ਰਕਾਸ਼ ਕੌਰ ਨੇ ਕਿਹਾ ਕਿ ਸਕੂਲ ਪਹੁੰਚ ਕੇ ਉਨ੍ਹਾਂ ਦੇ ਮਨ ਨੂੰ ਬਹੁਤ ਸ਼ਾਂਤੀ ਮਿਲੀ ਹੈ ਅਤੇ ਇਨ੍ਹਾਂ ਬੱਚਿਆਂ ਦੀ ਸੇਵਾ ਕਰਨ ਤੋਂ ਵੱਡਾ ਕੋਈ ਕਾਰਜ ਨਹੀਂ ਹੈ। 
ਇਸ ਸਮੇਂ ਉਨ੍ਹਾਂ ਨੇ ਸਕੂਲ ਕਮੇਟੀ ਨੂੰ 2 ਲੱਖ ਰੁਪਏ ਦੀ ਰਾਸ਼ੀ ਦਾਨ ਕੀਤੀ। ਇਸ ਮੌਕੇ ਕਰਨਲ ਗੁਰਮੀਤ ਸਿੰਘ ਨੇ ਆਸ਼ਾਦੀਪ ਵੈਲਫੇਅਰ ਸੁਸਾਇਟੀ ਦੇ ਮੈਂਬਰਾਂ ਵੱਲੋਂ ਜੇ.ਐਸ. ਕੌਂਡਲ ਅਤੇ ਸ਼੍ਰੀਮਤੀ ਪ੍ਰਕਾਸ਼ ਕੌਰ ਦਾ ਧੰਨਵਾਦ ਕੀਤਾ।