
ਹਰਚੰਦ ਸਿੰਘ ਬਰਸਟ ਨੇ ਪਿੰਡ ਮਹਿਮਦਪੁਰ ਵਿਖੇ ਨਵੀਂ ਫ਼ਲ ਅਤੇ ਸਬਜ਼ੀ ਮੰਡੀ ਸਥਾਪਿਤ ਕੀਤੀ
ਪਟਿਆਲਾ, 4 ਮਾਰਚ - ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਵੱਲੋਂ ਪਿੰਡ ਮਹਿਮਦਪੁਰ ਵਿਖੇ ਆਲੂ ਦੀ ਫਸਲ ਦੀ ਬੋਲੀ ਕਰਵਾਕੇ ਨਵੀਂ ਫ਼ਲ ਅਤੇ ਸਬਜ਼ੀ ਮੰਡੀ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਪਿੰਡ ਦੀ ਪੰਚਾਇਤ ਦਾ ਮੰਡੀ ਬੋਰਡ ਨੂੰ 83 ਵਿੱਘੇ ਜ਼ਮੀਨ ਦਾਨ ਕਰਨ 'ਤੇ ਧੰਨਵਾਦ ਕੀਤਾ।
ਪਟਿਆਲਾ, 4 ਮਾਰਚ - ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਵੱਲੋਂ ਪਿੰਡ ਮਹਿਮਦਪੁਰ ਵਿਖੇ ਆਲੂ ਦੀ ਫਸਲ ਦੀ ਬੋਲੀ ਕਰਵਾਕੇ ਨਵੀਂ ਫ਼ਲ ਅਤੇ ਸਬਜ਼ੀ ਮੰਡੀ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਪਿੰਡ ਦੀ ਪੰਚਾਇਤ ਦਾ ਮੰਡੀ ਬੋਰਡ ਨੂੰ 83 ਵਿੱਘੇ ਜ਼ਮੀਨ ਦਾਨ ਕਰਨ 'ਤੇ ਧੰਨਵਾਦ ਕੀਤਾ।
ਇੱਥੇ ਦੱਸਣਯੋਗ ਹੈ ਕਿ ਉਪਰੋਕਤ ਜ਼ਮੀਨ ਹਰਚੰਦ ਸਿੰਘ ਬਰਸਟ ਦੇ ਕਹਿਣ 'ਤੇ ਮਹਿਮਦਪੁਰ ਪੰਚਾਇਤ ਵੱਲੋਂ ਮੰਡੀ ਬੋਰਡ ਨੂੰ ਦਿੱਤੀ ਗਈ ਹੈ। ਚੇਅਰਮੈਨ ਨੇ ਕਿਹਾ ਕਿ ਮਹਿਮਦਪੁਰ ਦੇ ਆਲੇ-ਦੁਆਲੇ ਕੋਈ ਵੀ ਇੰਡਸਟਰੀ ਜਾਂ ਫੈਕਟਰੀ ਨਹੀਂ ਹੈ ਜਿਸਨੂੰ ਧਿਆਨ ਵਿੱਚ ਰੱਖਦੇ ਹੋਏ ਇੱਥੇ ਫ਼ਲ ਅਤੇ ਸਬਜ਼ੀ ਮੰਡੀ ਸ਼ੁਰੂ ਕੀਤੀ ਗਈ ਹੈ ਅਤੇ ਸਬ-ਯਾਰਡ ਵੱਜੋਂ ਮੰਡੀ ਵਿਕਸਤ ਕੀਤੀ ਜਾ ਰਹੀ ਹੈ। ਇਸ ਨਾਲ ਜਿੱਥੇ ਨੌਜਵਾਨਾਂ ਨੂੰ ਰੋਜ਼ਗਾਰ ਮਿਲੇਗਾ, ਉੱਥੇ ਹੀ ਕਿਸਾਨਾਂ ਨੂੰ ਵੀ ਉਨ੍ਹਾਂ ਦੀਆਂ ਜਿਣਸਾਂ ਦਾ ਸਹੀ ਮੁੱਲ ਮਿਲ ਸਕੇਗਾ।
ਉਨ੍ਹਾਂ ਕਿਹਾ ਕਿ 90 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸ਼ੈੱਡਾਂ ਦਾ ਕੰਮ ਜ਼ੋਰਾਂ ਨਾਲ ਚੱਲ ਰਿਹਾ ਹੈ ਅਤੇ ਜਲਦ ਹੀ ਮੰਡੀ ਦੀ ਚਾਰ ਦੀਵਾਰੀ ਕਰਕੇ ਗੇਟ ਲਗਾਇਆ ਜਾਵੇਗਾ ਅਤੇ ਦੁਕਾਨਾਂ ਦਾ ਵੀ ਨਿਰਮਾਣ ਕੀਤਾ ਜਾਵੇਗਾ। ਮਹਿਮਦਪੁਰ ਮੰਡੀ ਪਟਿਆਲਾ ਸੰਗਰੂਰ ਤੇ ਸਥਿਤ ਹੋਣ ਕਾਰਨ ਇਸਦੇ 25 ਕਿਲੋਮੀਟਰ ਦੇ ਰੇਡੀਅਸ ਵਿੱਚ ਇਲਾਕੇ ਦੇ ਕਰੀਬ 40 ਹਜ਼ਾਰ ਕਿਸਾਨਾਂ ਨੂੰ ਫ਼ਲ ਅਤੇ ਸਬਜ਼ੀਆਂ ਬੀਜਣ ਵੱਲ ਪ੍ਰੇਰਿਤ ਕੀਤਾ ਜਾ ਸਕੇਗਾ। ਉਨ੍ਹਾਂ ਦੱਸਿਆ ਕਿ ਖਰੀਦ ਕੇਂਦਰ ਪਿੰਡ ਸੁਲਤਾਨਪੁਰ ਅਤੇ ਪਿੰਡ ਬਨੇਰਾ ਕਲਾਂ ਵਿੱਚ ਸਟੀਲ ਕਵਰ ਸ਼ੈਡ ਦੇ ਨਿਰਮਾਣ, ਪਿੰਡ ਬਰਸਟ ਤੋਂ ਪਿੰਡ ਬਨੇਰਾ ਕਲਾਂ- ਸਰਾਜਪੁਰ ਦੀ ਲਿੰਕ ਰੋਡ ਅਤੇ ਅਨਾਜ ਮੰਡੀ ਪਿੰਡ ਗੱਜੂ ਮਾਜਰਾ, ਪਿੰਡ ਜੋੜੇਮਾਜਰਾ ਅਤੇ ਧਬਲਾਨ ਦੀ ਫੜ੍ਹ ਅਤੇ ਸੜਕ ਬਣਾਉਣ ਦੇ ਕਾਰਜ ਕੀਤੇ ਜਾ ਰਹੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦਿਵਾਉਣ ਅਤੇ ਕਮਰਸ਼ੀਅਲ ਖੇਤੀ ਵਿੱਚ ਭਾਗ ਲੈਣ ਲਈ ਉਤਸ਼ਾਹਤ ਕਰਨ। ਪੰਜਾਬ ਅਤੇ ਬੱਚਿਆਂ ਦੇ ਭਵਿੱਖ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਮੰਡੀ ਬੋਰਡ ਵੱਲੋਂ ਆਫ ਸੀਜ਼ਨ ਦੌਰਾਨ ਮੰਡੀਆਂ ਦੇ ਕਵਰ ਸੈੱਡਾਂ ਹੇਠ ਬਚਿੱਆਂ ਨੂੰ ਖੇਡਾਂ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਚੇਅਰਮੈਨ ਨੇ ਇਲਾਕਾ ਨਿਵਾਸੀਆਂ ਨੂੰ ਭਰੋਸਾ ਦੁਆਇਆ ਕਿ ਮੰਡੀਆਂ ਵਿੱਚ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ।
