ਹੜ੍ਹ ਪੀੜ੍ਹਤ ਕਿਰਤੀਆਂ ਦਾ ਜਾਨੀ ਮਾਲੀ ਨੁਕਸਾਨ ਹੱਦੋਂ ਵੱਧ ਫਿਰ ਵੀ ਹੌਂਸਲੇ ਬੁਲੰਦ: ਤਲਵਿੰਦਰ ਹੀਰ

ਹੁਸ਼ਿਆਰਪੁਰ- ਕੇਂਦਰ ਤੇ ਸੂਬਾ ਸਰਕਾਰਾਂ ਫੋਕੇ ਐਲਾਨ ਤੇ ਇੱਕ ਦੂਜੇ ਨਾਲ ਮਿਹਣੋਂ ਮਿਹਣੀਂ ਹੋ ਕੇ ਹੜ੍ਹ ਪੀੜ੍ਹਤਾਂ ਦੇ ਜਖ਼ਮਾਂ ਤੇ ਲੂਣ ਛਿੜਕ ਰਹੀਆਂ ਹਨ ਪਰ ਜ਼ਮੀਨੀ ਪੱਧਰ ਤੇ ਨਾ ਤਾਂ ਕੇਂਦਰ ਤੇ ਨਾ ਹੀ ਸੂਬਾ ਸਰਕਾਰ ਵਲੋਂ ਅਜੇ ਤੱਕ ਪੀੜ੍ਹਤਾਂ ਨੂੰ ਇੱਕ ਧੇਲੇ ਦੀ ਵੀ ਮੱਦਦ ਨਹੀਂ ਪਹੁੰਚੀ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਭਾਕਿਯੂ ਏਕਤਾ ਉਗਰਾਹਾਂ ਦੇ ਜਿਲ੍ਹਾ ਪ੍ਰਚਾਰ ਸਕੱਤਰ ਤਲਵਿੰਦਰ ਸਿੰਘ ਹੀਰ ਨੰਗਲ ਖਿਲਾੜੀਆਂ ਨੇ ਕੀਤੇ ਜੋਂ ਬੀਤੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਵਸ ਮੌਕੇ ਮੁਕੇਰੀਆਂ ਲਾਗਲੇ ਪਿੰਡ ਮਹਿਤਾਬਪੁਰ, ਹਲੇੜ ਜਨਾਰਦਨ, ਕੌਲੀਆਂ, ਮੋਤਲਾ ਦੇ ਚਾਰ ਪਿੰਡਾਂ ਦੇ ਹੜ੍ਹ ਪੀੜ੍ਹਤਾਂ ਦੇ ਦੁੱਖ ਤੇ ਮੁਸੀਬਤਾਂ ਜਾਨਣ ਤੇ ਉਨਾਂ ਨੂੰ ਘੱਟ ਕਰਨ ਲਈ ਆਪਣੀਂ ਯੂਨੀਅਨ ਵਲੋਂ ਹਰ ਤਰਾਂ ਦੀ ਸੰਭਵ ਮੱਦਦ ਕਰਨ ਦਾ ਭਰੋਸਾ ਦਿਵਾਉਣ ਪਹੁੰਚੇ ਸਨ।

ਪਿੰਡ ਮਹਿਤਾਬਪੁਰ ਪਹੁੰਚਦਿਆਂ ਸਬੱਬੀ ਮੁਲਾਕਾਤ ਹੜ੍ਹਾਂ ਕਾਰਨ ਵਾਰ ਵਾਰ ਉਜੜਨ ਤੇ ਵਸਣ ਵਾਲੇ ਸੁਭਾਸ਼ ਸਿੰਘ ਪੁੱਤਰ ਖਜ਼ਾਨ ਸਿੰਘ ਨਾਲ ਹੋਈ ਜਿਸ ਨੇ ਆਪਣੇਂ ਦਿਲ ਦਾ ਦਰਦ ਸੁਣਾ ਗਮਗੀਨ ਕਰਦਿਆਂ ਕਿਹਾ ਕਿ 2023 'ਚ ਆਏ ਹੜ੍ਹਾਂ ਕਾਰਨ ਉਸ ਦੇ ਸਾਰੇ ਪਸ਼ੂਆਂ ਦੀ ਮੌਤ ਹੋ ਗਈ ਸੀ ਤੇ ਉਹ ਵੀ 15 ਘੰਟੇ ਹੜ੍ਹਾਂ ਨਾਲ ਸ਼ੂਕਦੇ ਦਰਿਆ 'ਚ ਘਿਰਿਆ ਜ਼ਿੰਦਗੀ ਮੌਤ ਦੀ ਲੜਾਈ ਲੜਦਾ ਰਿਹਾ ਤੇ ਪਿੰਡ ਵਾਸੀਆਂ ਨੇ ਆਪਣੇ ਉੱਦਮ ਨਾਲ ਕਿਸ਼ਤੀ ਦਾ ਪ੍ਰਬੰਧ ਕਰਕੇ ਉਸ ਦੀ ਜਾਨ ਬਚਾਈ ਸੀ।ਜ਼ਿੰਦਗੀ ਹਾਲੇ ਲੀਹ ਤੇ ਆਈ ਵੀ ਨਹੀਂ ਸੀ ਤੇ ਮੁੜ ਹੜ੍ਹਾਂ ਨੇ ਉਜਾੜ ਦਿੱਤਾ ਪਰ ਉਸ ਦੇ ਪਸ਼ੂਆਂ ਨੂੰ ਇਸ ਵਾਰ ਪਿੰਡ ਦੇ ਸਤਨਾਮ ਠੇਕੇਦਾਰ ਨੇ ਸੁਰੱਖਿਅਤ ਟਿਕਾਣਾ ਦੇ ਕੇ ਬਚਾ ਲਿਆ। 
ਇਹੋ ਜਿਹੀ ਕਹਾਣੀ ਪਰਸ਼ੋਤਮ ਪੱਪੂ ਮਹਿਤਾਬਪੁਰ ਦੀ ਹੈ ਜਿਸ ਦੀ ਜ਼ਮੀਨ ਤੇ ਰਿਹਾਇਸ਼ ਧੁੱਸੀ ਲਾਗੇ ਹੋਣ ਕਰਕੇ ਹੜ੍ਹਾਂ ਕਾਰਨ ਬਰਬਾਦ ਤੇ ਬੇਆਬਾਦ ਹੋ ਗਈ। ਯੂਨੀਅਨ ਦੇ ਮੈਂਬਰਾਂ ਨੇ ਆਪਣੇ ਸੂਬਾ ਕਮੇਟੀ ਦੇ ਆਦੇਸ਼ਾਂ ਦੀ ਪਾਲਣਾ ਕਰਦਿਆਂ ਪੀੜ੍ਹਤਾਂ ਨੂੰ ਲੱਗਭੱਗ ਦੋ ਮਹੀਨੇ ਦਾ ਖਾਣ ਪੀਣ ਦਾ ਰਾਸ਼ਨ,ਕੰਬਲ,ਅਣਸੀਤੇ ਕੱਪੜੇ ਮੁੱਢਲੀ ਸਹਾਇਤਾ ਵਜੋਂ ਦਿੱਤੇ ਤੇ ਉਨਾਂ ਦੀ ਹਰ ਮੁਸ਼ਕਿਲ ਦੇ ਹੱਲ ਲਈ ਸੰਭਵ ਯਤਨ ਕਰਨ ਦਾ ਭਰੋਸਾ ਦਿਵਾਇਆ। 
ਚਾਰਾਂ ਪਿੰਡਾਂ ਦੇ ਲੋੜਵੰਦ ਹੜ੍ਹ ਪੀੜ੍ਹਤ ਪਰਿਵਾਰਾਂ ਨੂੰ ਖਾਣ ਪੀਣ ਦਾ ਰਾਸ਼ਨ ਕਿੱਟਾਂ ਦੇ ਰੂਪ ਵਿੱਚ ਵੰਡਿਆ ਗਿਆ ਜਿਸ ਵਿੱਚ ਰਸੋਈ 'ਚ ਨਿੱਤ ਵਰਤੋਂ ਦੀਆਂ ਲੋੜੀਂਦੀਆਂ ਸਭ ਵਸਤਾਂ ਸ਼ਾਮਲ ਸਨ। ਜਿਨਾਂ ਨੂੰ ਖਰੀਦਣ ਵਿੱਚ ਸਭ ਤੋਂ ਵੱਧ ਯੋਗਦਾਨ ਕਸਟਮ ਐਂਡ ਐਕਸਾਈਜ਼ ਟੈਕਸ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ,ਸੰਤ ਦਰਸ਼ਨ ਸਿੰਘ ਜੀ ਤੇ ਸਵ: ਲੰਬੜਦਾਰ ਭਗਤ ਸਿੰਘ ਤੇ ਮਝੈਲ ਸਿੰਘ ਦੇ ਪਰਿਵਾਰਸ ਵਲੋਂ ਕੀਤੀ ਗਈ। ਇਸ ਮੌਕੇ ਤੇ ਸਤੀਸ਼ ਕੁਮਾਰ ਮਹਿਤਾਬਪੁਰ, ਲੰਬੜਦਾਰ ਬਹਾਦਰ ਸਿੰਘ ਮਹਿਤਾਬਪੁਰ, ਨੌਜਵਾਨ ਰਿਸੀ ਰੰਜਨ,ਸੁਰਿੰਦਰਪਾਲ ਸਰਪੰਚ ਹਲੇੜ ਜਨਾਰਦਨ, ਬਿੰਦਰ ਸਿੰਘ, ਬਲਵਿੰਦਰ ਸਿੰਘ ਸਰਪੰਚ ਮੋਤਲਾ ਨੇ ਸਹੀ ਲੋੜਵੰਦਾਂ ਤੱਕ ਸਹਾਇਤਾ ਪਹੁੰਚਾਣ 'ਚ ਪੂਰਨ ਸਹਿਯੋਗ ਦਿੱਤਾ ਤੇ ਸਰਕਾਰਾਂ ਦੇ ਕੰਨਾਂ ਤੱਕ ਉਨਾਂ ਦੇ ਹੱਦੋਂ ਵੱਧ ਹੋਏ ਨੁਕਸਾਨ ਦੀ ਗੱਲ ਪਹੁੰਚਾਣ ਦੀ ਗੁਜਾਰਿਸ਼ ਕੀਤੀ। 
ਇਸ ਮੌਕੇ ਤੇ ਇੱਕ ਕੇਂਦਰੀ ਮੰਤਰੀ ਵੀ ਇਨਾਂ ਹੀ ਪਿੰਡਾਂ ਦੇ ਦੌਰੇ ਤੇ ਸੀ ਜਿਸ ਨਾਲ ਵੀਹ ਤੋਂ ਵੱਧ ਗੱਡੀਆਂ ਦਾ ਕਾਫ਼ਲਾ ਸਮੇਤ ਐਂਬੂਲੈਂਸ ਤੇ ਫਾਇਰ ਬ੍ਰਿਗੇਡ ਚੱਲ ਰਿਹਾ ਸੀ ਜਿਸ ਨਾਲ ਸਾਫ਼ ਜ਼ਾਹਰ ਹੋ ਰਿਹਾ ਸੀ ਕਿ ਜਾਨ ਦੀ ਕੀਮਤ ਸਿਰਫ਼ ਇਨਾਂ ਵਜ਼ੀਰਾਂ ਤੇ ਅਮੀਰਾਂ ਦੀ ਹੈ ਗਰੀਬ ਕਿਰਤੀਆਂ ਦੇ ਜਿਊਂਣ ਮਰਨ ਨਾਲ ਸਰਕਾਰਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ ਸਗੋਂ ਉਹ ਸਿਆਸੀ ਰੋਟੀਆਂ ਸੇਕਣ 'ਚ ਲੱਗੇ ਰਹਿੰਦੇ ਹਨ। 
ਵੱਡੇ ਤੋਂ ਵੱਡੇ ਕਾਫ਼ਲਿਆਂ ਸਮੇਤ ਪਿੰਡਾਂ 'ਚ ਬੈਠੇ ਝੋਲੀਚੁੱਕਾਂ ਦੀ ਪੁਸ਼ਤਪਨਾਹੀ ਕਰਦੇ ਹਨ ਪੀੜ੍ਹਤਾਂ ਨੂੰ ਮਿਲਣ ਤੇ ਦੁੱਖ ਤੇ ਸੁਣਨ ਲਈ ਉਨਾਂ ਕੋਲ ਸਮਾਂ ਨਹੀਂ। ਤਲਵਿੰਦਰ ਸਿੰਘ ਹੀਰ ਨੇ ਕਿਹਾ ਕਿ ਜੇ ਸਰਕਾਰਾਂ ਦੇ ਇਹੋ ਗੈਰ-ਜ਼ਿੰਮੇਵਾਰੀ ਵਾਲੇ ਰਵੱਈਏ ਰਹੇ ਤਾਂ ਆਪਣੇ ਹੜ੍ਹ ਪੀੜ੍ਹਤ ਭਰਾਵਾਂ ਲਈ ਉਗਰਾਹਾਂ ਯੂਨੀਅਨ ਵਲੋਂ ਮੁੜ ਵਸੇਬੇ ਲਈ ਯਤਨ ਜਾਰੀ ਰਹਿਣਗੇ ਤੇ ਸਰਕਾਰਾਂ ਦੇ ਕੰਨ ਖੋਲਣ ਲਈ ਵੱਡੇ ਪ੍ਰੋਗਰਾਮ ਦਾ ਐਲਾਨ ਕੀਤਾ ਜਾਵੇਗਾ। 
ਇਸ ਮੌਕੇ ਤੇ ਸ੍ਰੀ ਪ੍ਰੇਮ ਕੁਮਾਰ ਜੀ ਚੰਡੀਗੜ੍ਹ, ਸੰਤੋਖ ਸਿੰਘ ਦਸੂਹਾ, ਹਰਦੀਪ ਸਿੰਘ ਚੇਲਾ, ਮੋਹਨ ਸਿੰਘ ਬੱਲ, ਗੁਰਚਰਨ ਸਿੰਘ ਚਾਹਲ, ਕੁਲਦੀਪ ਸਿੰਘ ਸਿੱਧੂ, ਜਸਵਿੰਦਰ ਬੰਗਾ, ਜਤਿੰਦਰ ਸਿੰਘ ਜਿੰਦੂ, ਸੁਖਵਿੰਦਰ ਸਿੰਘ, ਰੇਸ਼ਮ ਸਿੰਘ ਨਿੰਮਾ ਚੰਦੇਲੀ, ਬੌਬੀ ਸਿੰਘਪੁਰ ਸਮੇਤ ਵੱਡੀ ਗਿਣਤੀ ਚ ਇਲਾਕਾ ਨਿਵਾਸੀ ਹਾਜ਼ਰ ਸਨ।