ਮਜੀਠਾ ਖੇਤਰ ’ਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ 17 ਮੌਤਾਂ, ਕੁਝ ਦੀ ਹਾਲਤ ਗੰਭੀਰ

ਅੰਮ੍ਰਿਤਸਰ/ਮਜੀਠਾ, 13 ਮਈ- ਅੰਮ੍ਰਿਤਸਰ ਜ਼ਿਲ੍ਹੇ ਦੇ ਹਲਕਾ ਮਜੀਠਾ ਅਧੀਨ ਆਉਂਦੇ ਪੰਜ ਪਿੰਡਾਂ ਵਿਚ ਬੀਤੀ ਰਾਤ ਜ਼ਹਿਰੀਲੀ ਸ਼ਰਾਬ ਪੀਣ ਕਰਕੇ 17 ਵਿਅਕਤੀਆਂ ਦੀ ਮੌਤ ਹੋ ਗਈ ਹੈ। ਇਸ ਦੀ ਪੁਸ਼ਟੀ ਸਰਕਾਰੀ ਬੁਲਾਰੇ ਵੱਲੋਂ ਕੀਤੀ ਗਈ ਹੈ। ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਨੇ ਮੌਤਾਂ ਦੀ ਗਿਣਤੀ 14 ਦੱਸੀ ਸੀ ਅਤੇ ਛੇ ਮਰੀਜ਼ ਹਸਪਤਾਲ ਵਿੱਚ ਦਾਖਲ ਸਨ।

ਅੰਮ੍ਰਿਤਸਰ/ਮਜੀਠਾ, 13 ਮਈ- ਅੰਮ੍ਰਿਤਸਰ ਜ਼ਿਲ੍ਹੇ ਦੇ ਹਲਕਾ ਮਜੀਠਾ ਅਧੀਨ ਆਉਂਦੇ ਪੰਜ ਪਿੰਡਾਂ ਵਿਚ ਬੀਤੀ ਰਾਤ ਜ਼ਹਿਰੀਲੀ ਸ਼ਰਾਬ ਪੀਣ ਕਰਕੇ 17 ਵਿਅਕਤੀਆਂ ਦੀ ਮੌਤ ਹੋ ਗਈ ਹੈ। ਇਸ ਦੀ ਪੁਸ਼ਟੀ ਸਰਕਾਰੀ ਬੁਲਾਰੇ ਵੱਲੋਂ ਕੀਤੀ ਗਈ ਹੈ। ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਨੇ ਮੌਤਾਂ ਦੀ ਗਿਣਤੀ 14 ਦੱਸੀ ਸੀ ਅਤੇ ਛੇ ਮਰੀਜ਼ ਹਸਪਤਾਲ ਵਿੱਚ ਦਾਖਲ ਸਨ।
ਪੁਲੀਸ ਨੇ ਨਕਲੀ ਸ਼ਰਾਬ ਵੇਚਣ ਵਾਲਿਆਂ ਖਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਧਰ ਮੁੱਖ ਮੰਤਰੀ ਭਗਵੰਤ ਮਾਨ ਨੇ ਜ਼ਹਿਰੀਲੀ ਸ਼ਰਾਬ ਪੀਣ ਕਰਕੇ ਗਈਆਂ ਜਾਨਾਂ ’ਤੇ ਦੁੱਖ ਜਤਾਉਂਦਿਆਂ ਕਿਹਾ ਕਿ ਮਾਸੂਮ ਲੋਕਾਂ ਦਾ ਕਾਤਲਾਂ ਨੂੰ ਨਹੀਂ ਬਖ਼ਸ਼ਿਆ ਜਾਵੇਗਾ। ਉਧਰ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਵੀ ਕਸੂਰਵਾਰਾਂ ਨੂੰ ਨਾ ਬਖ਼ਸ਼ਣ ਦੀ ਗੱਲ ਆਖੀ ਹੈ। ਇਸ ਦੌਰਾਨ ਪੁਲੀਸ ਨੇ ਆਬਕਾਰੀ ਐਕਟ ਅਧੀਨ ਕੇਸ ਦਰਜ ਕਰਕੇ ਮੁੱਖ ਦੋਸ਼ੀ ਪ੍ਰਭਜੀਤ ਸਿੰਘ ਅਤੇ ਉਸ ਦੇ ਸਾਥੀ ਕੁਲਬੀਰ ਸਿੰਘ ਉਰਫ ਜੱਗੂ (ਮੁੱਖ ਦੋਸ਼ੀ ਪ੍ਰਭਜੀਤ ਦਾ ਭਰਾ), ਸਾਹਿਬ ਸਿੰਘ ਉਰਫ ਸਰਾਏ, ਗੁਰਜੰਟ ਸਿੰਘ, ਨਿੰਦਰ ਕੌਰ ਪਤਨੀ ਜੀਤਾ ਵਾਸੀ ਥਰੀਏਵਾਲ ਸਣੇ ਸੱਤ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸਾਬਕਾ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੇ ਇਸ ਘਟਨਾ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਇਸ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਇਸ ਦੌਰਾਨ ਸਰਕਾਰੀ ਬੁਲਾਰੇ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਪਿੰਡ ਮਰੜੀ ਪਹੁੰਚ ਰਹੇ ਹਨ
ਜਾਣਕਾਰੀ ਅਨੁਸਾਰ ਬੀਤੀ ਰਾਤ ਪਿੰਡ ਭੰਗਾਲੀ, ਥਰੀਏਵਾਲ, ਮਰੜੀ ਕਲਾਂ, ਤਲਵੰਡੀ ਖੁੰਮਣ, ਪਤਾਲਪੁਰੀ ਆਦਿ ਪਿੰਡਾਂ ਦੇ ਲੋਕਾਂ ਨੇ ਨਜਾਇਜ਼ ਸ਼ਰਾਬ ਵੇਚਣ ਦੇ ਧੰਦੇ ਵਿਚ ਸ਼ਾਮਲ ਕੁਝ ਵਿਅਕਤੀਆਂ ਵਲੋਂ ਸਪਲਾਈ ਕੀਤੀ ਗਈ ਸ਼ਰਾਬ ਪੀਤੀ ਅਤੇ ਕੁਝ ਦੇਰ ਬਾਅਦ ਹੀ ਉਨ੍ਹਾਂ ਦੀ ਤਬੀਅਤ ਵਿਗੜ ਗਈ। ਇਨ੍ਹਾਂ ਵਿਚੋਂ ਕੁਝ ਦੀ ਮਗਰੋਂ ਮੌਤ ਹੋ ਗਈ ਜਦੋਂਕਿ ਬਾਕੀਆਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।ਚੇਤੇ ਰਹੇ ਕਿ ਕੁਝ ਸਾਲ ਪਹਿਲਾਂ ਕਾਂਗਰਸ ਸਰਕਾਰ ਸਮੇਂ ਵੀ ਇਸ ਇਲਾਕੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ 19 ਵਿਅਕਤੀਆਂ ਦੀ ਮੌਤ ਹੋ ਗਈ ਸੀ ਅਤੇ ਉਸ ਵਕਤ ਇਹ ਮੁੱਦਾ ਬਹੁਤ ਗਰਮਾਇਆ ਸੀ। ਇਹ ਜ਼ਹਿਰੀਲੀ ਸ਼ਰਾਬ ਪਹਿਲਾਂ ਵੀ ਦਰਜਨਾਂ ਘਰਾਂ ਦੇ ਚਿਰਾਗ ਬੁਝਾ ਚੁੱਕੀ ਹੈ।
ਘਟਨਾ ਦੀ ਜਾਣਕਾਰੀ ਮਿਲਦਿਆਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀਮਤੀ ਸਾਕਸ਼ੀ ਸਾਹਨੀ ਅਤੇ ਐਸ.ਐਸ.ਪੀ. ਅੰਮ੍ਰਿਤਸਰ ਦਿਹਾਤੀ ਮਨਿੰਦਰ ਸਿੰਘ, ਸਿਵਲ ਸਰਜਨ ਕਿਰਨਦੀਪ ਕੌਰ ਸਮੇਤ ਹੋਰ ਉੱਚ ਅਧਿਕਾਰੀ ਮੌਕੇ ’ਤੇ ਪਹੁੰਚ ਗਏ। ਉਨ੍ਹਾਂ ਵਲੋਂ ਸਾਰੇ ਹਾਲਾਤ ਦਾ ਜਾਇਜ਼ਾ ਲਿਆ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਕੱਲ੍ਹ ਸ਼ਾਮ ਇਸ ਬਾਰੇ ਜਾਣਕਾਰੀ ਮਿਲੀ ਸੀ ਅਤੇ ਉਨ੍ਹਾਂ ਤੁਰੰਤ ਕਾਰਵਾਈ ਕਰਦਿਆਂ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਪਿੰਡਾਂ ’ਚ ਭੇਜਿਆ ਸੀ। ਇਨ੍ਹਾਂ ਟੀਮਾਂ ਨੇ ਲੋਕਾਂ ਨੂੰ ਪ੍ਰੇਰਿਤ ਕੀਤਾ ਤੇ ਉਨ੍ਹਾਂ ਨੂੰ ਹਸਪਤਾਲਾਂ ਵਿੱਚ ਲਿਆਂਦਾ ਗਿਆ ਹੈ। ਉਨ੍ਹਾਂ ਕਿਹਾ ਕਿ ਕੁਝ ਲੋਕਾਂ ਦੀ ਹਾਲਤ ਬਿਹਤਰ ਹੈ।  ਉਨ੍ਹਾਂ ਦੱਸਿਆ ਕਿ ਇਸ ਮਾਮਲੇ ਜ਼ਹਿਰੀਲੀ ਸ਼ਰਾਬ ਦੀ ਸਪਲਾਈ ਕਰਨ ਵਾਲੇ ਮੁੱਖ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਹੋਰਨਾਂ ਲੋਕਾਂ ਨੂੰ ਕਾਬੂ ਕਰਨ ਲਈ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੇ ਇਹ ਜ਼ਹਿਰੀਲੀ ਸ਼ਰਾਬ ਪੀਤੀ ਹੈ ਤਾਂ ਉਹ ਆਪਣਾ ਇਲਾਜ ਕਰਵਾਉਣ ਵਾਸਤੇ ਅੱਗੇ ਆਉਣ।
ਮ੍ਰਿਤਕ ਦੇਹਾਂ ਪੋਸਟਮਾਰਟ ਲਈ ਅੰਮ੍ਰਿਤਸਰ ਭੇਜੀਆਂ ਗਈਆਂ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਦੋਸ਼ੀਆਂ ਨੂੰ ਕਿਸੇ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ।
ਉਧਰ ਪੁਲੀਸ ਨੇ ਕਾਰਵਾਈ ਕਰਦਿਆਂ ਆਬਕਾਰੀ ਐਕਟ ਅਧੀਨ ਕੇਸ ਦਰਜ ਕਰਕੇ ਪ੍ਰਭਜੀਤ ਸਿੰਘ ਉਰਫ ਬੱਬੂ, ਕੁਲਬੀਰ ਸਿੰਘ ਉਰਫ ਜੱਗੂ ,ਸਾਹਿਬ ਸਿੰਘ ਉਰਫ ਰਾਈ ,ਗੁਰਜੰਟ ਉਰਫ ਜੰਟਾ, ਸਿਕੰਦਰ ਸਿੰਘ ਉਰਫ ਪੱਪੂ ਅਤੇ ਨਿੰਦਰ ਕੌਰ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਗੋਰਖਧੰਦੇ ਵਿਚ ਸ਼ਾਮਲ ਮੁੱਖ ਸਰਗਨੇ ਸਾਹਿਬ ਸਿੰਘ ਨੂੰ ਰਾਜਾਸਾਂਸੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਸਰਗਨੇ ਤੋਂ ਸ਼ਰਾਬ ਖਰੀਦਣ ਤੇ ਅੱਗੇ ਪਿੰਡਾਂ ਵਿਚ ਸਪਲਾਈ ਕਰਨ ਵਾਲੇ 4 ਹੋਰ ਮੁਲਜ਼ਮਾਂ ਨੂੰ ਵੀ ਪੁਲੀਸ ਨੇ ਕਾਬੂ ਕੀਤਾ ਹੈ ਪਿਛਲੇ ਸੱਤ ਘੰਟਿਆਂ ਵਿਚ ਕੁੱਲ ਮਿਲਾ ਕੇ 6 ਜਣਿਆਂ ਨੂੰ ਕਾਬੂ ਕੀਤਾ ਹੈ। ਸ਼ਰਾਬ ਸਪਲਾਈ ਕਰਨ ਵਾਲੀਆਂ ਫਰਮਾਂ ਨੂੰ ਫੜਨ ਲਈ ਟੀਮਾਂ ਨੂੰ ਤੁਰੰਤ ਬਾਹਰੀ ਰਾਜ ਵਿੱਚ ਭੇਜਿਆ ਗਿਆ ਹੈ।
ਪੁਲੀਸ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਘਟਨਾ ਵਿੱਚ ਮਰਨ ਵਾਲਿਆਂ ਦੀ ਸ਼ਨਾਖਤ ਮੇਜਰ ਸਿੰਘ ਉਰਫ ਮੋਦੀ, ਪਰਮਜੀਤ ਸਿੰਘ ਉਰਫ ਪੰਮਾ, ਸਰਬਜੀਤ ਸਿੰਘ ਉਰਫ ਸ਼ੱਬਾ, ਤਸਵੀਰ ਸਿੰਘ ਉਰਫ ਸਿਕੰਦਰ ਸਾਰੇ ਵਾਸੀ ਪਿੰਡ ਮਰੜੀ ਕਲਾਂ, ਜੋਗਿੰਦਰ ਸਿੰਘ ਉਰਫ ਮੰਨਾ, ਕਰਨੈਲ ਸਿੰਘ ਉਰਫ ਮਹੰਤ, ਜੀਤਾ ਉਰਫ ਸੀਤੀ ਵਾਸੀ ਪਿੰਡ ਥਰੀਏਵਾਲ, ਬਲਬੀਰ ਸਿੰਘ, ਰਮਨਦੀਪ ਸਿੰਘ, ਰੋਮਨਜੀਤ ਸਿੰਘ ਉਰਫ ਰੋਮੀ ਸਾਰੇ ਵਾਸੀ ਪਿੰਡ ਭੰਗਾਲੀ ਕਲਾਂ ਸ਼ਾਮਲ ਹਨ।
ਮਜੀਠਾ ਪੁਲੀਸ ਵਲੋਂ ਹੁਣ ਤੱਕ ਕੀਤੀ ਗਈ ਜਾਂਚ ਤੋਂ ਪਤਾ ਲੱਗਾ ਹੈ ਕਿ ਪ੍ਰਭਜੀਤ ਸਿੰਘ ਉਰਫ ਬੱਬੂ ਅਤੇ ਕੁਲਬੀਰ ਸਿੰਘ ਉਰਫ ਜੱਗੂ ਭਾਰੀ ਮਾਤਰਾ ਵਿੱਚ ਅਲਕੋਹਲ ਅਤੇ ਨਜਾਇਜ਼ ਸ਼ਰਾਬ ਤਿਆਰ ਕਰਕੇ ਅੱਗੇ ਸਪਲਾਈ ਕਰਦੇ ਹਨ ਅਤੇ ਇਨ੍ਹਾਂ ਵੱਲੋਂ ਅੱਗੇ ਇਹ ਜ਼ਹਿਰੀਲੀ ਸ਼ਰਾਬ ਸਾਹਿਬ ਸਿੰਘ, ਗੁਰਜੰਟ ਉਰਫ ਜੰਟਾ, ਸਿਕੰਦਰ ਸਿੰਘ ਉਰਫ ਪੱਪੂ ਵਾਸੀ ਪਿੰਡ ਮਰੜੀ ਕਲਾਂ, ਨਿੰਦਰ ਕੌਰ, ਪਰਮਜੀਤ ਸਿੰਘ ਉਰਫ ਪੰਮਾ ਵਾਸੀ ਪਿੰਡ ਥਰੀਏਵਾਲ ਅਤੇ ਰਾਜਾ ਵਾਸੀ ਭੰਗਾਲੀ ਕਲਾਂ ਨੂੰ  ਸਪਲਾਈ ਕੀਤੀ ਗਈ ਸੀ। ਇਹ ਸ਼ਰਾਬ ਪੀਣ ਤੋਂ ਬਾਅਦ 14 ਵਿਅਕਤੀਆਂ ਦੀ ਮੌਤ ਹੋ ਗਈ ਹੈ।
ਮਾਸੂਮ ਲੋਕਾਂ ਦੇ ਕਾਤਲਾਂ ਨੂੰ ਨਹੀਂ ਬਖ਼ਸ਼ਾਂਗੇ: ਮੁੱਖ ਮੰਤਰੀ
ਮੁੱਖ ਮੰਤਰੀ ਭਗਵੰਤ ਮਾਨ ਨੇ ਮਜੀਠਾ ਹਲਕੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਕਰਕੇ ਹੋਈਆਂ ਮੌਤਾਂ ’ਤੇ ਦੁੱਖ ਜਤਾਉਂਦਿਆਂ ਕਿਹਾ ਕਿ ਇਸ ਮਾਮਲੇ ਵਿੱਚ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਮਾਸੂਮ ਲੋਕਾਂ ਦੇ ਇਨ੍ਹਾਂ ਕਾਤਲਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਇਹ ਮੌਤਾਂ ਨਹੀਂ ਕਤਲ ਹਨ। ਜ਼ਹਿਰੀਲੀ ਸ਼ਰਾਬ ਨਾਲ ਲੋਕਾਂ ਦੇ ਘਰਾਂ ਵਿੱਚ ਸੱਥਰ ਵਿਛਾਉਣ ਵਾਲਿਆਂ ਨੂੰ ਕਾਨੂੰਨ ਮੁਤਾਬਕ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇਗੀ।’’ ਮੁੱਖ ਮੰਤਰੀ ਨੇ ਵਿਛੜੀਆਂ ਰੂਹਾਂ ਲਈ ਪਰਮਾਤਮਾ ਅੱਗੇ ਅਰਦਾਸ ਕੀਤੀ ਹੈ ਅਤੇ ਕਿਹਾ ਕਿ ਸਰਕਾਰ ਪੀੜਤ ਪਰਿਵਾਰਾਂ ਨਾਲ ਖੜ੍ਹੀ ਹੈ ਅਤੇ ਉਨ੍ਹਾਂ ਨੂੰ ਹਰ ਸੰਭਵ ਮਦਦ ਮੁਹੱਈਆ ਕੀਤੀ ਜਾਵੇਗੀ।
ਅੰਮ੍ਰਿਤਸਰ ਜ਼ਿਲ੍ਹਾ ਦਿਹਾਤੀ ਪੁਲੀਸ ਦੇ ਐੰਸਐੰਸਪੀ ਮਨਿੰਦਰ ਸਿੰਘ ਨੇ ਕਿਹਾ ਕਿ ਜਹਿਰੀਲੀ ਸ਼ਰਾਬ ਮਾਮਲੇ ਵਿੱਚ ਮੁਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਪ੍ਰਭਜੀਤ ਸਿੰਘ ਨੇ 50 ਲੀਟਰ ਈਥਾਨੌਲ ਸਪਲਾਈ ਕੀਤਾ ਸੀ ,ਜਿਸ ਨੂੰ ਪਾਣੀ ਨਾਲ ਪਤਲਾ ਕਰਕੇ 120 ਲੀਟਰ ਵਿੱਚ ਬਦਲ ਦਿੱਤਾ ਗਿਆ ਸੀ। ਸਾਹਿਬ ਸਿੰਘ ਈਥਾਨੌਲ ਔਨਲਾਈਨ ਪ੍ਰਾਪਤ ਕਰਦਾ ਸੀ ਅਤੇ ਇਸ ਨੂੰ ਬੱਸਾਂ ਅਤੇ ਕੋਰੀਅਰ ਸੇਵਾਵਾਂ ਰਾਹੀਂ ਸਪਲਾਈ ਕਰਦਾ ਸੀ। ਉਨ੍ਹਾਂ ਕਿਹਾ ਕਿ ਕਈ ਫਰਮਾਂ ਦੀ ਪਛਾਣ ਕੀਤੀ ਗਈ ਹੈ ਜੋ ਈਥਾਨੌਲ ਔਨਲਾਈਨ ਵੇਚਦੀਆਂ ਹਨ। ਉਨ੍ਹਾਂ ਕਿਹਾ ਕਿ ਪੁਲੀਸ ਟੀਮਾਂ ਜਾਂਚ ਕਰ ਰਹੀਆਂ ਹਨ।
ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠਾ ਨੇ ਕਿਹਾ ਕਿ ਸਰਕਾਰ ਮੁੱਖ ਮੁਲਜ਼ਮ ਨੂੰ ਬਚਾ ਰਹੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਆਬਕਾਰੀ ਵਿਭਾਗ ਦੇ ਅਧਿਕਾਰੀ ਵੀ ਇਸ ਰੈਕੇਟ ਵਿੱਚ ਸ਼ਾਮਲ ਸਨ। ਉਨ੍ਹਾਂ ਹਰੇਕ ਪੀੜਤ ਨੂੰ 25 ਲੱਖ ਰੁਪਏ ਮੁਆਵਜ਼ਾ ਦੇਣ ਦੀ ਵੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਨਕਲੀ ਅਤੇ ਨਜਾਇਜ਼ ਸ਼ਰਾਬ ਤਸਕਰਾਂ ਨੂੰ ਫੜਨ ਵਿੱਚ ਅਸਫਲ ਰਹੀ ਹੈ।
ਮਜੀਠਾ ਦਾ ਡੀਐੱਸਪੀ ਤੇ ਥਾਣੇ ਦਾ ਐੱਸਐੱਚਓ ਮੁਅੱਤਲ
ਡੀਜੀਪੀ ਗੌਰਵ ਯਾਦਵ ਨੇ ਇਸ ਮਾਮਲੇ ਵਿਚ ਮਜੀਠਾ ਦੇ ਡੀਐੱਸਪੀ ਅਤੇ ਮਜੀਠਾ ਪੁਲੀਸ ਥਾਣੇ ਦੇ ਐੱਸਐੱਚਓ ਦੀ ਮੁਅੱਤਲੀ ਦੇ ਆਦੇਸ਼ ਜਾਰੀ ਕੀਤੇ ਹਨ।
ਯਾਦਵ ਨੇ ਐਕਸ ’ਤੇ ਇਕ ਪੋਸਟ ਵਿਚ ਦੱਸਿਆ ਕਿ ਇਸ ਮਾਮਲੇ ਵਿੱਚ ਲਾਪਰਵਾਹੀ ਵਰਤਣ ਦੇ ਦੋਸ਼ ਹੇਠ ਦੋਵਾਂ ਖਿਲਾਫ ਕਾਰਵਾਈ ਕੀਤੀ ਗਈ ਹੈ ਅਤੇ ਇਸ ਸਬੰਧ ਵਿੱਚ ਵਿਭਾਗੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਖੁਲਾਸਾ ਕੀਤਾ ਕਿ ਇਸ ਮਾਮਲੇ ਵਿੱਚ ਹੁਣ ਤੱਕ ਮੁੱਖ ਮੁਲਜ਼ਮ ਸਮੇਤ ਨੌਂ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ, ਜਿਸ ਵਿੱਚ ਜ਼ਹਿਰੀਲੀ ਸ਼ਰਾਬ ਸਪਲਾਈ ਕਰਨ ਵਾਲੇ ਕਈ ਡਿਸਟਰੀਬਿਊਟਰ ਵੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਸ ਵਾਸਤੇ ਈਥੇਨੌਲ ਆਨਲਾਈਨ ਮੰਗਵਾਈ ਗਈ ਸੀ, ਜਿਸ ਨੂੰ ਜ਼ਹਿਰੀਲੀ ਸ਼ਰਾਬ ਤਿਆਰ ਕਰਨ ਲਈ ਵਰਤਿਆ ਗਿਆ। ਪੁਲੀਸ ਵੱਲੋਂ ਇਸ ਮਾਮਲੇ ਵਿੱਚ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।