ਵੈਟਨਰੀ ਯੂਨੀਵਰਸਿਟੀ ਨੇ 'ਅਧਿਆਪਕ ਦਿਵਸ' ਨੂੰ ਹੜ੍ਹ ਪ੍ਰਭਾਵਿਤ ਭਾਈਚਾਰੇ ਨੂੰ ਰਾਹਤ ਦੇਣ ਲਈ ਕੀਤਾ ਸਮਰਪਿਤ

ਲੁਧਿਆਣਾ 06 ਸਤੰਬਰ 2025:- ਹੜ੍ਹ ਪ੍ਰਭਾਵਿਤ ਭਾਈਚਾਰੇ ਦੀ ਸਹਾਇਤਾ ਲਈ ਇੱਕ ਸਹਿਯੋਗੀ ਯਤਨ ਵਜੋਂ, ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਨੇ ਪਸ਼ੂ ਪਾਲਣ ਵਿਭਾਗ, ਪੰਜਾਬ ਅਤੇ ਆਲ ਫੀਡ ਮਿੱਲਰਜ਼ ਐਸੋਸੀਏਸ਼ਨ, ਪੰਜਾਬ ਦੇ ਸਹਿਯੋਗ ਨਾਲ ਫਾਜ਼ਿਲਕਾ ਜ਼ਿਲ੍ਹੇ ਦੇ ਲਾਧੂਕਾ ਮੰਡੀ ਵਿੱਚ ਵੱਡੇ ਪੱਧਰ 'ਤੇ ਪਸ਼ੂ ਭਲਾਈ ਅਤੇ ਸਿਹਤ ਕੈਂਪ ਦਾ ਆਯੋਜਨ ਕੀਤਾ।

ਲੁਧਿਆਣਾ 06 ਸਤੰਬਰ 2025:- ਹੜ੍ਹ ਪ੍ਰਭਾਵਿਤ ਭਾਈਚਾਰੇ ਦੀ ਸਹਾਇਤਾ ਲਈ ਇੱਕ ਸਹਿਯੋਗੀ ਯਤਨ ਵਜੋਂ, ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਨੇ ਪਸ਼ੂ ਪਾਲਣ ਵਿਭਾਗ, ਪੰਜਾਬ ਅਤੇ ਆਲ ਫੀਡ ਮਿੱਲਰਜ਼ ਐਸੋਸੀਏਸ਼ਨ, ਪੰਜਾਬ ਦੇ ਸਹਿਯੋਗ ਨਾਲ ਫਾਜ਼ਿਲਕਾ ਜ਼ਿਲ੍ਹੇ ਦੇ ਲਾਧੂਕਾ ਮੰਡੀ ਵਿੱਚ ਵੱਡੇ ਪੱਧਰ 'ਤੇ ਪਸ਼ੂ ਭਲਾਈ ਅਤੇ ਸਿਹਤ ਕੈਂਪ ਦਾ ਆਯੋਜਨ ਕੀਤਾ। ਅਧਿਆਪਕ ਦਿਵਸ ਨੂੰ ਸਮਰਪਿਤ ਕੀਤੇ ਗਏ ਇਸ ਉਪਰਾਲੇ ਦਾ ਉਦੇਸ਼ ਇਨੀਂ ਦਿਨੀਂ ਆਏ ਹੜ੍ਹ ਕਾਰਨ ਪ੍ਰਭਾਵਿਤ ਪਸ਼ੂਆਂ ਅਤੇ ਵਸਨੀਕਾਂ ਦੋਵਾਂ ਨੂੰ ਤੁਰੰਤ ਰਾਹਤ ਅਤੇ ਸਹਾਇਤਾ ਪ੍ਰਦਾਨ ਕਰਨਾ ਸੀ। 
ਯੂਨੀਵਰਸਿਟੀ ਅਧਿਆਪਕ ਐਸੋਸੀਏਸ਼ਨ ਨੇ ਕੈਂਪ ਵਿੱਚ ਮੁਫਤ ਦਵਾਈਆਂ ਪ੍ਰਦਾਨ ਕੀਤੀਆਂ। ਕੈਂਪ ਦੀ ਅਗਵਾਈ ਖ਼ੁਦ ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਕੀਤੀ। ਉਨ੍ਹਾਂ ਨੇ ਸਾਂਝੇ ਉਪਰਾਲੇ ਦੀ ਪ੍ਰਸੰਸਾ ਕਰਦਿਆਂ ਕਿਹਾ, "ਇਸ ਨਾਜ਼ੁਕ ਸਮੇਂ ਦੌਰਾਨ ਅਜਿਹੀਆਂ ਪਹਿਲਕਦਮੀ ਭਾਈਚਾਰੇ ਪ੍ਰਤੀ ਸਾਡੀ ਸੱਚੀ ਵਚਨਬੱਧਤਾ ਨੂੰ ਦਰਸਾਉਂਦੀ ਹੈ।" ਡਾ. ਗਿੱਲ ਨੇ ਕਿਸਾਨ ਅਤੇ ਪਸ਼ੂ ਭਲਾਈ ਪ੍ਰਤੀ ਯੂਨੀਵਰਸਿਟੀ ਦੇ ਸਮਰਪਣ ਨੂੰ ਉਜਾਗਰ ਕੀਤਾ।
ਵੈਟਨਰੀ ਮਾਹਿਰਾਂ ਅਤੇ ਅਧਿਆਪਕਾਂ ਦੀ ਟੀਮ, ਡਾ. ਬਿਲਾਵਲ ਸਿੰਘ, ਹਰਮਨਪ੍ਰੀਤ ਸਿੰਘ ਸੋਢੀ, ਪ੍ਰਤੀਕ ਸਿੰਘ ਧਾਲੀਵਾਲ, ਅਤੇ ਤਨਵਿਕਾ ਨੇ ਯੂਨੀਵਰਸਿਟੀ ਦੇ ਪੋਸਟ-ਗ੍ਰੈਜੂਏਟ ਅਤੇ ਵੈਟਨਰੀ ਸਿਖਾਂਦਰੂਆਂ ਦੇ ਨਾਲ ਮਿਲ ਕੇ ਕਈ ਤਰ੍ਹਾਂ ਦੀਆਂ ਮੁਫਤ ਸੇਵਾਵਾਂ ਪ੍ਰਦਾਨ ਕੀਤੀਆਂ, ਜਿਸ ਵਿੱਚ ਬਿਮਾਰ ਜਾਨਵਰਾਂ ਦਾ ਮੌਕੇ 'ਤੇ ਇਲਾਜ, ਟੀਕਾਕਰਨ, ਮਲੱਪ ਰਹਿਤ ਕਰਨਾ,  ਲੇਵੇ ਦੀ ਸੋਜ ਅਤੇ ਦੁਧਾਰੂ ਜਾਨਵਰਾਂ ਲਈ ਪ੍ਰਜਣਨ ਸਿਹਤ ਸਲਾਹ-ਮਸ਼ਵਰਾ ਸ਼ਾਮਲ ਸੀ। 
ਟੀਮ ਨੇ ਮੁਫ਼ਤ ਦਵਾਈਆਂ ਅਤੇ ਫੀਡ ਵੀ ਵੰਡੀ। ਆਪਣੀਆਂ ਸਰਕਾਰੀ ਜ਼ਿੰਮੇਵਾਰੀਆਂ ਤੋਂ ਅੱਗੇ ਵਧ ਕੇ, ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਸੁੱਕੇ ਰਾਸ਼ਨ, ਮਨੁੱਖੀ ਦਵਾਈਆਂ ਅਤੇ ਸੈਨੇਟਰੀ ਪੈਡ ਵਰਗੀਆਂ ਸਮਾਜਿਕ ਸਹੂਲਤਾਂ ਦਾ ਨਿੱਜੀ ਤੌਰ 'ਤੇ ਯੋਗਦਾਨ ਪਾਇਆ। ਇਹ ਸੇਵਾਵਾਂ ਲਗਭਗ 150 ਕਿਸਾਨਾਂ ਨਾਲ ਸਬੰਧਤ ਪਰਿਵਾਰਾਂ ਵਿੱਚ 225 ਦੁਧਾਰੂ ਪਸ਼ੂਆਂ ਅਤੇ ਲਗਭਗ 50 ਭੇਡਾਂ ਅਤੇ ਬੱਕਰੀਆਂ ਨੂੰ ਪ੍ਰਦਾਨ ਕੀਤੀਆਂ ਗਈਆਂ। 
ਆਲ ਫੀਡ ਮਿੱਲਰਜ਼ ਐਸੋਸੀਏਸ਼ਨ ਨੇ ਪਸ਼ੂ ਫੀਡ ਦੇ 100 ਥੈਲਿਆਂ ਨਾਲ ਰਾਹਤ ਕਾਰਜਾਂ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ। ਇਸ ਜਥੇਬੰਦੀ ਦੇ ਪ੍ਰਧਾਨ ਸ੍ਰੀ ਅਸ਼ੋਕ ਕੁਮਾਰ ਅਤੇ ਸਕੱਤਰ ਸ੍ਰੀ ਜੀ. ਐੱਸ ਸੋਢੀ ਨੇ ਦੱਸਿਆ ਕਿ ਸਾਡੀ ਜਥੇਬੰਦੀ ਰਾਜ ਦੇ ਕਿਸਾਨਾਂ ਦੇ ਨਾਲ ਖੜ੍ਹੀ ਹੈ ਅਤੇ ਯੂਨੀਵਰਸਿਟੀ ਦੇ ਸਹਿਯੋਗ ਨਾਲ ਅਸੀਂ ਸਹਾਇਤਾ ਪ੍ਰਦਾਨ ਕਰਨਾ ਜਾਰੀ ਰੱਖਾਂਗੇ।
ਹੜ੍ਹ ਪ੍ਰਭਾਵਿਤ ਵੱਡੀ ਸ਼ਮੂਲੀਅਤ ਵਾਲੇ ਇਸ ਰਾਹਤ ਕੈਂਪ ਦਾ ਆਯੋਜਨ ਡਾ. ਰਵਿੰਦਰ ਸਿੰਘ ਗਰੇਵਾਲ, ਨਿਰਦੇਸ਼ਕ ਪਸਾਰ ਸਿੱਖਿਆ ਦੀ ਅਗਵਾਈ ਹੇਠ ਕੀਤਾ ਗਿਆ ਸੀ। ਡਾ. ਗਰੇਵਾਲ ਨੇ ਦੱਸਿਆ ਕਿ ਇਹ ਇਸ ਲੜੀ ਦਾ ਦੂਜਾ ਕੈਂਪ ਹੈ ਅਤੇ ਪੰਜਾਬ ਦੇ ਹੋਰ ਪ੍ਰਭਾਵਿਤ ਖੇਤਰਾਂ ਵਿੱਚ ਵੀ ਇਸੇ ਤਰ੍ਹਾਂ ਦੇ ਹੜ੍ਹ ਰਾਹਤ ਕੈਂਪ ਲਗਾਏ ਜਾਣਗੇ। ਕੈਂਪ ਦੇ ਸੰਯੋਜਕ ਡਾ. ਪ੍ਰਹਿਲਾਦ ਸਿੰਘ ਵੱਲੋਂ ਪੂਰੀ ਟੀਮ ਦੇ ਨਾਲ ਮਿਲ ਕੇ ਸ਼ਲਾਘਾਯੋਗ ਯਤਨ ਕੀਤੇ ਗਏ , ਜਿਸ ਨਾਲ ਇਸ ਸਮਾਗਮ ਦੀ ਸਫਲਤਾ ਯਕੀਨੀ ਬਣ ਸਕੀ।