ਕਲਯੁਗੀ ਭਰਾ ਨੇ ਆਪਣੇ ਭਰਾ, ਭਰਜਾਈ ਅਤੇ ਭਤੀਜੇ ਦਾ ਕਤਲ ਕਰਕੇ ਲਾਸ਼ਾਂ ਨਹਿਰ ਵਿੱਚ ਸੁੱਟੀਆਂ ਦੋ ਸਾਲ ਦੇ ਬੱਚੇ ਨੂੰ ਜਿੰਦਾ ਨਹਿਰ ਵਿੱਚ ਸੁੱਟ ਦਿੱਤਾ

ਖਰੜ, 13 ਅਕਤੂਬਰ - ਖਰੜ ਵਿੱਚ ਇੱਕ ਵਿਅਕਤੀ ਵਲੋਂ ਆਪਣੇ ਵੱਡੇ ਭਰਾ, ਭਰਜਾਈ ਅਤੇ ਮਾਸੂਮ ਭਤੀਜੇ ਦੇ ਕਤਲ ਦਾ ਮਾਮਲਾ ਸਾਮ੍ਹਣੇ ਆਇਆ ਹੈ।

ਖਰੜ, 13 ਅਕਤੂਬਰ - ਖਰੜ ਵਿੱਚ ਇੱਕ ਵਿਅਕਤੀ ਵਲੋਂ ਆਪਣੇ ਵੱਡੇ ਭਰਾ, ਭਰਜਾਈ ਅਤੇ ਮਾਸੂਮ ਭਤੀਜੇ ਦੇ ਕਤਲ ਦਾ ਮਾਮਲਾ ਸਾਮ੍ਹਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਖਰੜ ਦੇ ਵਸਨੀਕ ਸਤਬੀਰ ਸਿੰਘ ਦੇ ਵੱਡੇ ਭਰਾ ਲਖਵੀਰ ਸਿੰਘ ਵਲੋਂ ਆਪਣੇ ਭਰਾ ਸਤਵੀਰ ਸਿੰਘ, ਉਸਦੀ ਪਤਨੀ ਅਮਨਦੀਪ ਕੌਰ ਅਤੇ ਉਹਨਾਂ ਦੇ ਦੋ ਸਾਲ ਦੇ ਪੁੱਤਰ ਅਨਾਹਦ ਸਿੰਘ ਨੂੰ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ।
ਮ੍ਰਿਤਕ ਅਮਨਦੀਪ ਕੌਰ ਦੇ ਭਰਾ ਰਣਜੀਤ ਸਿੰਘ ਵਾਸੀ ਬਠਿੰਡਾ ਨੇ ਦੱਸਿਆ ਕਿ ਉਸ ਦੀ ਭੈਣ ਅਮਨਦੀਪ ਕੌਰ ਦਾ ਵਿਆਹ ਸਾਲ 2020 ਵਿੱਚ ਸਤਵੀਰ ਸਿੰਘ ਨਾਲ ਹੋਇਆ ਸੀ, ਜੋ ਕਿ ਇਸ ਸਮੇਂ ਖਰੜ ਰਹਿ ਰਹੇ ਹਨ। ਉਨ੍ਹਾਂ ਦਾ ਇਕ 2 ਸਾਲ ਦਾ ਪੁੱਤਰ ਅਨਾਹਦ ਸਿੰਘ ਹੈ। ਉਸ ਨੇ ਦੱਸਿਆ ਕਿ ਉਸਦੇ ਜੀਜੇ ਦਾ ਭਰਾ ਲਖਵੀਰ ਸਿੰਘ ਵੀ ਉਨ੍ਹਾਂ ਨਾਲ ਹੀ ਰਹਿੰਦਾ ਸੀ ਅਤੇ ਕੋਈ ਕੰਮ ਕਾਰ ਨਹੀਂ ਕਰਦਾ ਸੀ, ਉਲਟਾ ਲੜਾਈ-ਝਗੜਾ ਕਰਦਾ ਸੀ।
ਰਣਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਨੂੰ ਉਸਦੇ ਜੀਜੇ ਦੀ ਭੈਣ ਦਾ ਫੋਨ ਆਇਆ ਸੀ ਕਿ ਅਮਨਦੀਪ ਅਤੇ ਸਤਬੀਰ ਫੋਨ ਨਹੀਂ ਚੁੱਕ ਰਹੇ, ਜਿਸ ਤੋਂ ਬਾਅਦ ਉਹ ਆਪਣੇ ਭਰਾ ਨਾਲ ਖਰੜ ਪੁੱਜਿਆ। ਜਦੋਂ ਇੱਥੇ ਆ ਕੇ ਦੇਖਿਆ ਤਾਂ ਘਰ ਨੂੰ ਤਾਲਾ ਲੱਗਾ ਹੋਇਆ ਸੀ ਅਤੇ ਕਈ ਥਾਂ ਤੇ ਖੂਨ ਦੇ ਨਿਸ਼ਾਨ ਸਨ। ਇੰਨੇ ਵਿੱਚ ਸਤਬੀਰ ਸਿੰਘ ਦੇ ਪਿਤਾ ਅਤੇ ਭੈਣ ਵੀ ਆ ਗਈ। ਅਮਨਦੀਪ ਅਤੇ ਸਤਬੀਰ ਨੂੰ ਹਰ ਥਾਂ ਲੱਭਿਆ ਗਿਆ ਪਰ ਉਨ੍ਹਾਂ ਦਾ ਕਿਤੇ ਪਤਾ ਨਹੀਂ ਲੱਗਾ। ਇਸਤੋਂ ਬਾਅਦ ਜਦੋਂ ਸ਼ੱਕ ਹੋਣ ਤੇ ਲਖਬੀਰ ਸਿੰਘ ਤੋਂ ਪੁੱਛਗੱਛੀ ਕੀਤੀ ਗਈ, ਜਿਸ ਤੋਂ ਬਾਅਦ ਦੋਸ਼ੀ ਨੇ ਆਪਣਾ ਗੁਨਾਹ ਕਬੂਲ ਕਰ ਲਿਆ।
ਲਖਵੀਰ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਉਸ ਨੇ ਆਪਣੇ ਦੋਸਤ ਰਾਮ ਸਰੂਪ ਨਾਲ ਮਿਲ ਕੇ ਪਹਿਲਾਂ ਆਪਣੀ ਭਰਜਾਈ ਅਮਨਦੀਪ ਕੌਰ ਦਾ ਗਲਾ ਘੁੱਟਿਆ। ਜਦੋਂ ਉਹ ਬੇਹੋਸ਼ ਹੋ ਗਈ ਤਾਂ ਦੋਹਾਂ ਨੇ ਉਸ ਦੇ ਗਲੇ ਵਿੱਚ ਚੁੰਨੀ ਪਾ ਕੇ ਪੱਖੇ ਨਾਲ ਲਟਕਾ ਦਿੱਤਾ ਤਾਂ ਜੋ ਇਹ ਖ਼ੁਦਕੁਸ਼ੀ ਦਾ ਮਾਮਲਾ ਲੱਗੇ। ਜਦੋਂ ਸਤਵੀਰ ਸਿੰਘ ਘਰ ਆਇਆ ਤਾਂ ਇਹਨਾਂ ਦੋਵਾਂ ਨੇ ਲੋਹੇ ਹੀ ਕਹੀ ਨਾਲ ਉਸਦੇ ਸਿਰ ਤੇ ਵਾਰ ਕੀਤਾ, ਜਿਸ ਕਾਰਨ ਉਹ ਫਰਸ਼ ਤੇ ਡਿੱਗ ਪਿਆ ਅਤੇ ਉਸ ਦੀ ਮੌਤ ਹੋ ਗਈ।
ਇਹਨਾਂ ਦੋਵਾਂ ਨੇ ਸਤਵੀਰ ਸਿੰਘ ਅਤੇ ਅਮਨਦੀਪ ਕੌਰ ਦੀਆਂ ਲਾਸ਼ਾਂ ਸਤਵੀਰ ਸਿੰਘ ਦੀ ਗੱਡੀ ਵਿੱਚ ਰੱਖੀਆਂ ਅਤੇ ਸਬੂਤ ਖ਼ਤਮ ਕਰਨ ਲਈ ਘਰ ਦਾ ਫਰਸ਼ ਅਤੇ ਹੋਰ ਜਗ੍ਹਾ ਡੁੱਲ੍ਹੇ ਖੂਨ ਨੂੰ ਚੰਗੀ ਤਰ੍ਹਾਂ ਸਾਫ਼ ਕਰ ਦਿੱਤਾ। ਇਹਨਾਂ ਦੋਵਾਂ ਨੇ ਸਤਵੀਰ ਦੇ ਪੁੱਤਰ ਅਨਾਹਦ ਸਿੰਘ (ਜੋ ਕਿ ਜ਼ਿੰਦਾ ਸੀ) ਨੂੰ ਵੀ ਚੁੱਕ ਕੇ ਗੱਡੀ ਵਿੱਚ ਬਿਠਾ ਲਿਆ ਅਤੇ ਫਿਰ ਘਰ ਦੀਆਂ ਲਾਈਟਾਂ ਬੰਦ ਕਰਕੇ ਤਾਲਾ ਲਗਾ ਕੇ ਚਲੇ ਗਏ ਅਤੇ ਰੋਪੜ ਨੇੜੇ ਪੈਂਦੀ ਵੱਡੀ ਨਹਿਰ ਤੇ ਪੁੱਜ ਕੇ ਦੋਹਾਂ ਦੀਆਂ ਲਾਸ਼ਾਂ ਨੂੰ ਨਹਿਰ ਵਿੱਚ ਸੁੱਟ ਦਿੱਤਾ। ਇਸ ਮੌਕੇ ਮਾਸੂਮ ਅਨਾਹਦ ਗੱਡੀ ਵਿੱਚ ਬੈਠਾ ਰੋਣ ਲੱਗ ਗਿਆ ਅਤੇ ਇਹਨਾਂ ਦੋਵਾਂ ਨੇ ਉਸ ਨੂੰ ਜ਼ਿੰਦਾ ਹੀ ਨਹਿਰ ਵਿੱਚ ਸੁੱਟ ਦਿੱਤਾ।
ਇਸ ਮਾਮਲੇ ਵਿੱਚ ਪੁਲੀਸ ਵਲੋਂ ਲਖਵੀਰ ਸਿੰਘ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ।