ਐਸ ਵਾਈ ਐਲ ਮੁੱਦੇ ਤੇ 1 ਨਵੰਬਰ ਨੂੰ ਲੁਧਿਆਣਾ ਵਿੱਚ ਹੋਣ ਵਾਲੀ ਬਹਿਸ ਵਿੱਚ ਸ਼ਾਮਿਲ ਨਹੀਂ ਹੋਵੇਗਾ ਅਕਾਲੀ ਦਲ : ਪ੍ਰੋ. ਚੰਦੂਮਾਜਰਾ

ਐਸ ਵਾਈ ਐਲ ਮੁੱਦੇ ਤੇ 1 ਨਵੰਬਰ ਨੂੰ ਲੁਧਿਆਣਾ ਵਿੱਚ ਹੋਣ ਵਾਲੀ ਬਹਿਸ ਵਿੱਚ ਸ਼ਾਮਿਲ ਨਹੀਂ ਹੋਵੇਗਾ ਅਕਾਲੀ ਦਲ : ਪ੍ਰੋ. ਚੰਦੂਮਾਜਰਾ ਕੇਜਰੀਵਾਲ ਦੇ ਇਸ਼ਾਰੇ ਤੇ ਪੰਜਾਬ ਵਾਸੀਆਂ ਨੂੰ ਲੜਾਉਣ ਦੀ ਸਾਜਿਸ਼ ਦਾ ਹਿੱਸਾ ਬਣ ਗਏ ਹਨ ਭਗਵੰਤ ਮਾਨ

ਐਸ ਏ ਐਸ ਨਗਰ, 13 ਅਕਤੂਬਰ - ਸਾਬਕਾ ਮੈਂਬਰ ਪਾਰਲੀਮੈਂਟ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਇਲਜਾਮ ਲਗਾਇਆ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਜੇਕਰੀਵਾਲ ਦੇ ਇਸ਼ਾਰੇ ਤੇ ਪੰਜਾਬ ਵਾਸੀਆਂ ਨੂੰ ਲੜਾਉਣ ਦੀ ਸਾਜਿਸ਼ ਕਰ ਰਹੇ ਹਨ ਜਿਸਦੇ ਤਹਿਤ 1 ਨਵੰਬਰ ਨੂੰ ਲੁਧਿਆਣਾ ਵਿੱਚ ਐਸ ਵਾਈ ਐਲ ਦੇ ਮੁੱਦੇ ਤੇ ਫਿਜੂਲ ਬਹਿਸ ਦਾ ਆਡੰਬਰ ਰਚਿਆ ਗਿਆ ਹੈ ਜਿਸ ਵਿੱਚ ਪੰਜਾਬ ਦੇ ਹੱਕ ਵਿੱਚ ਕੋਈ ਸਾਰਥਕ ਗੱਲ ਹੋਣ ਦੀ ਸੰਭਾਵਨਾ ਨਹੀਂ ਹੈ ਇਸ ਲਈ ਸ਼੍ਰੋਮਣੀ ਅਕਾਲੀ ਦਲ ਵਲੋਂ ਇਸ ਮੀਟਿੰਗ ਵਿੱਚ ਭਾਗ ਨਹੀਂ ਲਿਆ ਜਾਵੇਗਾ।
ਅੱਜ ਇੱਥੇ ਯੂਥ ਅਕਾਲੀ ਆਗੂ ਸz. ਹਰਮਨਪ੍ਰੀਤ ਸਿੰਘ ਪ੍ਰਿੰਸ ਦੀ ਰਿਹਾਇਸ਼ ਵਿਖੇ ਪੱਤਰਕਾਰ ਸੰਮੇਲਨ ਦੌਰਾਨ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਵਲੋਂ 1 ਨੰਵਬਰ ਨੂੰ ਲੁਧਿਆਣਾ ਵਿਖੇ ਐਸ ਵਾਈ ਐਲ ਦੇ ਮੁੱਦੇ ਤੇ ਕੀਤੀ ਜਾਣ ਵਾਲੀ ਬਹਿਸ ਅਸਲ ਵਿੱਚ ਪੰਜਾਬੀਆਂ ਨੂੰ ਆਪਸ ਵਿੱਚ ਲੜਾਉਣ ਦੀ ਸਾਜਿਸ਼ ਦਾ ਹਿੱਸਾ ਹੈ ਅਤੇ ਇਸ ਬਹਿਸ ਨਾਲ ਪੰਜਾਬ ਦੇ ਪਾਣੀਆਂ ਦੀ ਲੁੱਟ ਤੇ ਰੋਕ ਲੱਗਣ ਵਾਲੀ ਕੋਈ ਕਾਰਵਾਈ ਸਾਮ੍ਹਣੇ ਆਉਣ ਵਾਲੀ ਨਹੀਂ ਹੈ ਇਸ ਲਈ ਅਕਾਲੀ ਦਲ ਇਸ ਵਿੱਚ ਸ਼ਾਮਿਲ ਨਹੀਂ ਹੋਵੇਗਾ। ਉਹਨਾਂ ਕਿਹਾ ਕਿ ਇਸ ਅਹਿਮ ਮੁੱਦੇ ਤੇ ਸਰਕਾਰ ਨੂੰ ਸਾਰਿਆਂ ਨੂੰ ਨਾਲ ਲੈ ਕੇ ਅਤੇ ਸਾਂਝੀ ਰਣਨੀਤੀ ਤਿਆਰ ਕਰਕੇ ਪੰਜਾਬ ਦੇ ਪਾਣੀਆਂ ਤੇ ਪੈਣ ਵਾਲੇ ਡਾਕੇ ਨੂੰ ਰੋਕਣ ਲਈ ਸਾਂਝੀ ਵਿਊਂਤ ਬੰਦੀ ਤਿਆਰ ਕਰਨ ਦੀ ਲੋੜ ਹੈ ਜਦੋਂਕਿ ਸਰਕਾਰ ਇਸ ਮੁੱਦੇ ਤੇ ਹੋਰਨਾਂ ਪਾਰਟੀਆਂ ਦੇ ਨਾਲ ਮਿਹਣੋ ਮਿਹਣੀ ਹੋ ਕੇ ਸੂਬੇ ਦਾ ਮਾਹੌਲ ਖਰਾਬ ਕਰਨ ਵੱਧ ਵੱਧ ਰਹੇ ਹਨ।
ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੇਜਰੀਵਾਲ ਦਾ ਮੋਹਰਾ ਬਣ ਕੇ ਪੰਜਾਬੀਆਂ ਦੀ ਏਕਤਾ, ਇੱਕਜੁਟਤਾ ਨੂੰ ਲੀਰੋ ਲੀਰ ਕਰਕੇ ਪੰਜਾਬ ਦੇ ਹਿੱਤਾਂ ਦਾ ਘਾਣ ਕਰਨ ਦਾ ਰਾਹ ਫੜ ਲਿਆ ਹੈ। ਉਹਨਾਂ ਕਿਹਾ ਕਿ ਇਸ ਮੁੱਦੇ ਤੇ ਪੰਜਾਬ ਵਿੱਚ ਬਹਿਸ ਕਰਵਾਉਣ ਵਾਲੇ ਮੁੱਖ ਮੰਤਰੀ ਇਹ ਦੱਸਣ ਕਿ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਐਸ ਵਾਈ ਐਲ ਦੇ ਮਾਮਲੇ ਦੀ ਸੁਣਵਾਈ ਦੌਰਾਨ ਬਹਿਸ ਕਿਉਂ ਨਹੀਂ ਕੀਤੀ ਅਤੇ ਸਰਕਾਰ ਨੇ ਐਡਵੋਕੇਟ ਜਨਰਲ ਨੂੰ ਘਰ ਕਿਉਂ ਤੋਰ ਦਿੱਤਾ।
ਉਹਨਾਂ ਕਿਹਾ ਕਿ ਮੁੱਖ ਮੰਤਰੀ ਵਲੋਂ ਲਏ ਗਏ ਪੰਜਾਬ ਵਿਰੋਧੀ ਸਟੈਂਡ ਦਾ ਪ੍ਰਗਟਾਵਾ ਇਸ ਨਾਲ ਵੀ ਹੁੰਦਾ ਹੈ ਕਿ ਇੱਕ ਪਾਸੇ ਜਿੱਥੇ ਹਰਿਆਣਾ ਦੇ ਮੁੱਖ ਮੰਤਰੀ ਹਰਿਆਣਾ ਦੀਆਂ ਸਾਰੀਆਂ ਸਿਆਸੀ ਧਿਰਾਂ ਦੇ ਇੱਕਜੁੱਟ ਹੋਣ ਦੀ ਗੱਲ ਕਰ ਰਹੇ ਸਨ ਉੱਥੇ ਭਗਵੰਤ ਮਾਨ ਵਲੋਂ ਪੰਜਾਬ ਦੀਆਂ ਸਿਆਸੀ ਧਿਰਾਂ ਨੂੰ ਹੀ ਕੋਸਿਆ ਜਾ ਰਿਹਾ ਸੀ।
ਉਹਨਾਂ ਕਿਹਾ ਕਿ ਅਕਾਲੀ ਦਲ ਵਲੋਂ ਪਹਿਲਾਂ ਹੀ ਮੁੱਖ ਮੰਤਰੀ ਨੂੰ ਆਪਣੇ ਪੱਖ ਤੋਂ ਜਾਣੂ ਕਰਵਾਉਣ ਅਤੇ ਮੁੱਖ ਮੰਤਰੀ ਦਾ ਪੱਖ ਜਾਨਣ ਲਈ ਉਹਨਾਂ ਦੀ ਰਿਹਾਇਸ਼ ਤੇ ਜਾ ਕੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਸੀ ਅਤੇ ਇਸ ਵਾਰ ਚਾਰ ਦਿਨ ਪਹਿਲਾਂ ਹੀ ਜਨਤਕ ਐਲਾਨ ਕਰਕੇ ਜਾਣਕਾਰੀ ਵੀ ਦਿੱਤੀ ਗਈ ਸੀ ਪਰੰਤੂ ਮੁੱਖ ਮੰਤਰੀ ਉਸ ਦਿਨ ਆਪਣੇ ਘਰ ਤੋਂ ਹੀ ਨਹੀਂ ਬਲਕਿ ਪੰਜਾਬ ਤੋਂ ਹੀ ਭੱਜ ਗਏ ਅਤੇ ਅਕਾਲੀ ਦਲ ਨੂੰ ਰੋਕਣ ਲਈ ਪੁਲੀਸ ਲਾ ਦਿੱਤੀ ਗਈ।
ਉਹਨਾਂ ਕਿਹਾ ਕਿ ਅਕਾਲੀ ਦਲ ਨੂੰ ਪੁਖਤਾ ਜਾਣਕਾਰੀ ਮਿਲੀ ਹੈ ਕਿ 1 ਨਵੰਬਰ ਨੂੰ ਕੇਂਦਰ ਸਰਕਾਰ ਦੀ ਸਰਵੇ ਟੀਮ ਐਸ ਵਾਈ ਐਲ ਦਾ ਦੌਰਾ ਕਰਨ ਆ ਰਹੀ ਹੈ ਅਤੇ ਅਕਾਲੀ ਦਲ ਕਿਸੇ ਵੀ ਹਾਲਤ ਵਿੱਚ ਸਰਵੇ ਟੀਮ ਨੂੰ ਪੰਜਾਬ ਦੀ ਧਰਤੀ ਤੇ ਪੈਰ ਨਹੀਂ ਰੱਖਣ ਦੇਵੇਗਾ। ਉਹਨਾਂ ਕਿਹਾ ਕਿ ਅਕਾਲੀ ਦਲ ਵਲੋਂ ਆਪਣੇ ਉੜਣ ਦਸਤੇ ਤਿਆਰ ਕੀਤੇ ਗਏ ਹਨ ਜਿਹੜੇ ਕੀਰਤਪੁਰ ਸਾਹਿਬ ਨੇੜੇ (ਐਸ ਵਾਈ ਐਲ ਆਰੰਭ ਹੋਣ ਵਾਲੀ ਥਾਂ ਤੇ) ਅਤੇ ਕਪੂਰੀ (ਜਿੱਥੇ ਇਸ ਨਹਿਰ ਦਾ ਪੰਜਾਰ ਦਾ ਖੇਤਰ ਖਤਮ ਹੁੰਦਾ ਹੈ) ਵਿਖੇ ਤੈਨਾਤ ਰਹਿਣਗੇ ਅਤੇ ਕੇਂਦਰ ਸਰਕਾਰ ਦੀਆਂ ਟੀਮਾਂ ਦਾ ਵਿਰੋਧ ਕੀਤਾ ਜਾਵੇਗਾ।ਉਹਨਾਂ ਕਿਹਾ ਕਿ ਮੁੱਖ ਮੰਤਰੀ ਇਹ ਦੱਸਣ ਕਿ ਉਹ ਪੰਜਾਬ ਦੇ ਨਾਲ ਹਨ ਜਾਂ ਪੰਜਾਬ ਦੇ ਪਾਣੀਆਂ ਦੀ ਲੁੱਟ ਕਰਨ ਵਾਲਿਆਂ ਦੇ ਨਾਲ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੂੰ ਦੱਸਣਾ ਪਵੇਗਾ ਕਿ ਉਹ ਸ਼ਿਕਾਰ ਦੀ ਮਦਦ ਤੇ ਹਨ ਜਾਂ ਸ਼ਿਕਾਰੀ ਦੇ ਨਾਲ ਮਿਲ ਕੇ ਪੰਜਾਬ ਦੇ ਹਿੱਤਾਂ ਦਾ ਘਾਣ ਕਰ ਰਹੇ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਦੱਸਣ ਕਿ ਪੰਜਾਬ ਦੀ ਸਰਕਾਰੀ ਕੋਠੀ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਪੰਜਾਬ ਵਿਰੋਧੀ ਪ੍ਰਚਾਰ ਕਿਉਂ ਹੋਣ ਦਿੱਤਾ ਗਿਆ ਅਤੇ ਇਸਦੀ ਇਜਾਜਤ ਕਿਸਨੇ ਦਿੱਤੀ ਸੀ।
ਉਹਨਾਂ ਕਿਹਾ ਕਿ ਅਕਾਲੀ ਦਲ ਪੰਜਾਬ ਦੇ ਪਾਣੀਆਂ ਤੇ ਡਾਕਾ ਨਹੀਂ ਮਾਰਨ ਦੇਵੇਗਾ ਅਤੇ ਇਸਦੇ ਖਿਲਾਫ ਜੋ ਵੀ ਕਾਰਵਾਈ ਕਰਨੀ ਪਈ, ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਅਕਾਲੀ ਦਲ ਸਮੂਹ ਪੰਜਾਬ ਹਿਤੈਸ਼ੀਆਂ ਨੂੰ ਅਪੀਲ ਕਰਦਾ ਹੈ ਕਿ ਜਿਸ ਤਰੀਕੇ ਨਾਲ 1982 ਵਿੱਚ ਕਾਂਗਰਸ ਤੋਂ ਇਲਾਵਾ ਸਮੂਹ ਪੰਜਾਬੀਆਂ ਵਲੋਂ ਇਸ ਮ੍ਰੁੱਦੇ ਤੇ ਮੋਰਚਾ ਲਗਾਇਆ ਗਿਆ ਸੀ ਉਸੇ ਤਰ੍ਹਾਂ ਹੁਣ ਇੱਕ ਵਾਰ ਫਿਰ ਇਤਿਹਾਸ ਨੂੰ ਦੁਹਰਾ ਕੇ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਦੀ ਲੜਾਈ ਲੜੀ ਜਾਵੇ।
ਵਿਧਾਨਸਭਾ ਦੇ ਸੈਸ਼ਨ ਬਾਰੇ ਉਹਨਾਂ ਕਿਹਾ ਕਿ ਇਸ ਸੈਸ਼ਨ ਦੌਰਾਨ ਵੀ ਇੱਕ ਦੂਜੇ ਨੂੰ ਤਾਅਨੇ ਮਾਰਨ ਤੋਂ ਇਲਾਵਾ ਹੋਰ ਕੁੱਝ ਸਾਰਥਕ ਹੋਣ ਦੀ ਆਸ ਨਹੀਂ ਹੈ ਅਤੇ ਸਰਕਾਰ ਨੂੰ ਚਾਹੀਦਾ ਸੀ ਕਿ ਉਹ ਸਰਵ ਪਾਰਟੀ ਮੀਟਿੰਗ ਬਲਾ ਕੇ ਇਸ ਮੁੱਦੇ ਤੇ ਆਮ ਰਾਏ ਕਾਇਮ ਕਰਦੀ ਅਤੇ ਫਿਰ ਵਿਧਾਨਸਭਾ ਵਿੱਚ ਮਤਾ ਪਾਸ ਕੀਤਾ ਜਾਂਦਾ ਪਰੰਤੂ ਮੁੱਖ ਮੰਤਰੀ ਉਲਟਾ ਪੰਜਾਬ ਖਿਲਾਫ ਸਾਜਿਸ਼ ਦਾ ਹਿੱਸਾ ਬਣ ਗਏ ਹਨ।
ਉਹਨਾਂ ਕਿਹਾ ਕਿ ਇਹ ਸਾਰਾ ਕੁੱਝ ਇੱਕ ਡੂੰਘੀ ਸਾਜਿਸ਼ ਦੇ ਤਹਿਤ ਕੀਤਾ ਜਾ ਰਿਹਾ ਹੈ ਅਤੇ ਜੇਕਰ ਮੁੱਖ ਮੰਤਰੀ ਨੂੰ ਪੰਜਾਬ ਦਾ ਦਰਦ ਹੈ ਤਾਂ ਉਹ ਇਹਨਾਂ ਲੂੰਬੜ ਚਾਲਾਂ ਦੀ ਥਾਂ ਇਸ ਮੁੱਦੇ ਤੇ ਆਮ ਰਾਏ ਕਾਇਮ ਕਰਕੇ ਪੰਜਾਬ ਦੇ ਹੱਕ ਦੀ ਗੱਲ ਕਰਨ। ਉਹਨਾਂ ਕਿਹਾ ਕਿ ਇਸ ਮੁੱਦੇ ਤੇ ਅਕਾਲੀ ਦਲ ਵਲੋਂ ਮੁੱਖ ਮੰਤਰੀ ਨੂੰ ਇੱਕ ਪੱਤਰ ਵੀ ਭੇਜਿਆ ਜਾ ਰਿਹਾ ਹੈ ਜਿਸ ਵਿੱਚ ਮੰਗ ਕੀਤੀ ਜਾਵੇਗੀ ਕਿ ਮੁੱਖ ਮੰਤਰੀ ਕੇਜਰੀਵਾਲ ਦੀ ਸਾਜਿਸ਼ ਤਹਿਤ ਪੰਜਾਬੀਆਂ ਨੂੰ ਆਪਸ ਵਿੱਚ ਲੜਾਉਣ ਦੀ ਥਾਂ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨ ਲਈ ਅੱਗੇ ਆਉਣ।
ਇਸ ਮੌਕੇ ਪਾਰਟੀ ਦੇ ਹਲਕਾ ਮੁਹਾਲੀ ਦੇ ਮੁੱਖ ਸੇਵਾਦਾਰ ਪਰਵਿੰਦਰ ਸਿੰਘ ਸੋਹਾਣਾ, ਸ਼ਹਿਰੀ ਇਕਾਈ ਦੇ ਪ੍ਰਧਾਨ ਕਮਲਜੀਤ ਸਿੰਘ ਰੂਬੀ, ਯੂਥ ਆਗੂ ਡਾ ਸਿਮਰਨਜੋਤ ਸਿੰਘ ਵਾਲੀਆਂ, ਅਮਨ ਪੂਨੀਆ, ਪ੍ਰੀਤ ਰਾਠੌਰ ਅਤੇ ਹੋਰ ਵਰਕਰ ਹਾਜਿਰ ਸਨ।