
ਪੰਜਾਬ ਦੇ ਹਜ਼ਾਰਾਂ ਸਰਕਾਰੀ ਸਹਾਇਤਾ ਪ੍ਰਾਪਤ ਸਕੂਲ ਅਧਿਆਪਕਾਂ ਤੇ ਕਰਮਚਾਰੀਆਂ ਨੂੰ 4 ਮਹੀਨਿਆਂ ਤੋਂ ਨਹੀ ਮਿਲੀ ਤਨਖਾਹ
ਪਟਿਆਲਾ- ਪੰਜਾਬ ਦੇ ਸਿੱਖਿਆ ਵਿਭਾਗ ਨਾਲ ਸਬੰਧਤ ਸਰਕਾਰੀ ਸਹਾਇਤਾ ਪ੍ਰਾਪਤ (ਏਡਿਡ) ਸਕੂਲਾਂ ਦੇ ਹਜ਼ਾਰਾਂ ਅਧਿਆਪਕਾਂ ਨੂੰ ਪਿਛਲੇ ਚਾਰ ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ ਹੈ ਜਦਕਿ ਏਡਿਡ ਸਕੂਲਾਂ ਦੇ ਸੀ ਐਂਡ ਵੀ ਅਧਿਆਪਕ ਤਾਂ ਪਿਛਲੇ 16 ਮਹੀਨਿਆਂ ਤੋਂ ਤਨਖਾਹਾਂ ਲਈ ਤਰਸ ਰਹੇ ਹਨ। ਬੇਸ਼ਕ ਪੰਜਾਬ ਸਰਕਾਰ ਸੂਬੇ ਵਿਚ ਸਿੱਖਿਆ ਕ੍ਰਾਂਤੀ ਦੀ ਗੱਲ ਕਰਦੀ ਹੈ ਪਰ ਸੂਬੇ ਦੇ ਇਹਨਾਂ ਸਕੂਲ਼ਾਂ ਦੇ ਹਜ਼ਾਰਾਂ ਅਧਿਆਪਕਾਂ ਨੂੰ ਸਮੇਂ ਸਿਰ ਤਨਖਾਹ ਵੀ ਨਹੀਂ ਮਿਲ ਰਹੀ।
ਪਟਿਆਲਾ- ਪੰਜਾਬ ਦੇ ਸਿੱਖਿਆ ਵਿਭਾਗ ਨਾਲ ਸਬੰਧਤ ਸਰਕਾਰੀ ਸਹਾਇਤਾ ਪ੍ਰਾਪਤ (ਏਡਿਡ) ਸਕੂਲਾਂ ਦੇ ਹਜ਼ਾਰਾਂ ਅਧਿਆਪਕਾਂ ਨੂੰ ਪਿਛਲੇ ਚਾਰ ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ ਹੈ ਜਦਕਿ ਏਡਿਡ ਸਕੂਲਾਂ ਦੇ ਸੀ ਐਂਡ ਵੀ ਅਧਿਆਪਕ ਤਾਂ ਪਿਛਲੇ 16 ਮਹੀਨਿਆਂ ਤੋਂ ਤਨਖਾਹਾਂ ਲਈ ਤਰਸ ਰਹੇ ਹਨ। ਬੇਸ਼ਕ ਪੰਜਾਬ ਸਰਕਾਰ ਸੂਬੇ ਵਿਚ ਸਿੱਖਿਆ ਕ੍ਰਾਂਤੀ ਦੀ ਗੱਲ ਕਰਦੀ ਹੈ ਪਰ ਸੂਬੇ ਦੇ ਇਹਨਾਂ ਸਕੂਲ਼ਾਂ ਦੇ ਹਜ਼ਾਰਾਂ ਅਧਿਆਪਕਾਂ ਨੂੰ ਸਮੇਂ ਸਿਰ ਤਨਖਾਹ ਵੀ ਨਹੀਂ ਮਿਲ ਰਹੀ।
ਇਹ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਸਰਕਾਰੀ ਸਹਾਇਤਾ ਪ੍ਰਾਪਤ ਅਧਿਆਪਕ ਤੇ ਹੋਰ ਕਰਮਚਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਮੀਤ ਸਿੰਘ ਲੁਧਿਆਣਾ, ਸੂਬਾ ਸਕੱਤਰ ਸ਼ਰਨਜੀਤ ਸਿੰਘ ਕੁਰਾਲੀ, ਪੈਨਸ਼ਨਰ ਸੈੱਲ ਦੇ ਸੂਬਾ ਪ੍ਰਧਾਨ ਗੁਰਚਰਨ ਸਿੰਘ ਚਾਹਲ ਅਤੇ ਸੂਬਾ ਸਕੱਤਰ ਐਨ.ਐਨ. ਸੈਣੀ ਨੇ ਕਿਹਾ ਕਿ ਸਿੱਖਿਆ ਕ੍ਰਾਂਤੀ ਦੇ ਦਾਅਵੇ ਕਰਨ ਵਾਲੀ ਸਰਕਾਰ ਦੇ ਰਾਜ ਵਿਚ ਏਡਿਡ ਸਕੂਲਾਂ ਦੇ ਅਧਿਆਪਕ ਅਤੇ ਹੋਰ ਕਰਮਚਾਰੀ ਤਨਖਾਹਾਂ ਨੂੰ ਵੀ ਤਰਸ ਰਹੇ ਹਨ। ਉਹਨਾਂ ਇਹ ਵੀ ਕਿਹਾ ਕਿ ਸਿੱਖਿਆ ਵਿਭਾਗ ਬੇਲੋੜੀਆਂ ਚਿੱਠੀਆਂ ਜਾਰੀ ਕਰਕੇ ਤਨਖਾਹ ਗ੍ਰਾਂਟਾ ਰੋਕੀ ਬੈਠਾ ਹੈ। ਸੂਬੇ ਦੇ ਹਜ਼ਾਰਾਂ ਅਧਿਆਪਕਾਂ ਨੂੰ ਮਾਰਚ 2025 ਤੋਂ ਬਾਅਦ ਤਨਖਾਹ ਨਹੀਂ ਮਿਲੀ ਹੈ।
ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਅਧਿਆਪਕਾਂ ਨੂੰ ਤਾਂ ਜਨਵਰੀ 2025 ਤੋਂ ਤਨਖਾਹ ਜਾਰੀ ਨਹੀ ਕੀਤੀ ਗਈ, ਬਲਕਿ ਕੁੱਝ ਸਕੂਲਾਂ ਦੀ ਤਾਂ ਸਾਲ 2024 ਦੀ ਵੀ ਗਰਾਂਟ ਜਾਰੀ ਹੋਣੀ ਰਹਿੰਦੀ ਹੈ। ਏਡਿਡ ਸਕੂਲਾਂ ਤੋਂ ਸੇਵਾ ਮੁਕਤ ਹੋਏ ਪੈਨਸ਼ਨਰਾਂ ਨੂੰ ਸੇਵਾ ਮੁਕਤੀ ਦੇ ਲੰਬੇ ਸਮੇਂ ਬਾਅਦ ਵੀ ਪੀ.ਪੀ.ਓ ਆਰਡਰ ਜਾਰੀ ਨਹੀਂ ਕੀਤੇ ਗਏ।ਜਿਸ ਕਰਕੇ ਅਧਿਆਪਕ ਤੇ ਪੈਨਸ਼ਨਰਾਂ ਵਿੱਚ ਸਰਕਾਰ ਦੇ ਖਿਲਾਫ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਯੂਨੀਅਨ ਆਗੂਆਂ ਨੇ ਕਿਹਾ ਕਿ ਵਿਭਾਗ ਹੁਣ ਤੱਕ ਸਾਲਾਨਾ ਐਸਟੀਮੇਟ ਪ੍ਰਾਪਤ ਨਹੀਂ ਕਰ ਸਕਿਆ। ਡੀ.ਪੀ.ਆਈ ਦਫਤਰ ਵਿੱਚ ਸੇਵਾ ਮੁਕਤ ਅਧਿਆਪਕਾਂ ਤੇ ਕਰਮਚਾਰੀਆਂ ਨੂੰ ਅੱਖ ਭਿੜਦੀ ਦੇ ਸੌਦੇ ਅਨੁਸਾਰ ਪੀ.ਪੀ.ਓ ਆਰਡਰ ਜਾਰੀ ਕੀਤੇ ਜਾ ਰਹੇ ਹਨ। ਜਦਕਿ ਇਹ ਪੀ.ਪੀ.ਓ ਆਰਡਰ ਪੈਨਸ਼ਨ ਫਾਈਲ ਜਮ੍ਹਾਂ ਕਰਵਾਉਣ ਦੀ ਮਿਤੀ ਅਨੁਸਾਰ ਜਾਰੀ ਕੀਤੇ ਜਾਣੇ ਚਾਹੀਦੇ ਹਨ।
ਆਗੂਆਂ ਨੇ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਸਕੂਲਾਂ ਦੀਆਂ ਤਨਖਾਹ ਦੀਆਂ ਗ੍ਰਾਂਟਾ ਅਤੇ ਪੈਨਸ਼ਨਰਾਂ ਦੇ ਪੀ.ਪੀ.ਓ ਆਰਡਰ ਜਾਰੀ ਨਾ ਕਰਨ ਕਰਕੇ ਏਡਿਡ ਸਕੂਲਾਂ ਦੇ ਸਮੂਹ ਅਧਿਆਪਕਾਂ ਤੇ ਪੈਨਸ਼ਨਰਾਂ ਵੱਲੋਂ 12 ਅਗਸਤ ਮੰਗਲਵਾਰ ਨੂੰ ਡੀ.ਪੀ.ਆਈ ਦਫਤਰ ਦਾ ਘਿਰਾਓ ਕੀਤਾ ਜਾਵੇਗਾ।
ਅਗਰ ਫੇਰ ਵੀ ਮਸਲਾ ਹੱਲ ਨਾ ਹੋਇਆ ਤਾਂ ਹੋਰ ਸਖਤ ਐਕਸ਼ਨ ਕੀਤਾ ਜਾਵੇਗਾ ਜਿਸ ਦੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਯੂਨੀਅਨ ਆਗੂਆਂ ਨੇ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਮਾਨ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਅਪੀਲ ਕੀਤੀ ਕਿ ਉਹ ਏਡਿਡ ਸਕੂਲਾਂ ਦੀ ਯੂਨੀਅਨ ਨਾਲ ਪੈਨਲ ਮੀਟਿੰਗ ਕਰਕੇ ਅਧਿਆਪਕਾਂ ਤੇ ਪੈਨਸ਼ਨਰਾਂ ਦੇ ਮਸਲੇ ਤਰੁੰਤ ਹੱਲ ਕਰਵਾਉੇਣ।
ਇਸ ਮੌਕੇ ਐਬਿਟ ਮਸੀਹ , ਅਸ਼ੋਕ ਵਡੇਰਾ , ਹਰਦੀਪ ਸਿੰਘ ਢੀਂਡਸਾ , ਜਗਜੀਤ ਸਿੰਘ ਗੁਜਰਾਲ , ਪ੍ਰਿੰ ਅਸ਼ਵਨੀ ਮਦਾਨ , ਪਰਮਜੀਤ ਸਿੰਘ ਗੁਰਦਾਸਪੁਰ, ਰਵਿੰਦਰਜੀਤ ਪੂਰੀ , ਪ੍ਰਿੰ ਚਰਨਜੀਤ ਸ਼ਰਮਾ ਬਰਨਾਲਾ , ਰਣਜੀਤ ਸਿੰਘ ਅਨੰਦਪੁਰ ਸਾਹਿਬ, ਸੁਖਇੰਦਰ ਸਿੰਘ ਹੁਸ਼ਿਆਰਪੁਰ, ਅਮਰਜੀਤ ਸਿੰਘ ਭੁੱਲਰ, ਜਸਵਿੰਦਰ ਸਿੰਘ ਅੰਮ੍ਰਿਤਸਰ, ਅਜੈ ਚੌਹਾਨ ਅਮ੍ਰਿਤਸਰ, ਪ੍ਰਵੀਨ ਕੁਮਾਰ ਮੋਗਾ, ਸਾਹਬੀ ਕਾਦੀਆਂ , ਸ੍ਰੀ ਕਾਂਤ ਬਠਿੰਡਾ , ਮੋਨਿਕਾ ਸ਼ਰਮਾ , ਪਰਮਿੰਦਰ ਸਿੰਘ ਨਵਾਂ ਸ਼ਹਿਰ, ਸੰਦੀਪ ਕਾਲੀਆ, ਜੋਗਿੰਦਰ ਸਿੰਘ, ਰਾਜੇਸ਼ ਪਠਾਣੀਆ , ਬਲਜਿੰਦਰ ਸਿੰਘ ਪੰਨੂੰ ਸਮੇਤ ਹੋਰ ਆਗੂ ਵੀ ਹਾਜ਼ਰ ਸਨ।
