
ਵੈਟਨਰੀ ਯੂਨੀਵਰਸਿਟੀ ਵਿਖੇ ਬੱਕਰੀ ਪਾਲਣ ਸੰਬੰਧੀ ਸਿਖਲਾਈ ਸੰਪੂਰਨ
ਲੁਧਿਆਣਾ 26 ਮਈ 2025- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਿਖੇ ਇਕ ਹਫ਼ਤੇ ਦਾ ਬੱਕਰੀ ਪਾਲਣ ਸਿਖਲਾਈ ਕੋਰਸ ਸੰਪੂਰਨ ਹੋ ਗਿਆ। ਇਸ ਕੋਰਸ ਵਿੱਚ ਪੰਜਾਬ ਦੇ ਵੱਖੋ-ਵੱਖਰੇ ਜ਼ਿਲ੍ਹਿਆਂ ਤੋਂ 31 ਪ੍ਰਤੀਭਾਗੀਆਂ ਨੇ ਭਾਗ ਲਿਆ ਜਿਨ੍ਹਾਂ ਵਿੱਚ 29 ਮਰਦ ਅਤੇ 02 ਔਰਤਾਂ ਸਨ।
ਲੁਧਿਆਣਾ 26 ਮਈ 2025- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਿਖੇ ਇਕ ਹਫ਼ਤੇ ਦਾ ਬੱਕਰੀ ਪਾਲਣ ਸਿਖਲਾਈ ਕੋਰਸ ਸੰਪੂਰਨ ਹੋ ਗਿਆ। ਇਸ ਕੋਰਸ ਵਿੱਚ ਪੰਜਾਬ ਦੇ ਵੱਖੋ-ਵੱਖਰੇ ਜ਼ਿਲ੍ਹਿਆਂ ਤੋਂ 31 ਪ੍ਰਤੀਭਾਗੀਆਂ ਨੇ ਭਾਗ ਲਿਆ ਜਿਨ੍ਹਾਂ ਵਿੱਚ 29 ਮਰਦ ਅਤੇ 02 ਔਰਤਾਂ ਸਨ।
ਸਮਾਪਨ ਸਮਾਗਮ ਵਿੱਚ ਡਾ. ਰਵਿੰਦਰ ਸਿੰਘ ਗਰੇਵਾਲ, ਨਿਰਦੇਸ਼ਕ ਪਸਾਰ ਸਿੱਖਿਆ ਨੇ ਯੂਨੀਵਰਸਿਟੀ ਦੀ ਵਚਨਬੱਧਤਾ ਦੁਹਰਾਉਂਦਿਆਂ ਕਿਹਾ ਕਿ ਪਸ਼ੂਧਨ ਕਿੱਤਿਆਂ ਰਾਹੀਂ ਪੇਂਡੂ ਭਾਈਚਾਰੇ ਨੂੰ ਉਪਰ ਚੁੱਕਣਾ ਸਾਡਾ ਮੁੱਖ ਟੀਚਾ ਹੈ। ਉਨ੍ਹਾਂ ਨੇ ਆਰਥਿਕ ਮਜ਼ਬੂਤੀ ਲਈ ਬੱਕਰੀ ਪਾਲਣ ਦੇ ਕਿੱਤੇ ਦੀ ਮਹੱਤਤਾ ਦੱਸਦੇ ਹੋਏ ਕਿਹਾ ਕਿ ਟਿਕਾਊ ਆਮਦਨ ਲਈ ਇਹ ਬਹੁਤ ਵਧੀਆ ਉੱਦਮ ਹੈ।
ਡਾ. ਜਸਵਿੰਦਰ ਸਿੰਘ, ਕੋਰਸ ਨਿਰਦੇਸ਼ਕ ਅਤੇ ਮੁਖੀ, ਪਸਾਰ ਸਿੱਖਿਆ ਵਿਭਾਗ ਨੇ ਜਾਣਕਾਰੀ ਦਿੱਤੀ ਕਿ ਇਹ ਸਿਖਲਾਈ ਕੋਰਸ ਸ਼ਬਦੀ ਅਤੇ ਵਿਹਾਰਕ ਗਿਆਨ ਦਾ ਸੁਮੇਲ ਸੀ। ਉਨ੍ਹਾਂ ਦੱਸਿਆ ਕਿ ਸਿੱਖਿਆਰਥੀਆਂ ਨੂੰ ਢਾਰੇ ਬਣਾਉਣ, ਖੁਰਾਕ, ਪ੍ਰਜਣਨ, ਸਿਹਤ ਸੰਭਾਲ, ਬਿਮਾਰੀਆਂ ’ਤੇ ਕਾਬੂ, ਜੈਵਿਕ ਸੁਰੱਖਿਆ, ਪਸ਼ੂਆਂ ਤੋਂ ਹੋਣ ਵਾਲੀਆਂ ਬਿਮਾਰੀਆਂ ਅਤੇ ਮੰਡੀਕਾਰੀ ਨੀਤੀਆਂ ਸੰਬੰਧੀ ਸਿੱਖਿਅਤ ਕੀਤਾ ਗਿਆ। ਬੱਕਰੀ ਪਾਲਣ ਵਿੱਚ ਮੁੱਖ ਮੰਤਰੀ ਸਨਮਾਨ ਪ੍ਰਾਪਤ ਕਿਸਾਨ ਸ਼੍ਰੀ ਬਲਦੇਵ ਸਿੰਘ ਸੰਧੂ ਨੇ ਪ੍ਰਤੀਭਾਗੀਆਂ ਨਾਲ ਆਪਣੇ ਤਜਰਬੇ ਸਾਂਝੇ ਕੀਤੇ ਅਤੇ ਦੱਸਿਆ ਕਿ ਕਿਹੜੀਆਂ ਮੁਸ਼ਕਿਲਾਂ ਨਾਲ ਕਿਵੇਂ ਨਜਿਠਿਆ ਜਾ ਸਕਦਾ ਹੈ।
ਡਾ. ਪਰਮਿੰਦਰ ਸਿੰਘ, ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਅਤੇ ਡਾ. ਰਾਕੇਸ਼ ਸ਼ਰਮਾ, ਨਿਰਦੇਸ਼ਕ, ਖੇਤਰੀ ਖੋਜ ਅਤੇ ਸਿਖਲਾਈ ਕੇਂਦਰ, ਤਲਵਾੜਾ ਨੇ ਵੀ ਸਮਾਪਨ ਸਮਾਰੋਹ ਦੀ ਸੋਭਾ ਵਧਾਈ ਅਤੇ ਕਈ ਮੁੱਲਵਾਨ ਵਿਚਾਰ ਸਾਂਝੇ ਕੀਤੇ। ਸ਼੍ਰੀਮਤੀ ਅਮਿਸ਼ਾ ਅਰੋੜਾ, ਚੀਫ਼ ਮੈਨੇਜਰ, ਪੰਜਾਬ ਨੈਸ਼ਨਲ ਬੈਂਕ ਨੇ ਪ੍ਰਤੀਭਾਗੀਆਂ ਨੂੰ ਵਿਭਿੰਨ ਵਿਤੀ ਯੋਜਨਾਵਾਂ ਅਤੇ ਪਸ਼ੂ ਪਾਲਣ ਕਿੱਤਿਆਂ ਸੰਬੰਧੀ ਕਰਜ਼ਾ ਲੈਣ ਦੀ ਵਿਧੀ ਬਾਰੇ ਜਾਣਕਾਰੀ ਦਿੱਤੀ।
ਪ੍ਰਤੀਭਾਗੀਆਂ ਨੇ ਆਪਣੀ ਖੁਸ਼ੀ ਜ਼ਾਹਿਰ ਕੀਤੀ ਕਿ ਇਸ ਸਿਖਲਾਈ ਨਾਲ ਉਨ੍ਹਾਂ ਨੂੰ ਬਹੁਤ ਗਿਆਨ ਮਿਲਿਆ ਹੈ ਜਿਸ ਨਾਲ ਕਿ ਪੇਂਡੂ ਖੇਤਰ ਦੀ ਕਿਸਾਨੀ ਨੂੰ ਲਾਭ ਮਿਲੇਗਾ। ਸਿੱਖਿਆਰਥੀਆਂ ਨੂੰ ਪ੍ਰਮਾਣ ਪੱਤਰ ਵੀ ਦਿੱਤੇ ਗਏ। ਇਸ ਸਿਖਲਾਈ ਦਾ ਸੰਯੋਜਨ ਡਾ. ਰਵਦੀਪ ਸਿੰਘ ਅਤੇ ਡਾ. ਅਕਸ਼ਿਤਾ ਚੱਢਾ ਨੇ ਬਹੁਤ ਸੁਚਾਰੂ ਢੰਗ ਨਾਲ ਕੀਤਾ।
