78ਵੇਂ ਸਾਲਾਨਾ ਮਾਤਾ ਭੱਦਰਕਾਲੀ ਮੇਲੇ ਤੇ 23 ਮਈ ਨੂੰ ਸਵੇਰੇ 8 ਵਜੇ ਤੋਂ 10 ਵਜੇ ਤੱਕ ਹੋਵੇਗਾ ਵਿਸ਼ਾਲ ਕਵੀ ਦਰਬਾਰ ----ਕੰਵਰ ਇਕਬਾਲ ਸਿੰਘ

ਕਪੂਰਥਲਾ (ਪੈਗਾਮ ਏ ਜਗਤ)- ਮਾਤਾ ਭੱਦਰਕਾਲੀ ਮੇਲਾ ਕਮੇਟੀ ਵੱਲੋਂ ਮਿਤੀ 22 ਅਤੇ 23 ਮਈ ਨੂੰ ਕਰਵਾਏ ਜਾ ਰਹੇ 78ਵੇਂ ਸਲਾਨਾ ਮੇਲੇ ਤੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਇੱਕ ਵਿਸ਼ਾਲ ਕਵੀ ਦਰਬਾਰ ਮਿਤੀ 23 ਮਈ ਦਿਨ ਸ਼ੁੱਕਰਵਾਰ ਨੂੰ ਸਵੇਰੇ ਠੀਕ 8 ਵਜੇ ਤੋਂ ਲੈ ਕੇ 10 ਵਜੇ ਤੱਕ ਮੰਦਿਰ ਦੀ ਮੁੱਖ ਸਟੇਜ ਤੇ ਕਰਵਾਇਆ ਜਾ ਰਿਹਾ ਹੈ।

ਕਪੂਰਥਲਾ (ਪੈਗਾਮ ਏ ਜਗਤ)- ਮਾਤਾ ਭੱਦਰਕਾਲੀ ਮੇਲਾ ਕਮੇਟੀ ਵੱਲੋਂ ਮਿਤੀ 22 ਅਤੇ 23 ਮਈ ਨੂੰ ਕਰਵਾਏ ਜਾ ਰਹੇ 78ਵੇਂ ਸਲਾਨਾ ਮੇਲੇ ਤੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਇੱਕ ਵਿਸ਼ਾਲ ਕਵੀ ਦਰਬਾਰ ਮਿਤੀ 23 ਮਈ ਦਿਨ ਸ਼ੁੱਕਰਵਾਰ ਨੂੰ ਸਵੇਰੇ ਠੀਕ 8 ਵਜੇ ਤੋਂ ਲੈ ਕੇ 10 ਵਜੇ ਤੱਕ ਮੰਦਿਰ ਦੀ ਮੁੱਖ ਸਟੇਜ ਤੇ ਕਰਵਾਇਆ ਜਾ ਰਿਹਾ ਹੈ। 
ਮੇਲਾ ਕਮੇਟੀ ਦੇ ਅਹੁਦੇਦਾਰ ਸ੍ਰੀ ਪ੍ਰਸ਼ੋਤਮ ਪਾਸੀ ਪ੍ਰਧਾਨ, ਰਾਧੇ ਸ਼ਾਮ ਸ਼ਰਮਾ ਚੇਅਰਮੈਨ, ਵਿਨੇ ਆਨੰਦ ਜਨ ਸਕੱਤਰ, ਭੁਪਿੰਦਰ ਆਨੰਦ ਉੱਪ ਚੇਅਰਮੈਨ, ਵਿਕੀ ਬਹਿਲ ਵਾਈਸ ਪ੍ਰਧਾਨ, ਮਨੂੰ ਪ੍ਰਾਸ਼ਰ ਕੈਸ਼ੀਅਰ, ਸ਼੍ਰੀ ਰਾਹੁਲ ਆਨੰਦ ਅਤੇ ਸਮੁੱਚੇ ਕਮੇਟੀ ਮੈਂਬਰਾਂ ਵੱਲੋਂ ਰਾਸ਼ਟਰੀ ਕਵੀ ਕੰਵਰ ਇਕਬਾਲ ਸਿੰਘ ਜੀ ਨੂੰ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਕਵੀ ਦਰਬਾਰ ਦਾ ਸੰਚਾਲਨ ਕਰਨ ਦੀ ਜ਼ਿੰਮੇਵਾਰੀ ਲਾਈ ਹੈ|
 ਜ਼ਿਕਰਯੋਗ ਹੈ ਕਿ ਪਹਿਲਾਂ ਇਹ ਮੇਲਾ ਪਾਕਿਸਤਾਨ ਵਿੱਚ ਲਗਦਾ ਸੀ, ਪਰ ਭਾਰਤ-ਪਾਕ ਵੰਡ ਤੋਂ ਬਾਅਦ ਹੁਣ ਹਿੰਦੁਸਤਾਨ ਵਿੱਚ ਪੈਂਦੇ ਸ਼ਹਿਰ ਕਪੂਰਥਲਾ ਦੀ ਵੱਖੀ ਵਿਚ ਵਸਦੇ ਪਿੰਡ ਸ਼ੇਖੂਪੁਰ ਵਿੱਚ ਹਰ ਸਾਲ ਇਸ ਵਿਸ਼ਾਲ ਮੇਲੇ ਦਾ ਆਯੋਜਨ ਕੀਤਾ ਜਾਂਦਾ ਹੈ ! 
ਇਸ ਮੇਲੇ ਵਿੱਚ ਹਿੰਦੋਸਤਾਨ ਦੇ ਨਾਮਵਰ ਕਵੀਆਂ ਵਿੱਚ ਸ਼ਾਮਿਲ ਸ਼ਿਵ ਕੁਮਾਰ ਬਟਾਲਵੀ, ਕਰਤਾਰ ਸਿੰਘ ਬਲੱਗਣ, ਪ੍ਰਿੰਸੀਪਲ ਚਮਨ ਗੋਬਿੰਦਪੁਰੀ, ਪੰਜਾਬ ਦੇ ਰਫ਼ੀ ਵਜੋਂ ਜਾਣੇ ਜਾਂਦੇ ਰਸ਼ਪਾਲ ਸਿੰਘ ਪਾਲ, ਡਾ. ਹਰੀ ਸਿੰਘ ਜਾਚਕ, ਇੰਜੀ. ਕਰਮਜੀਤ ਸਿੰਘ ਨੂਰ, ਚੈਨ ਸਿੰਘ ਚੱਕਰਵਰਤੀ, ਸੁਜਾਨ ਸਿੰਘ ਸੁਜਾਨ, ਆਸ਼ੀ ਈਸ਼ਪੁਰੀ ਆਦਿ ਸਮੇਂ-ਸਮੇਂ ਕਰਵਾਏ ਜਾਂਦੇ ਰਹੇ ਕਵੀ-ਦਰਬਾਰਾਂ ਵਿੱਚ ਹਾਜ਼ਰੀ ਲਗਵਾਉਂਦੇ ਰਹੇ ਹਨ !
ਕਪੂਰਥਲਾ ਸ਼ਹਿਰ ਦੇ ਵਸਨੀਕ ਅਤੇ ਰਾਸ਼ਟਰੀ ਕਵੀ ਵਜੋਂ ਮਾਨਤਾ ਪ੍ਰਾਪਤ ਕੌਮਾਂਤਰੀ ਸ਼ਾਇਰ ਕੰਵਰ ਇਕਬਾਲ ਸਿੰਘ ਜੋ ਕਿ  ਲਗਾਤਾਰ ਪਿਛਲੇ 19 ਵੀਹ ਸਾਲਾਂ ਤੋਂ ਇਸ ਮੇਲੇ ਦਾ ਸੰਚਾਲਨ ਕਰਦੇ ਆ ਰਹੇ ਹਨ !
ਮੇਲਾ ਕਮੇਟੀ ਵੱਲੋਂ ਦਿੱਤੇ ਗਏ ਤਰਹ ਮਿਸਰੇ "ਸਾਡੇ ਦੇਸ਼ ਤੇ ਬਣੀ ਹੈ ਭੀੜ ਭਾਰੀ, ਦੁਸ਼ਮਣ ਦੇਸ਼ ਦੇ ਮਾਰ ਮੁਕਾ ਦਾਤੀ" ਅਤੇ "ਕਸ਼ਮੀਰ ਦੇ ਚੱਪੇ-ਚੱਪੇ ਤੋਂ ਅਸੀਂ ਜਿੰਦ-ਜਵਾਨੀ ਵਾਰਾਂਗੇ" ਅਨੁਸਾਰ ਇਸ ਵਾਰ ਪੰਜਾਬ ਦੇ ਨਾਮਵਰ 10 ਕਵੀਆਂ ਵਿੱਚ ਸ਼ਾਮਲ ਸ਼ਾਇਰ ਕੰਵਰ ਇਕਬਾਲ ਸਿੰਘ, ਲਾਲੀ ਕਰਤਾਰਪੁਰੀ ਲੱਕੀ ਮਲ੍ਹੀਆਂ ਵਾਲਾ, ਸੁਰਜੀਤ ਸਾਜਨ, ਰੂਪ ਦਬੁਰਜੀ, ਰਜਨੀ ਵਾਲੀਆ, ਆਸ਼ੂ ਕੁਮਰਾ, ਮੁਖ਼ਤਾਰ ਸਿੰਘ ਸਹੋਤਾ, ਗੁਰਦੀਪ ਗਿੱਲ, ਤੇਜਬੀਰ ਸਿੰਘ ਆਦਿ ਕਵੀ ਮਹਾਂਮਾਈ ਦੇ ਦਰਬਾਰ ਵਿਚ ਆਪੋ-ਆਪਣੀ ਸ਼ਾਇਰੀ ਨਾਲ ਮਹਾਂਮਾਈ ਦਾ ਗੁਣਗਾਨ ਕਰ ਕੇ ਸੰਗਤਾਂ ਨੂੰ ਮੰਤਰ-ਮੁਗਧ ਕਰਨਗੇ ! 
ਵਿਸ਼ੇਸ਼ ਤੌਰ ਤੇ ਇਹ ਵੀ ਵਰਨਣਯੋਗ ਹੈ ਕਿ ਹਰ ਸਾਲ ਦੇਸ਼ ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿੱਚ ਆਈਆਂ ਸੰਗਤਾਂ ਇਸ ਪਾਵਨ ਦਰਬਾਰ ਵਿੱਚ ਨਤਮਸਤਕ ਹੋ ਕੇ ਆਪਣੀਆਂ ਝੋਲੀਆਂ ਭਰਦੀਆਂ ਨੇ।