ਦਲਿਤ ਚੇਤਨਾ ਮੰਚ ਵੱਲੋਂ ਬਿਪਤਾ ਮਾਰੇ ਪਰਿਵਾਰਾਂ ਦੀ ਬੇਟੀਆਂ ਤੇ ਵਿਦਿਆਰਥੀਆਂ ਲਈ ਸਹਿਯੋਗ ਦਾ ਐਲਾਨ: ਪੁਰਖਾਲਵੀ

ਮੁਹਾਲੀ 20 ਮਈ- ਸਮਾਜ ਸੇਵੀ ਜਥੇਬੰਦੀ ਦਲਿਤ ਚੇਤਨਾ ਮੰਚ ਪੰਜਾਬ ਦੇ ਸੂਬਾਈ ਪ੍ਰਧਾਨ ਸ਼ਮਸ਼ੇਰ ਪੁਰਖਾਲਵੀ ਨੇ ਅੱਜ ਇੱਥੇ ਇੱਕ ਪੱਤਰਕਾਰ ਸੰਮੇਲਨ ਦੌਰਾਨ ਐਲਾਨ ਕੀਤਾ ਕਿ ਜਥੇਬੰਦੀ ਰਾਜ ਦੇ ਕਮਜ਼ੋਰ ਅਤੇ ਬਿਪਤਾ ਮਾਰੇ ਪਰਿਵਾਰਾਂ ਦੀਆਂ ਲੜਕੀਆਂ ਦੀਆਂ ਬਾਦੀਆਂ ਅਤੇ ਵਿਦਿਆਰਥੀਆਂ ਦੀਆਂ ਵਿੱਦਿਅਕ ਲੋੜਾਂ ਦੀ ਪੂਰਤੀ ਲਈ ਸਹਿਯੋਗ ਕਰਕੇ ਉਨ੍ਹਾਂ ਨੂੰ ਬਰਾਬਰੀ ਦੇ ਮਿਆਰ ਤੀਕ ਪਹੁੰਚਾਉਣ ਦਾ ਹਰ ਸੰਭਵ ਉਪਰਾਲਾ ਕਰੇਗੀ ਤਾਂ ਜੋ ਉਨ੍ਹਾਂ ਨੂੰ ਸਮਾਜਿਕ ਜਲਾਲਤ ਤੋਂ ਬਚਾਇਆ ਜਾ ਸਕੇ।

ਮੁਹਾਲੀ 20 ਮਈ- ਸਮਾਜ ਸੇਵੀ ਜਥੇਬੰਦੀ ਦਲਿਤ ਚੇਤਨਾ ਮੰਚ ਪੰਜਾਬ ਦੇ ਸੂਬਾਈ ਪ੍ਰਧਾਨ ਸ਼ਮਸ਼ੇਰ ਪੁਰਖਾਲਵੀ ਨੇ ਅੱਜ ਇੱਥੇ ਇੱਕ ਪੱਤਰਕਾਰ ਸੰਮੇਲਨ ਦੌਰਾਨ ਐਲਾਨ ਕੀਤਾ ਕਿ ਜਥੇਬੰਦੀ ਰਾਜ ਦੇ ਕਮਜ਼ੋਰ ਅਤੇ ਬਿਪਤਾ ਮਾਰੇ ਪਰਿਵਾਰਾਂ ਦੀਆਂ ਲੜਕੀਆਂ ਦੀਆਂ ਬਾਦੀਆਂ ਅਤੇ ਵਿਦਿਆਰਥੀਆਂ ਦੀਆਂ ਵਿੱਦਿਅਕ ਲੋੜਾਂ ਦੀ ਪੂਰਤੀ ਲਈ ਸਹਿਯੋਗ ਕਰਕੇ ਉਨ੍ਹਾਂ ਨੂੰ ਬਰਾਬਰੀ ਦੇ ਮਿਆਰ ਤੀਕ ਪਹੁੰਚਾਉਣ ਦਾ ਹਰ ਸੰਭਵ ਉਪਰਾਲਾ ਕਰੇਗੀ ਤਾਂ ਜੋ ਉਨ੍ਹਾਂ ਨੂੰ ਸਮਾਜਿਕ ਜਲਾਲਤ ਤੋਂ ਬਚਾਇਆ ਜਾ ਸਕੇ।
ਅੱਜ ਸਥਾਨਕ ਫ਼ੌਜ 5 ਵਿੱਚ ਸੱਦੀ ਗਈ ਪ੍ਰੈਸ ਮਿਲਣੀ ਦੌਰਾਨ ਦਲਿਤ ਆਗੂ ਸ਼ਮਸ਼ੇਰ ਪੁਰਖਾਲਵੀ ਨੇ ਆਪਣੇ ਸਾਥੀਆਂ ਦੀ ਹਾਜ਼ਰੀ ਵਿੱਚ ਐਲਾਨ ਕੀਤਾ ਕਿ ਜਥੇਬੰਦੀ ਕਮਜ਼ੋਰ ਵਰਗਾਂ ਦੀ ਆਰਥਿਕ ਸਮਾਜਿਕ, ਵਿੱਦਿਅਕ ਅਤੇ ਸਰੀਰਕ ਦਸ਼ਾ ਸੁਧਾਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ। ਉਨ੍ਹਾਂ ਕਿਹਾ ਕਿ ਉਚੇਚੇ ਤੌਰ ਤੇ ਦਿਹਾਤੀ ਲੋਕਾਂ ਨੂੰ ਸਮਾਜਿਕ ਕੁਰੀਤੀਆਂ ਜਿਵੇਂ ਨਸ਼ਾ, ਅਨਪੜ੍ਹਤਾ ਵਹਿਮਾਂ-ਭਰਮਾਂ ਅਤੇ ਪਰਿਵਾਰਿਕ ਲੜਾਈ ਝਗੜਿਆਂ ਬਾਰੇ ਜਾਗਰੂਕ ਕਰਕੇ ਉਨ੍ਹਾਂ ਨੂੰ ਨਿੱਗਰ ਸਮਾਜ ਦੀ ਸਿਰਜਣਾ ਲਈ ਭਾਈਵਾਲ ਬਣਾਉਣ ਲਈ ਪਿੰਡ-ਪਿੰਡ ਚੇਤਨਾ ਮੀਟਿੰਗਾਂ ਦਾ ਆਯੋਜਨ ਕੀਤਾ ਜਾਵੇਗਾ, ਜਿਸ ਵਿੱਚ ਸੈਮੀਨਾਰ ਅਤੇ ਨਾਟਕਾਂ ਦੇ ਆਯੋਜਨ ਮੁੱਖ ਅਕਰਸ਼ਣ ਰਹਿਣਗੇ।
ਦਲਿਤ ਆਗੂ ਸ੍ਰੀ ਪੁਰਖਾਲਵੀ ਨੇ ਕਿਹਾ ਕਿ ਦਿਹਾਤੀ ਖੇਤਰ ਦੇ ਨੌਜਵਾਨਾਂ ਨੂੰ ਨਸ਼ਿਆਂ ਦੇ ਕੋਹੜ ਤੋਂ ਬਚਾਉਣ ਲਈ ਜਥੇਬੰਦੀ ਵੱਲੋਂ ਖੇਡਾਂ ਲਈ ਵਿਸ਼ੇਸ਼ ਤੌਰ ਤੇ ਆਰਥਿਕ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ ਜਿਸ ਦੀ ਪ੍ਰਾਪਤੀ ਲਈ ਜਥੇਬੰਦੀ ਦੇ ਪਿੰਡ ਪੱਧਰ ਤੇ ਆਗੂਆਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਜਥੇਬੰਦੀ ਦੀ ਸਾਲ 1999 ਵਿੱਚ ਸਥਾਪਨਾ ਕੀਤੀ ਗਈ ਸੀ ਜਿਸ ਨੇ ਪਿਛਲੇ 26 ਸਾਲਾਂ ਦੌਰਾਨ ਸਮਾਜ ਦੇ ਕਮਜ਼ੋਰ ਪਰਿਵਾਰਾਂ ਦੇ ਉਥਾਨ ਅਤੇ ਬਿਹਤਰ ਜੀਵਨ ਦੇ ਨਿਰਮਾਣ ਲਈ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਕਰੀਬ 10 ਕਰੋੜ ਦੀ ਰਾਸ਼ੀ ਖਰਚ ਕੀਤੀ ਜਾ ਚੁੱਕੀ ਹੈ। 
ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਬਿਪਤਾ ਮਾਰੇ ਪਰਿਵਾਰਾਂ ਦੇ ਹੰਝੂ ਪੁੱਬਣ ਲਈ ਜਥੇਬੰਦੀ ਵੱਲੋਂ ਪੀੜਤ ਪਰਿਵਾਰਾਂ ਲਈ ਇਨਸਾਫ਼ ਦੀ ਪ੍ਰਾਪਤੀ ਲਈ ਕੀਤੇ ਗਏ ਸੰਘਰਸ਼ ਤੋਂ ਪ੍ਰੇਸ਼ਾਨ ਸਮੇਂ ਦੀਆਂ ਹਕੂਮਤਾਂ ਨੇ ਉਨ੍ਹਾਂ ਉਤੇ ਕਈ ਤਰ੍ਹਾਂ ਦੇ ਬੇਬੁਨਿਆਦ ਇਲਜ਼ਮ ਲਗਾਕੇ ਉਨ੍ਹਾਂ ਦੇ ਪੈਰੀਂ ਬੇੜੀਆਂ ਪਾਉਣ ਦੇ ਅਨੇਕਾਂ ਯਤਨ ਕੀਤੇ ਪ੍ਰੰਤੂ ਹੱਕ ਅਤੇ ਸੱਚ ਦੇ ਰਾਹ ਤੇ ਚੱਲਦਿਆਂ ਉਨ੍ਹਾਂ ਜਰਵਾਣਿਆਂ ਦੀ ਕਦੇ ਵੀ ਪ੍ਰਵਾਹ ਨਹੀਂ ਕੀਤੀ, ਜਿਸ ਕਾਰਨ ਬੀਤੇ ਸਮੇਂ ਦੌਰਾਨ ਉਹ ਪ੍ਰੇਸ਼ਾਨ ਜਰੂਰ ਹੋਏ ਹਨ ਪਰ ਨਿਰਾਸ਼ ਨਹੀਂ ਕਿਉਂਕਿ ਇਮਾਨਦਾਰੀ ਨਾਲ ਕੀਤੇ ਗਏ ਕੰਮਾਂ ਨੂੰ ਰੱਬ ਦੇ ਘਰ ਵਿੱਚ ਖੈਰ ਜਰੂਰ ਮਿਲਦੀ ਹੈ।
 ਸ਼੍ਰੀ ਪੁਰਖਾਲਵੀ ਨੇ ਕਿਹਾ ਕਿ ਜਥੇਬੰਦੀ ਨੂੰ ਮਿਲਣ ਵਾਲੇ ਦਾਨ ਉਤੇ ਕੇਂਦਰ ਸਰਕਾਰ ਵੱਲੋਂ ਇਨਕਮ ਟੈਕਸ ਤੋਂ ਸੈਕਸ਼ਨ 80 ਸੀ ਦੇ ਤਹਿਤ ਮੁਕੰਮਲ ਛੋਟ ਦੀ ਸੁਵਿਧਾ ਪ੍ਰਦਾਨ ਕੀਤੀ ਗਈ ਹੈ ਜਿਸ ਦਾ ਮੁਕੰਮਲ ਤੌਰ ਤੇ ਆਡਿਟ ਵੀ ਕੀਤਾ ਜਾਂਦਾ ਹੈ। ਇਸ ਮੌਕੇ ਉਨ੍ਹਾਂ ਨਾਲ ਜਥੇਬੰਦੀ ਦੇ ਆਗੂ ਡਾ. ਹਰਪ੍ਰੀਤ ਸਿੰਘ ਮੌਜਪੁਰ, ਦਲਜੀਤ ਸਿੰਘ ਗਿੱਲ, ਗੁਰਪ੍ਰੀਤ ਸਿੰਘ ਚੱਪੜਚਿੜੀ, ਗੁਰਵਿੰਦਰ ਸਿੰਘ ਸ਼ੰਭੂ ਅਤੇ ਅਮਰੀਕ ਸਿੰਘ ਮੁਹਾਲੀ ਵੀ ਹਾਜ਼ਰ ਸਨ।