ਮੁਹਾਲੀ ਤੋਂ ਚੱਪੜ ਚਿੜੀ ਨੂੰ ਜਾਣ ਵਾਲੀ ਸੜਕ ਦੀ ਹਾਲਤ ਮਾੜੀ, ਲੋਕਾਂ ਨੇ ਡਿਪਟੀ ਮੇਅਰ ਨੂੰ ਵਿਖਾਇਆ ਮੌਕਾ

ਐਸ ਏ ਐਸ ਨਗਰ, 5 ਮਈ- ਮੁਹਾਲੀ ਤੋਂ ਪਿੰਡਾਂ ਰਾਹੀਂ ਚੱਪੜ ਚਿੜੀ ਗੁਰਦੁਆਰਾ ਸਾਹਿਬ ਦੇ ਸਾਹਮਣੇ ਤੋਂ ਲੰਘਦੀ ਮੁੱਖ ਸੜਕ ਦੀ ਹਾਲਤ ਇੰਨੀ ਖਰਾਬ ਹੋ ਚੁੱਕੀ ਹੈ ਕਿ ਇਲਾਕੇ ਦੇ ਰਹਿਣ ਵਾਲੇ ਲੋਕ ਤੇ ਆਉਣ-ਜਾਣ ਵਾਲੇ ਦਿਨੋ-ਦਿਨ ਪਰੇਸ਼ਾਨ ਹੋ ਰਹੇ ਹਨ। ਇਸ ਸੜਕਾਂ ਤੇ ਦੋ ਵੱਡੇ ਸਕੂਲ ਵੀ ਸਥਿਤ ਹਨ, ਜਿੱਥੇ ਵੱਡੀ ਗਿਣਤੀ ਵਿੱਚ ਬੱਚੇ ਸਵੇਰੇ ਸ਼ਾਮ ਆਉਂਦੇ ਹਨ। ਇਸੇ ਸੜਕ ਤੋਂ ਖਰੜ ਤੋਂ ਚੰਡੀਗੜ੍ਹ ਆਉਣ ਵਾਲੇ ਵੱਡੀ ਗਿਣਤੀ ਲੋਕ ਵੀ ਸਕੂਟਰਾਂ ਅਤੇ ਗੱਡੀਆਂ ਤੇ ਆਉਂਦੇ ਹਨ ਜਿਹਨਾਂ ਦੇ ਕੱਪੜੇ ਵੀ ਖਰਾਬ ਹੁੰਦੇ ਹਨ ਤੇ ਗੱਡੀਆਂ ਦਾ ਵੀ ਭਾਰੀ ਨੁਕਸਾਨ ਹੁੰਦਾ ਹੈ ਕਿਉਂਕਿ ਸੜਕ ਖੱਡਿਆਂ ਨਾਲ ਭਰੀ ਹੋਈ ਹੈ।

ਇੱਥੇ ਹੀ ਸੈਕਟਰ 92 ਟੀ ਡੀ ਆਈ ਸਿਟੀ ਵੀ ਬਣਿਆ ਹੋਇਆ ਹੈ ਜਿੱਥੋਂ ਦੇ ਵਸਨੀਕਾਂ ਨੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੂੰ ਇੱਥੇ ਬੁਲਾ ਕੇ ਮੌਕਾ ਵਿਖਾਇਆ ਅਤੇ ਆਪਣੀਆਂ ਸਮੱਸਿਆਵਾਂ ਦੱਸੀਆਂ। ਡਿਪਟੀ ਮੇਅਰ ਨੇ ਇਹਨਾਂ ਸਮੱਸਿਆਵਾਂ ਨੂੰ ਫੌਰੀ ਤੌਰ ਤੇ ਹੱਲ ਕਰਨ ਲਈ ਗਮਾਡਾ ਅਧਿਕਾਰੀਆਂ ਨੂੰ ਅਪੀਲ ਕਰਦਿਆਂ ਚਿਤਾਵਨੀ ਦਿੱਤੀ ਹੈ ਕਿ ਜੇਕਰ ਫੌਰੀ ਤੌਰ ਤੇ ਇਸ ਪਾਸੇ ਕਦਮ ਨਾ ਪੁੱਟਿਆ ਗਿਆ ਤਾਂ ਉਹ ਇਲਾਕੇ ਦੇ ਲੋਕਾਂ ਨਾਲ ਹਾਈਵੇ ਜਾਮ ਕਰਨ ਲਈ ਮਜਬੂਰ ਹੋਣਗੇ ਜਿਸ ਦੀ ਪੂਰੀ ਜ਼ਿੰਮੇਵਾਰੀ ਗਮਾਡਾ ਅਧਿਕਾਰੀਆਂ ਦੀ ਹੋਵੇਗੀ।
ਸ੍ਰੀ ਬੇਦੀ ਨੇ ਕਿਹਾ ਕਿ ਇਹ ਇਕ ਪੇਂਡੂ ਸੜਕ ਹੈ ਅਤੇ ਇਹ ਰਾਹ ਬਹੁਤ ਸਾਰੀਆਂ ਰਿਹਾਇਸ਼ੀ ਕਲੋਨੀਆਂ ਨੂੰ ਜੁੜਦਾ ਹੈ, ਜਿੱਥੇ ਲੋਕ ਕਰੋੜਾਂ ਰੁਪਏ ਖਰਚ ਕਰਕੇ ਘਰ ਬਣਾ ਚੁੱਕੇ ਹਨ। ਇਲਾਕੇ ਵਿੱਚ ਗਮਾਡਾ ਵੱਲੋਂ ਸੀ ਐਲ ਯੂ (ਚੇਂਜ ਆਫ ਲੈਂਡ ਯੂਜ਼) ਲੈ ਕੇ ਕਲੋਨੀਆਂ ਅਤੇ ਸਕੂਲਾਂ ਦੇ ਨਕਸ਼ੇ ਤਸਦੀਕ ਕੀਤੇ ਗਏ ਹਨ, ਪਰ ਬਦਕਿਸਮਤੀ ਨਾਲ ਬੁਨਿਆਦੀ ਢਾਂਚੇ, ਖਾਸ ਕਰਕੇ ਸੜਕਾਂ ਦੀ ਮੁਰੰਮਤ ਅਤੇ ਪਾਣੀ ਨਿਕਾਸੀ ਦੀ ਸੁਵਿਧਾ ਉੱਤੇ ਕੋਈ ਧਿਆਨ ਨਹੀਂ ਦਿੱਤਾ ਗਿਆ।
ਡਿਪਟੀ ਮੇਅਰ ਨੇ ਕਿਹਾ ਕਿ ਹੁਣ ਜਦੋਂ ਇਹ ਖੇਤਰ ਪੇਂਡੂ ਤੋਂ ਸ਼ਹਿਰੀ ਇਲਾਕਾ ਬਣ ਚੁੱਕਾ ਹੈ ਅਤੇ ਗਮਾਡਾ ਨੂੰ ਜ਼ਿੰਮੇਵਾਰੀ ਲੈਂਦਿਆਂ ਸੜਕ ਦੀ ਤੁਰੰਤ ਮੁਰੰਮਤ ਕਰਵਾਉਣੀ ਚਾਹੀਦੀ ਹੈ। ਉਹਨਾਂ ਚੇਤਾਵਨੀ ਦਿੱਤੀ ਹੈ ਕਿ ਜੇਕਰ ਜਲਦ ਕਾਰਵਾਈ ਨਾ ਹੋਈ ਤਾਂ ਲੋਕਾਂ ਨੂੰ ਰੋਸ ਧਰਨਾ ਲਗਾਉਣ ਤੇ ਮਜਬੂਰ ਹੋਣਾ ਪਵੇਗਾ।
ਇਸ ਮੌਕੇ ਟੀ ਡੀ ਆਈ ਐਸੋਸੀਏਸ਼ਨ ਦੇ ਪ੍ਰਧਾਨ ਪ੍ਰੀਤਮ ਠਾਕੁਰ, ਜਨਰਲ ਸਕੱਤਰ ਧਰਮਿੰਦਰ ਮਨੋਤਰਾ, ਕੈਸ਼ੀਅਰ ਸੰਜੇ ਕੁਮਾਰ, ਮੈਂਬਰ ਹਰਲੀਨ ਸਿੰਘ ਸੇਠੀ, ਸੁਨੀਲ ਸ਼ਰਮਾ ਅਤੇ ਹੋਰ ਵਸਨੀਕ ਮੌਜੂਦ ਸਨ।