ਭਗਤ ਸਿੰਘ ਤੋਂ ਪ੍ਰੇਰਿਤ ਪੰਜਾਬ ਦੇ ਨੌਜਵਾਨ ਹੁਣ ਬਣਨਗੇ ਬਦਲਾਅ ਦੀ ਮਸ਼ਾਲ - ਮੁੱਖ ਮੰਤਰੀ ਭਗਵੰਤ ਮਾਨ

ਗੜਸ਼ੰਕਰ- ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਗੜਸ਼ੰਕਰ ਵਿਖੇ ਆਮ ਆਦਮੀ ਪਾਰਟੀ ਵੱਲੋਂ ਕਰਵਾਏ ਗਏ ਯੂਥ ਕਲੱਬ ਲੀਡਰਸ਼ਿਪ ਪ੍ਰੋਗਰਾਮ ਦੀ ਅਗਵਾਈ ਕਰਦਿਆਂ ਨੌਜਵਾਨਾਂ ਨੂੰ ਰਾਸ਼ਟਰ ਹਿੱਤ ਵਿੱਚ ਕੰਮ ਕਰਨ ਲਈ ਪ੍ਰੇਰਿਤ ਕੀਤਾ। ਆਪਣੇ ਪ੍ਰੇਰਣਾਦਾਇਕ ਸੰਬੋਧਨ ਵਿੱਚ ਮੁੱਖ ਮੰਤਰੀ ਨੇ ਨੌਜਵਾਨਾਂ ਨੂੰ ਦੇਸ਼ ਦੀ ਬਣਤਰ ਵਿੱਚ ਮੋਹਰੀ ਭੂਮਿਕਾ ਨਿਭਾਉਣ ਦਾ ਸੱਦਾ ਦਿੱਤਾ।

ਗੜਸ਼ੰਕਰ- ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਗੜਸ਼ੰਕਰ ਵਿਖੇ ਆਮ ਆਦਮੀ ਪਾਰਟੀ ਵੱਲੋਂ ਕਰਵਾਏ ਗਏ ਯੂਥ ਕਲੱਬ ਲੀਡਰਸ਼ਿਪ ਪ੍ਰੋਗਰਾਮ ਦੀ ਅਗਵਾਈ ਕਰਦਿਆਂ ਨੌਜਵਾਨਾਂ ਨੂੰ ਰਾਸ਼ਟਰ ਹਿੱਤ ਵਿੱਚ ਕੰਮ ਕਰਨ ਲਈ ਪ੍ਰੇਰਿਤ ਕੀਤਾ। ਆਪਣੇ ਪ੍ਰੇਰਣਾਦਾਇਕ ਸੰਬੋਧਨ ਵਿੱਚ ਮੁੱਖ ਮੰਤਰੀ ਨੇ ਨੌਜਵਾਨਾਂ ਨੂੰ ਦੇਸ਼ ਦੀ ਬਣਤਰ ਵਿੱਚ ਮੋਹਰੀ ਭੂਮਿਕਾ ਨਿਭਾਉਣ ਦਾ ਸੱਦਾ ਦਿੱਤਾ। 
ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਤੋਂ ਆਏ ਆਮ ਆਦਮੀ ਪਾਰਟੀ ਦੇ ਨੌਜਵਾਨ ਸਿਪਾਹੀਆਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਹੀ ਦੇਸ਼ ਦੀ ਅਸਲ ਤਾਕਤ ਹੈ। ਮੁੱਖ ਮੰਤਰੀ ਨੇ ਗੁਰਬਾਣੀ ਅਤੇ ਸੂਫੀ ਸਾਹਿਤ ਦਾ ਹਵਾਲਾ ਦਿੰਦਿਆਂ ਮੁਹੰਮਦ ਮੀਆਂ ਬਖਸ਼ ਦੀ ਇਕ ਰਚਨਾ ਵੀ ਨੌਜਵਾਨਾਂ ਨਾਲ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਰੱਬ ਹਰ ਕਿਸੇ ਉੱਤੇ ਜ਼ਿੰਮੇਵਾਰੀ ਦਾ ਘੜਾ ਨਹੀਂ ਧਰਦਾ, ਜਿਨ੍ਹਾਂ ਕੋਲ ਬੋਝ ਝੱਲਣ ਦੀ ਤਾਕਤ ਹੁੰਦੀ ਹੈ, ਉਨ੍ਹਾਂ ਨੂੰ ਹੀ ਜ਼ਿੰਮੇਵਾਰੀ ਮਿਲਦੀ ਹੈ।
 ਮੁੱਖ ਮੰਤਰੀ ਨੇ ਆਪਣੇ ਪੁਰਾਣੇ ਦਿਨ ਯਾਦ ਕਰਦਿਆਂ ਕਿਹਾ, "ਪਹਿਲਾਂ ਜਦੋਂ ਮੈਂ ਕਲਾਕਾਰ ਸੀ, ਪਿੰਡਾਂ 'ਚ ਜਾ ਕੇ ਪੈਸੇ ਲੈਂਦਾ ਸੀ, ਪਰ ਅੱਜ ਜਦੋਂ ਮੁੱਖ ਮੰਤਰੀ ਬਣ ਕੇ ਉਨ੍ਹਾਂ ਪਿੰਡਾਂ 'ਚ ਜਾਂਦਾ ਹਾਂ ਤਾਂ ਉਹ ਪੈਸੇ ਵਿਆਜ ਸਮੇਤ ਗਰਾਂਟ ਦੇ ਤੌਰ 'ਤੇ ਵਾਪਸ ਕਰਨੇ ਪੈਂਦੇ ਹਨ।" ਮੁੱਖ ਮੰਤਰੀ ਨੇ ਪੰਜਾਬ ਵਿੱਚ ਪਾਣੀ ਦੇ ਸੰਕਟ ਅਤੇ ਐਸ.ਵਾਈ.ਐਲ.(ਸਤਲੁਜ-ਯਮੁਨਾ ਲਿੰਕ) ਵਿਵਾਦ 'ਤੇ ਵੀ ਗੰਭੀਰਤਾ ਨਾਲ ਵਿਚਾਰ ਰੱਖਿਆ। 
ਉਨ੍ਹਾਂ ਕਿਹਾ ਕਿ ਪੰਜਾਬ ਕਦੇ ਵੀ ਲੜਾਈ ਨਹੀਂ ਚਾਹੁੰਦਾ ਸੀ, ਪਰ ਵਾਰ-ਵਾਰ ਉਸ ਉੱਤੇ ਲੜਾਈ ਥੋਪੀ ਗਈ। ਹੁਣ ਸਰਹੱਦਾਂ ਤੋਂ ਬਾਅਦ ਪੰਜਾਬ ਨੂੰ ਪਾਣੀ ਦੀ ਲੜਾਈ 'ਚ ਧੱਕਿਆ ਜਾ ਰਿਹਾ ਹੈ। ਹਰਿਆਣਾ ਨਾਲ ਬੇਵਜ੍ਹਾ ਟਕਰਾਅ ਬਣਾਇਆ ਗਿਆ, ਪਰ ਹੁਣ ਪੰਜਾਬ ਵੀ ਡਟ ਗਿਆ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਉਹ ਖੁਦ ਨੰਗਲ ਡੈਮ ਗਏ ਅਤੇ ਫ਼ਾਲਤੂ ਪਾਣੀ ਦੀ ਸਪਲਾਈ ਰੁਕਵਾਈ। ਹੁਣ ਪੰਜਾਬੀ ਕਿਸੇ ਵੀ ਜ਼ਬਰਦਸਤੀ ਨੂੰ ਸਹਿਣ ਵਾਲੇ ਨਹੀਂ ਹਨ। 
ਭਗਵੰਤ ਮਾਨ ਨੇ ਕੇਂਦਰ ਸਰਕਾਰ ਨੂੰ ਇਕ ਵਾਰ ਫਿਰ ਸਲਾਹ ਦਿੱਤੀ ਕਿ ਜੇ ਪਾਕਿਸਤਾਨ ਵੱਲੋਂ ਰੋਕਿਆ ਗਿਆ ਪਾਣੀ ਪੰਜਾਬ ਦੇ ਡੈਮਾਂ ਵਿੱਚ ਆ ਜਾਂਦਾ ਹੈ ਤਾਂ ਪੰਜਾਬ ਭਾਖੜਾ ਰਾਹੀਂ ਹਰਿਆਣਾ ਨੂੰ ਪਾਣੀ ਦੇ ਸਕਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਨੇ ਛੇ ਵਾਰ ਹਰਿਆਣਾ ਨੂੰ ਪੱਤਰ ਲਿਖ ਕੇ ਚੇਤਾਵਨੀ ਦਿੱਤੀ ਕਿ ਉਹ ਪਾਣੀ ਦੀ ਵਧੇਰੇ ਵਰਤੋਂ ਕਰ ਰਹੇ ਹਨ ਪਰ ਹਰਿਆਣਾ ਨੇ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ।
ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਬੀ.ਬੀ.ਐਮ.ਬੀ (ਭਾਖੜਾ-ਬਿਆਸ ਪ੍ਰਬੰਧਕੀ ਬੋਰਡ) ਨੇ ਪੰਜਾਬ ਵਿਰੁੱਧ ਫੈਸਲਾ ਸੁਣਾਇਆ ਤਾਂ ਤੁਰੰਤ ਸਰਬ ਪਾਰਟੀ ਮੀਟਿੰਗ ਬੁਲਾ ਕੇ ਕੇਂਦਰ ਅਤੇ ਹਰਿਆਣਾ ਨੂੰ ਸਾਫ ਸੁਨੇਹਾ ਦਿੱਤਾ ਗਿਆ। ਇਸ ਦੇ ਨਾਲ ਹੀ ਪੰਜਾਬ ਸਰਕਾਰ ਨੇ ਇਸ ਮਸਲੇ 'ਤੇ ਸੋਮਵਾਰ ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਕਈ ਜ਼ਿਲੇ "ਡਾਰਕ ਜ਼ੋਨ" 'ਚ ਚਲੇ ਗਏ ਹਨ ਅਤੇ ਕੁਝ ਥਾਵਾਂ ਤੇ ਪਾਣੀ ਦਾ ਪੱਧਰ 600 ਫੁੱਟ ਤੋਂ ਵੀ ਥੱਲੇ ਚਲਾ ਗਿਆ ਹੈ।
ਇਸ ਗੰਭੀਰ ਸੰਕਟ ਨੂੰ ਦੇਖਦਿਆਂ ਸਰਕਾਰ ਨੇ ਨਹਿਰਾਂ ਰਾਹੀਂ ਹਰ ਖੇਤ ਤੱਕ ਪਾਣੀ ਪਹੁੰਚਾਉਣ ਦਾ ਸੰਕਲਪ ਕੀਤਾ ਹੈ। ਗੜਸ਼ੰਕਰ ਵਿੱਚ ਕਰਵਾਏ ਗਏ ਯੂਥ ਕਲੱਬ ਲੀਡਰਸ਼ਿਪ ਪ੍ਰੋਗਰਾਮ ਨੂੰ ਆਮ ਆਦਮੀ ਪਾਰਟੀ ਦੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਸਮੇਤ ਕਈ ਹੋਰ ਸੀਨੀਅਰ ਨੇਤਾਵਾਂ ਨੇ ਵੀ ਸੰਬੋਧਨ ਕੀਤਾ।