ਵੰਡੀਆਂ ਪਾਉਣ ਤੋਂ ਗੁਰੇਜ਼ ਕਰੇ ਪੰਜਾਬ ਸਰਕਾਰ: ਨਾਇਬ ਸਿੰਘ ਸੈਣੀ

ਚੰਡੀਗੜ੍ਹ, 1 ਮਈ- ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਅੱਜ ਵਾਧੂ ਪਾਣੀ ਦੇ ਮੁੱਦੇ ’ਤੇ ਕਿਹਾ ਕਿ ਪੰਜਾਬ ਦੇ ਉਨ੍ਹਾਂ ਦੇ ਹਮਰੁਤਬਾ ਭਗਵੰਤ ਮਾਨ ਨੂੰ ਸਿਆਸਤ ਤੋਂ ਉਪਰ ਉੱਠ ਕੇ ਮਾਨਵਤਾ ਦੇ ਹਿੱਤਾਂ ਲਈ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਅਤੇ ਹਰਿਆਣਾ ਵਿੱਚ ਵੰਡੀਆਂ ਖੜ੍ਹੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਾਨੂੰ ਭਾਈ ਘਨੱਈਆ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਕਦੇ ਪੰਜਾਬ ਪਿਆਸਾ ਹੋਵੇਗਾ ਤਾਂ ਹਰਿਆਣਾ ਵੱਲੋਂ ਪਾਣੀ ਦਿੱਤਾ ਜਾਵੇਗਾ।

ਸੈਣੀ ਨੇ ਕਿਹਾ ਕਿ ਅਪਰੈਲ ਤੋਂ ਜੂਨ ਤੱਕ ਦੇ ਮਹੀਨੇ ਦਰਮਿਆਨ ਹਮੇਸ਼ਾ ਹੀ ਹਰਿਆਣਾ ਨੂੰ 9000 ਕਿਊਸਿਕ ਤੱਕ ਪਾਣੀ ਮਿਲਦਾ ਰਿਹਾ ਹੈ ਅਤੇ ਇਤਿਹਾਸ ਵਿੱਚ ਕਦੇ ਵੀ ਪਾਣੀ ਰੋਕਿਆ ਨਹੀਂ ਗਿਆ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਨੇ ਇਹ ਪਾਣੀ ਲੋਕਾਂ ਦੇ ਪੀਣ ਲਈ ਲਿਆ ਹੈ। ਸੈਣੀ ਨੇ ਕਿਹਾ ਕਿ ਪੰਜਾਬ ਹਰਿਆਣਾ ਦਾ ਵੱਡਾ ਭਰਾ ਹੈ ਅਤੇ ਇਨਸਾਨੀਅਤ ਦੇ ਨਾਤੇ ਇਸ ਮਾਮਲੇ ਨੂੰ ਦੇਖਣਾ ਚਾਹੀਦਾ ਹੈ ਅਤੇ ਇਸ ’ਤੇ ਕੋਈ ਸਿਆਸਤ ਨਹੀਂ ਕਰਨੀ ਚਾਹੀਦੀ ਹੈ।
ਸੈਣੀ ਨੇ ਕਿਹਾ ਕਿ ਅਸਲ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਨੂੰ ਦਿੱਲੀ ਵਿੱਚ ਮਿਲੀ ਹਾਰ ਬਰਦਾਸ਼ਤ ਨਹੀਂ ਹੋ ਰਹੀ ਹੈ ਅਤੇ ਹੁਣ ਪੰਜਾਬ ਦੇ ਜ਼ਰੀਏ ਅਰਵਿੰਦ ਕੇਜਰੀਵਾਲ ਇਹ ਬਖੇੜਾ ਖੜ੍ਹਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਸੇ ਦੇ ਪਿੱਛੇ ਲੱਗਣ ਦੀ ਥਾਂ ਖ਼ੁਦ ਦੇ ਵਿਵੇਕ ਤੋਂ ਕੰਮ ਲੈਣਾ ਚਾਹੀਦਾ ਹੈ।
 ਉਨ੍ਹਾਂ ਕਿਹਾ ਕਿ ਵੰਡੀਆਂ ਪਾਉਣ ਤੋਂ ਪੰਜਾਬ ਸਰਕਾਰ ਗੁਰੇਜ਼ ਕਰੇ। ਸੈਣੀ ਨੇ ਕਿਹਾ ਕਿ ਜਿਹੜਾ 9000 ਕਿਊਸਿਕ ਪਾਣੀ ਹਰਿਆਣਾ ਨੂੰ ਮਿਲਦਾ ਰਿਹਾ ਹੈ, ਉਸ ’ਚੋਂ 500 ਕਿਊਸਿਕ ਪਾਣੀ ਦਿੱਲੀ ਨੂੰ ਅਤੇ 800 ਕਿਊਸਿਕ ਪਾਣੀ ਰਾਜਸਥਾਨ ਨੂੰ ਚਲਾ ਜਾਂਦਾ ਹੈ ਜਦੋਂ ਕਿ ਇਸ ’ਚੋਂ ਹੀ 400 ਕਿਊਸਿਕ ਪੰਜਾਬ ਨੂੰ ਮਿਲਦਾ ਹੈ। ਨਾਇਬ ਸਿੰਘ ਸੈਣੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਮੁੱਦੇ ’ਤੇ ਰਾਜਨੀਤੀ ਕਰਨ ਦੀ ਥਾਂ ਪੰਜਾਬ ਦੇ ਵਿਕਾਸ ਦੀ ਗੱਲ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਵਾਧੂ ਪਾਣੀ ’ਤੇ ਰੌਲਾ ਰੱਪਾ ਸਿਰਫ਼ ਆਪਣੀਆਂ ਕਮੀਆਂ ਨੂੰ ਛੁਪਾਉਣ ਵਾਸਤੇ ਹੈ।