ਵੈਟਨਰੀ ਯੂਨੀਵਰਸਿਟੀ ਨੇ ਦੁੱਧ ਉਤਪਾਦਾਂ ਦੀ ਗੁਣਵੱਤਾ ਵਧਾਉਣ ਸੰਬੰਧੀ ਦਿੱਤੀ ਉਦਮੀ ਸਿਖਲਾਈ

ਲੁਧਿਆਣਾ 21 ਅਪ੍ਰੈਲ 2025- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਨੇ ਭਾਰਤੀ ਖੇਤੀ ਖੋਜ ਪਰਿਸ਼ਦ ਵੱਲੋਂ ਪ੍ਰਾਯੋਜਿਤ ‘ਫਾਰਮਰ ਫਸਟ ਪ੍ਰਾਜੈਕਟ’ ਤਹਿਤ ਹਮੀਦੀ ਪਿੰਡ ਵਿਖੇ ਦੁੱਧ ਉਤਪਾਦਾਂ ਦੀ ਗੁਣਵੱਤਾ ਵਧਾਉਣ ਅਤੇ ਉਸ ਦੀ ਪੈਕਿੰਗ ਕਰਨ ਸੰਬੰਧੀ ਸਿਖਲਾਈ ਦਿੱਤੀ। ਇਹ ਕੈਂਪ ਡਾ. ਰਵਿੰਦਰ ਸਿੰਘ ਗਰੇਵਾਲ, ਨਿਰਦੇਸ਼ਕ ਪਸਾਰ ਸਿੱਖਿਆ ਅਤੇ ਡਾ. ਪਰਮਿੰਦਰ ਸਿੰਘ, ਇਸ ਪ੍ਰਾਜੈਕਟ ਦੇ ਮੁੱਖ ਨਿਰੀਖਕ ਦੀ ਅਗਵਾਈ ਵਿੱਚ ਲਗਾਇਆ ਗਿਆ।

 ਡਾ. ਗੋਪਿਕਾ ਤਲਵਾੜ, ਸਹਿ ਮੁਖ ਨਿਰੀਖਕ ਅਤੇ ਗੁਰਪ੍ਰੀਤ ਕੌਰ ਤੁਲਾ ਨੇ ਇਸ ਕੈਂਪ ਦਾ ਸੰਯੋਜਨ ਕੀਤਾ ਅਤੇ ਸਿੱਖਿਆਰਥੀਆਂ ਨੂੰ ਉਤਪਾਦ ਤਿਆਰ ਕਰਨ ਅਤੇ ਪੈਕਿੰਗ ਸੰਬੰਧੀ ਪੂਰਨ ਪ੍ਰਯੋਗੀ ਗਿਆਨ ਦਿੱਤਾ। ਹਮੀਦੀ ਪਿੰਡ ਦੇ ਸ਼੍ਰੀ ਜਸਵੀਰ ਸਿੰਘ ਨੂੰ ਘਿਓ, ਪਨੀਰ ਅਤੇ ਦਹੀ ਬਨਾਉਣ ਲਈ ਵਿਸ਼ੇਸ਼ ਰੂਪ ਵਿੱਚ ਸਿੱਖਿਅਤ ਕੀਤਾ ਗਿਆ। ਇਥੇ ਦੱਸਣਾ ਵਰਣਨਯੋਗ ਹੈ ਕਿ ਸ਼੍ਰੀ ਜਸਵੀਰ ਸਿੰਘ ਨੇ ਯੂਨੀਵਰਸਿਟੀ ਦੇ ਕਾਲਜ ਆਫ ਡੇਅਰੀ ਅਤੇ ਫੂਡ ਸਾਇੰਸ ਤਕਨਾਲੋਜੀ ਤੋਂ ਪਹਿਲਾਂ ਸਿਖਲਾਈ ਪ੍ਰਾਪਤ ਕੀਤੀ ਹੋਈ ਹੈ। ਇਹ ਕਾਲਜ ਦੁੱਧ ਅਤੇ ਦੁੱਧ ਉਤਪਾਦਾਂ ਸੰਬੰਧੀ ਉਦਮੀ ਸਿਖਲਾਈ ਦੇਣ ਵਿੱਚ ਵਿਸ਼ੇਸ਼ ਸਥਾਨ ਰੱਖਦਾ ਹੈ।
          ਡਾ. ਗੋਪਿਕਾ ਤਲਵਾੜ ਨੇ ਇਸ ਮੌਕੇ ਵਿਭਿੰਨ ਮਸ਼ੀਨਾਂ ਦੇ ਪ੍ਰਯੋਗ ਬਾਰੇ ਦੱਸਿਆ ਜਿਸ ਵਿੱਚ ਕੱਪ ਨੂੰ ਸੀਲ ਕਰਨ ਅਤੇ ਪੈਡਲ ਸੀਲਰ ਪ੍ਰਮੁੱਖ ਸਨ। ਉਨ੍ਹਾਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਸਾਨੂੰ ਇਸ ਉਦਮ ਲਈ ਸਥਾਨ ਦੀ ਚੋਣ ਕਿਵੇਂ ਕਰਨੀ ਚਾਹੀਦੀ ਹੈ ਅਤੇ ਉਥੇ ਕਿਹੜੀਆਂ ਸਹੂਲਤਾਂ ਰੱਖਣੀਆਂ ਜਰੂਰੀ ਹਨ। ਉਨ੍ਹਾਂ ਕਿਹਾ ਕਿ ਸ਼੍ਰੀ ਜਸਵੀਰ ਸਿੰਘ ਨੇ ਆਪਣੇ ਕਿੱਤੇ ਨੂੰ ਭਾਰਤੀ ਭੋਜਨ ਸੁਰੱਖਿਆ ਅਤੇ ਮਿਆਰ ਅਥਾਰਿਟੀ (FSSAI) ਨਾਲ ਰਜਿਸਟਰ ਕਰਵਾਇਆ ਹੋਇਆ ਹੈ ਅਤੇ ਉਹ ਦਹੀ ਅਤੇ ਪਨੀਰ ਬਨਾਉਣ ਵਿੱਚ ਪਹਿਲਾ ਹੀ ਕਾਰਜ ਕਰ ਰਹੇ ਹਨ। ਇਸ ਕੈਂਪ ਰਾਹੀਂ ਸਿੱਖਿਆਰਥੀਆਂ ਨੂੰ ਆਪਣਾ ਕੰਮ ਵੱਡੇ ਪੱਧਰ ’ਤੇ ਵਧਾਉਣ ਅਤੇ ਮੰਗ ਮੁਤਾਬਿਕ ਸਥਾਪਿਤ ਕਰਨ ਸੰਬੰਧੀ ਪੂਰਨ ਗਿਆਨ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਸ ਨਾਲ ਕਿਸਾਨਾਂ ਦੀ ਆਮਦਨ ਵਿੱਚ ਚੰਗਾ ਵਾਧਾ ਹੋ ਸਕਦਾ ਹੈ।