
ਇਜ਼ਰਾਈਲ-ਇਰਾਨ ਜੰਗ ’ਚ ਕੁੱਦਿਆ ਅਮਰੀਕਾ; ਤਿੰਨ ਪ੍ਰਮਾਣੂ ਟਿਕਾਣਿਆਂ ’ਤੇ ਹਮਲੇ
ਵਾਸ਼ਿੰਗਟਨ, 22 ਜੂਨ- ਅਮਰੀਕੀ ਫੌਜ ਨੇ ਐਤਵਾਰ ਵੱਡੇ ਤੜਕੇ ਇਰਾਨ ਦੇ ਤਿੰਨ ਪ੍ਰਮਾਣੂ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ। ਅਮਰੀਕਾ ਇਨ੍ਹਾਂ ਹਮਲਿਆਂ ਨਾਲ ਇਜ਼ਰਾਈਲ ਵੱਲੋਂ ਇਰਾਨ ਦੇ ਪ੍ਰਮਾਣੂ ਪ੍ਰੋਗਰਾਮ ਖ਼ਿਲਾਫ਼ ਵਿੱਢੀ ਲੜਾਈ ਵਿਚ ਸਿੱਧੇ ਤੌਰ ’ਤੇ ਸ਼ਾਮਲ ਹੋ ਗਿਆ ਹੈ। ਅਮਰੀਕਾ ਨੇ ਹਮਲੇ ਲਈ B6 ਬੰਕਰ ਬਸਟਰ ਬੰਬਾਂ ਤੇ ਕਰੂਜ਼ ਮਿਜ਼ਾਈਲਾਂ ਦੀ ਵਰਤੋਂ ਕੀਤੀ।
ਵਾਸ਼ਿੰਗਟਨ, 22 ਜੂਨ- ਅਮਰੀਕੀ ਫੌਜ ਨੇ ਐਤਵਾਰ ਵੱਡੇ ਤੜਕੇ ਇਰਾਨ ਦੇ ਤਿੰਨ ਪ੍ਰਮਾਣੂ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ। ਅਮਰੀਕਾ ਇਨ੍ਹਾਂ ਹਮਲਿਆਂ ਨਾਲ ਇਜ਼ਰਾਈਲ ਵੱਲੋਂ ਇਰਾਨ ਦੇ ਪ੍ਰਮਾਣੂ ਪ੍ਰੋਗਰਾਮ ਖ਼ਿਲਾਫ਼ ਵਿੱਢੀ ਲੜਾਈ ਵਿਚ ਸਿੱਧੇ ਤੌਰ ’ਤੇ ਸ਼ਾਮਲ ਹੋ ਗਿਆ ਹੈ। ਅਮਰੀਕਾ ਨੇ ਹਮਲੇ ਲਈ B6 ਬੰਕਰ ਬਸਟਰ ਬੰਬਾਂ ਤੇ ਕਰੂਜ਼ ਮਿਜ਼ਾਈਲਾਂ ਦੀ ਵਰਤੋਂ ਕੀਤੀ।
ਰਾਸ਼ਟਰਪਤੀ ਡੋਨਲਡ ਟਰੰਪ ਨੇ ਵ੍ਹਾਈਟ ਹਾਊਸ ਵਿਚ ਰਾਸ਼ਟਰ ਦੇ ਨਾਂ ਆਪਣੇ ਸੰਬੋਧਨ ਵਿਚ ਕਿਹਾ ਕਿ ਇਰਾਨ ਦੇ ਪ੍ਰਮੁੱਖ ਪ੍ਰਮਾਣੂ ਟਿਕਾਣਿਆਂ ਨੂੰ ‘ਪੂਰੀ ਤਰ੍ਹਾਂ ਨਾਲ ਤਬਾਹ’ ਕਰ ਦਿੱਤਾ ਹੈ। ਅਮਰੀਕੀ ਸਦਰ ਨੇ ਤਹਿਰਾਨ ਨੂੰ ਜਵਾਬੀ ਕਾਰਵਾਈ ਖਿਲਾਫ਼ ਚੇਤਾਵਨੀ ਦਿੰਦਿਆਂ ਕਿਹਾ ਕਿ ਇਰਾਨ ਨੂੰ ‘ਸ਼ਾਂਤੀ ਜਾਂ ਦੁਖਾਂਤ’ ਵਿੱਚੋਂ ਕਿਸੇ ਇੱਕ ਦੀ ਚੋਣ ਕਰਨੀ ਹੋਵੇਗੀ।
ਉਧਰ ਇਰਾਨ ਦੀ ਪ੍ਰਮਾਣੂ ਏਜੰਸੀ ਨੇ ਅਮਰੀਕਾ ਵੱਲੋਂ ਉਸ ਦੇ ਤਿੰਨ ਪ੍ਰਮਾਣੂ ਟਿਕਾਣਿਆਂ ਫੋਰਡੋ, ਇਸਫਹਾਨ ਤੇ ਨਾਤਨਜ਼ ਨੂੰ ਨਿਸ਼ਾਨਾ ਬਣਾਏ ਜਾਣ ਦੀ ਪੁਸ਼ਟੀ ਕੀਤੀ ਹੈ। ਤਹਿਰਾਨ ਨੇ ਹਾਲਾਂਕਿ ਜ਼ੋਰ ਦੇ ਕੇ ਆਖਿਆ ਕਿ ਉਸ ਦਾ ਕੰਮ ਨਹੀਂ ਰੁਕੇਗਾ। ਇਰਾਨ ਨੇ ਕਿਹਾ ਕਿ ਇਸਫਹਾਨ, ਫੋਰਡੋ, ਨਤਾਨਜ਼ ਅਤੇ ਹੋਰ ਪ੍ਰਮਾਣੂ ਟਿਕਾਣਿਆਂ ’ਤੇ ਅਮਰੀਕੀ ਹਮਲਿਆਂ ਤੋਂ ਬਾਅਦ ‘ਰੇਡੀਏਸ਼ਨ ਦੇ ਰਿਸਾਅ ਦੇ ਕੋਈ ਸੰਕੇਤ’ ਨਹੀਂ ਹਨ। ਅਮਰੀਕੀ ਹਮਲੇ ਮਗਰੋਂ ਇਜ਼ਰਾਈਲ ਨੇ ਇਰਾਨ ਦੀ ਜਵਾਬੀ ਕਾਰਵਾਈ ਦੇ ਮੱਦੇਨਜ਼ਰ ਆਪਣਾ ਹਵਾਈ ਖੇਤਰ ਬੰਦ ਕਰ ਦਿੱਤਾ ਹੈ।
ਟਰੰਪ ਨੇ ਮਗਰੋਂ ਸੋਸ਼ਲ ਮੀਡੀਆ ’ਤੇ ਇਕ ਪੋਸਟ ਵਿਚ ਕਿਹਾ, ‘‘”ਅਸੀਂ ਇਰਾਨ ਦੇ ਤਿੰਨ ਪ੍ਰਮਾਣੂ ਟਿਕਾਣਿਆਂ ਫੋਰਡੋ, ਨਤਾਨਜ਼ ਅਤੇ ਇਸਫਾਹਨ ’ਤੇ ਕੀਤੇ ਹਮਲੇ ਵਿਚ ਸਫ਼ਲ ਰਹੇ ਹਾਂ। ਸਾਰੇ ਅਮਰੀਕੀ ਜਹਾਜ਼ ਹੁਣ ਇਰਾਨ ਦੇ ਹਵਾਈ ਖੇਤਰ ’ਚੋਂ ਬਾਹਰ ਹਨ। ਬੰਬਾਂ ਦਾ ਪੂਰਾ ਪੇਲੋਡ ਪ੍ਰਾਇਮਰੀ ਸਾਈਟ, ਫੋਰਡੋ ’ਤੇ ਸੁੱਟਿਆ ਗਿਆ ਸੀ। ਸਾਰੇ ਜਹਾਜ਼ ਸੁਰੱਖਿਅਤ ਢੰਗ ਨਾਲ ਆਪਣੇ ਟਿਕਾਣੇ ’ਤੇ ਵਾਪਸ ਜਾ ਰਹੇ ਹਨ।’’ ਅਮਰੀਕੀ ਸਦਰ ਨੇ ਕਿਹਾ, ‘‘ਇਹ ਅਮਰੀਕਾ, ਇਜ਼ਰਾਈਲ ਤੇ ਕੁੱਲ ਆਲਮ ਲਈ ਇਤਿਹਾਸਕ ਪਲ ਹੈ। ਇਹ ਜੰਗ ਖਤਮ ਕਰਨ ਲਈ ਇਰਾਨ ਨੂੰ ਹੁਣ ਸਹਿਮਤ ਹੋਣਾ ਪਵੇਗਾ। ਧੰਨਵਾਦ!”
ਉਧਰ ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਇਰਾਨ ’ਤੇ ਹਮਲਾ ਕਰਨ ਦੇ ਫੈਸਲੇ ਲਈ ਅਮਰੀਦੀ ਸਦਰ ਦੀ ਤਾਰੀਫ਼ ਕੀਤੀ ਹੈ। ਨੇਤਨਯਾਹੂ ਨੇ ਕਿਹਾ, ‘‘ਇਰਾਨ ਦੇ ਪ੍ਰਮਾਣੂ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦਾ ਤੁਹਾਡਾ ਦਲੇਰਾਨਾ ਫੈਸਲਾ ਇਤਿਹਾਸ ਬਦਲ ਦੇਵੇਗਾ।’’ ਨੇਤਨਯਾਹੂ ਨੇ ਕਿਹਾ ਕਿ ਅਮਰੀਕਾ ਨੇ ‘ਉਹ ਕੀਤਾ ਹੈ ਜੋ ਧਰਤੀ ’ਤੇ ਕੋਈ ਹੋਰ ਮੁਲਕ ਨਹੀਂ ਕਰ ਸਕਦਾ ਸੀ।’’
ਇਸ ਦੌਰਾਨ ਵ੍ਹਾਈਟ ਹਾਊਸ ਅਤੇ ਪੈਂਟਾਗਨ ਨੇ ਤੁਰੰਤ ਕਾਰਵਾਈ ਬਾਰੇ ਵਿਸਥਾਰ ਵਿੱਚ ਨਹੀਂ ਦੱਸਿਆ, ਪਰ ਫੌਕਸ ਨਿਊਜ਼ ਦੇ ਮੇਜ਼ਬਾਨ Sean Hannity ਨੇ ਕਿਹਾ ਕਿ ਉਸ ਨੇ ਟਰੰਪ ਨਾਲ ਗੱਲ ਕੀਤੀ ਹੈ ਅਤੇ ਫੋਰਡੋ (ਪ੍ਰਮਾਣੂ ਟਿਕਾਣੇ) ਨੂੰ ਨਿਸ਼ਾਨਾ ਬਣਾਉਣ ਲਈ ਛੇ ਬੰਕਰ ਬਸਟਰ ਬੰਬ ਵਰਤੇ ਗਏ ਸਨ।
Hannity ਨੇ ਕਿਹਾ ਕਿ 400 ਮੀਲ ਦੂਰ ਅਮਰੀਕੀ ਪਣਡੁੱਬੀਆਂ ਵੱਲੋਂ ਦਾਗ਼ੀਆਂ ਗਈਆਂ 30 ਟੋਮਾਹਾਕ (Tomahawk) ਮਿਜ਼ਾਈਲਾਂ ਨੇ ਇਰਾਨ ਦੇ ਨਤਾਨਜ਼ ਅਤੇ ਇਸਫਹਾਨ ਪ੍ਰਮਾਣੂ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਦੱਸ ਦੇਈਏ ਕਿ ਟਰੰਪ ਨੇ ਸ਼ੁੱਕਰਵਾਰ ਨੂੰ ਪੱਤਰਕਾਰਾਂ ਅੱਗੇ ਦਾਅਵਾ ਕੀਤਾ ਸੀ ਉਨ੍ਹਾਂ ਦੀ ਇਰਾਨ ਵਿਚ ਅਮਰੀਕੀ ਫੌਜਾਂ ਨੂੰ ਭੇਜਣ ਵਿਚ ਕੋਈ ਦਿਲਚਸਪੀ ਨਹੀਂ ਹੈ। ਇਸ ਤੋਂ ਪਹਿਲਾਂ ਅਮਰੀਕੀ ਸਦਰ ਨੇ ਇਸ਼ਾਰਾ ਕੀਤਾ ਸੀ ਕਿ ਉਹ ਇਸ ਬਾਰੇ ਅਗਲੇ ਦੋ ਹਫ਼ਤਿਆਂ ਵਿਚ ਫੈਸਲਾ ਕਰੇਗਾ।
ਇਰਾਨ ਦੇ ਸੁਪਰੀਮ ਆਗੂ ਅਯਾਤੁੱਲਾ ਅਲੀ ਖਮੇਨੀ ਨੇ ਬੁੱਧਵਾਰ ਨੂੰ ਅਮਰੀਕਾ ਨੂੰ ਚੇਤਾਵਨੀ ਦਿੱਤੀ ਸੀ ਕਿ ਇਸਲਾਮਿਕ ਗਣਰਾਜ ਨੂੰ ਨਿਸ਼ਾਨਾ ਬਣਾਉਣ ਵਾਲੇ ਹਮਲਿਆਂ ਦੇ ਨਤੀਜੇ ਵਜੋਂ ‘ਉਸ ਨੂੰ ਕਦੇ ਵੀ ਪੂਰਾ ਨਾ ਹੋਣ ਨੁਕਸਾਨ ਝੱਲਣਾ ਹੋਵੇਗਾ।’ ਇਰਾਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਸਮਾਈਲ ਬਾਘਾਈ ਨੇ ਐਲਾਨ ਕੀਤਾ ਕਿ ‘ਅਮਰੀਕਾ ਦੀ ਕਿਸੇ ਵੀ ਤਰ੍ਹਾਂ ਦੀ ਦਖ਼ਲਅੰਦਾਜ਼ੀ ਖੇਤਰ ਵਿੱਚ ਮੁਕੰਮਲ ਜੰਗ ਦਾ ਸੱਦਾ ਹੋਵੇਗੀ।’’
ਸੰਯੁਕਤ ਰਾਸ਼ਟਰ ਵੱਲੋਂ ਇਰਾਨ ’ਤੇ ਅਮਰੀਕੀ ਹਮਲਿਆਂ ਦੀ ਨਿਖੇਧੀ
ਅਮਰੀਕਾ ਵੱਲੋਂ ਇਰਾਨ ਦੇ ਪ੍ਰਮਾਣੂ ਟਿਕਾਣਿਆਂ ’ਤੇ ਹਵਾਈ ਹਮਲਿਆਂ ਮਗਰੋਂ ਕੌਮਾਂਤਰੀ ਪੱਧਰ ’ਤੇ ਤਣਾਅ ਵਧ ਗਿਆ ਹੈ। ਇਸ ਮੁੱਦੇ ’ਤੇ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਵੱਡਾ ਫ਼ਿਕਰ ਜਤਾਉਂਦਿਆਂ ਇਸ ਨੂੰ ‘ਸੰਭਾਵੀ ਤਬਾਹਕੁਨ ਨਤੀਜਿਆਂ’ ਵਾਲੀ ਪੇਸ਼ਕਦਮੀ ਦੱਸਿਆ ਹੈ।
ਗੁਟੇਰੇਜ਼ ਨੇ ਇਕ ਅਧਿਕਾਰਤ ਬਿਆਨ ਵਿਚ ਕਿਹਾ, ‘‘ਇਸ ਗੱਲ ਦਾ ਵੱਡਾ ਜੋਖ਼ਮ ਹੈ ਕਿ ਇਹ ਟਕਰਾਅ ਤੇਜ਼ੀ ਨਾਲ ਕਾਬੂ ਤੋਂ ਬਾਹਰ ਹੋ ਸਕਦਾ ਹੈ, ਜਿਸ ਦੇ ਨਾਗਰਿਕਾਂ, ਖਿੱਤੇ ਤੇ ਕੁੱਲ ਆਲਮ ਲਈ ਤਬਾਹਕੁਨ ਨਤੀਜੇ ਹੋ ਸਕਦੇ ਹਨ।’’ ਗੁਟੇਰੇਜ਼ ਨੇ ਸਾਰੀਆਂ ਸਬੰਧਤ ਧਿਰਾਂ ਨੂੰ ਸੰਜਮ ਵਰਤਣ ਅਤੇ ਕੂਟਨੀਤਕ ਹੱਲ ਵੱਲ ਵਧਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ‘ਇਸ ਨਾਜ਼ੁਕ ਸਮੇਂ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਹਫੜਾ-ਦਫੜੀ ਦੇ ਚੱਕਰ ਤੋਂ ਬਚੀਏ।’
