ਬਠਿੰਡਾ ਦੇ ਲੇਖਕਾਂ ਵੱਲੋਂ ਵਿਛੜੇ ਲੇਖਕਾਂ ਕਹਾਣੀਕਾਰ ਪ੍ਰੇਮ ਪ੍ਰਕਾਸ਼, ਉੱਘੇ ਅਲੋਚਕ ਪ੍ਰੋ. ਹਰਜਿੰਦਰ ਸਿੰਘ ਅਟਵਾਲ ਅਤੇ ਚਾਰ ਹੋਰ ਲੇਖਕਾਂ ਨੂੰ ਭਾਵ ਭਿੰਨੀ ਸ਼ਰਧਾਂਜਲੀ ਭੇਂਟ

ਬਠਿੰਡਾ- ਹਾਲ ਹੀ ਵਿੱਚ ਸਦੀਵੀ ਵਿਛੋੜਾ ਦੇ ਗਏ ਪ੍ਰਸਿੱਧ ਕਹਾਣੀਕਾਰ ਪ੍ਰੇਮ ਪ੍ਰਕਾਸ਼, ਉੱਘੇ ਅਲੋਚਕ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਸੀਨੀਅਰ ਮੀਤ ਪ੍ਰਧਾਨ ਪ੍ਰੋ.ਹਰਜਿੰਦਰ ਸਿੰਘ ਅਟਵਾਲ, ਉੱਘੇ ਮਾਰਕਸਵਾਦੀ ਆਲੋਚਕ ਡਾ. ਮੁਹੰਮਦ ਏਜਾਜ਼ ਯੂ.ਕੇ., ਸ਼ਾਇਰ ਕੇਵਲ ਸ਼ਰਮਾ, ਸੁਰਜੀਤ ਭਗਤ, ਰੰਗ ਕਰਮੀ ਵੀਰਪਾਲ ਸਮਰਾ ਅਤੇ ਭੁਪਿੰਦਰ ਸੰਧੂ ਨਮਿੱਤ ਇੱਥੋਂ ਦੇ ਟੀਚਰਜ਼ ਹੋਮ ਵਿਖੇ ਇਕ ਸ਼ੋਕ ਸਭਾ ਦਾ ਆਯੋਜਨ ਕੀਤਾ ਗਿਆ।

ਬਠਿੰਡਾ- ਹਾਲ ਹੀ ਵਿੱਚ ਸਦੀਵੀ ਵਿਛੋੜਾ ਦੇ ਗਏ ਪ੍ਰਸਿੱਧ ਕਹਾਣੀਕਾਰ ਪ੍ਰੇਮ ਪ੍ਰਕਾਸ਼, ਉੱਘੇ ਅਲੋਚਕ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਸੀਨੀਅਰ ਮੀਤ ਪ੍ਰਧਾਨ ਪ੍ਰੋ.ਹਰਜਿੰਦਰ ਸਿੰਘ ਅਟਵਾਲ, ਉੱਘੇ ਮਾਰਕਸਵਾਦੀ ਆਲੋਚਕ ਡਾ. ਮੁਹੰਮਦ ਏਜਾਜ਼ ਯੂ.ਕੇ., ਸ਼ਾਇਰ ਕੇਵਲ ਸ਼ਰਮਾ, ਸੁਰਜੀਤ ਭਗਤ, ਰੰਗ ਕਰਮੀ ਵੀਰਪਾਲ ਸਮਰਾ ਅਤੇ ਭੁਪਿੰਦਰ ਸੰਧੂ ਨਮਿੱਤ ਇੱਥੋਂ ਦੇ ਟੀਚਰਜ਼ ਹੋਮ ਵਿਖੇ ਇਕ ਸ਼ੋਕ ਸਭਾ ਦਾ ਆਯੋਜਨ ਕੀਤਾ ਗਿਆ।
     ਇਸ ਸ਼ੋਕ ਸਭਾ ਵਿੱਚ ਬਠਿੰਡਾ ਸ਼ਹਿਰ ਦੀਆਂ ਲੇਖਕ ਸਭਾਵਾਂ ਕ੍ਰਮਵਾਰ ਪੰਜਾਬੀ ਸਾਹਿਤ ਸਭਾ, ਸਾਹਿਤ ਸਿਰਜਣਾ ਮੰਚ, ਸਾਹਿਤ ਤੇ ਸੱਭਿਆਚਾਰਕ ਮੰਚ, ਸਾਹਿਤ ਜਾਗ੍ਰਤੀ ਸਭਾ ਅਤੇ ਟੀਚਰਜ਼ ਹੋਮ ਟਰੱਸਟ ਨਾਲ ਸੰਬੰਧਿਤ ਲਗਭੱਗ ਦੋ ਦਰਜਨ ਲੇਖਕ ਅਤੇ ਸਾਹਿਤ ਪ੍ਰੇਮੀ ਹਾਜ਼ਰ ਹੋਏ।
 ਸ਼ੋਕ ਸਭਾ ਦੇ ਆਰੰਭ ਵਿੱਚ ਦੋ ਮਿੰਟ ਦਾ ਮੌਨ ਧਾਰਨ ਕਰਕੇ ਹਾਜ਼ਰ ਲੇਖਕਾਂ ਵੱਲੋਂ ਵਿਛੜੇ ਲੇਖਕਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।
                      ਇਸ ਉਪਰੰਤ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਸੁਰਿੰਦਰਪ੍ਰੀਤ ਘਣੀਆਂ ਨੇ ਉਕਤ ਲੇਖਕਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਉਹਨਾਂ ਦੇ ਸਾਹਿਤਕ ਯੋਗਦਾਨ ਦਾ ਜ਼ਿਕਰ ਤੇ ਪ੍ਰਸੰਸ਼ਾ ਕੀਤੀ। ਪ੍ਰੋ. ਹਰਜਿੰਦਰ ਸਿੰਘ ਅਟਵਾਲ ਬਾਰੇ ਉਹਨਾਂ ਉਚੇਚੇ ਤੌਰ ਤੇ ਕਿਹਾ ਕਿ  ਅਟਵਾਲ ਸਾਹਿਬ ਇੱਕ ਸੁਹਿਰਦ, ਸ਼ਾਲੀਨ ਅਤੇ ਮਿਲਾਪੜੇ ਸੁਭਾਅ ਦੇ ਇਨਸਾਨ, ਸਮਰੱਥ ਅਲੋਚਕ ਅਤੇ ਸੁਹਿਰਦ ਤੇ ਸਿਰੜੀ ਜਥੇਬੰਦਕ ਆਗੂ ਸਨ। ਉਹਨਾਂ ਕੇਵਲ ਸ਼ਰਮਾ ਦੇ ਕਾਵਿ- ਸੰਗ੍ਰਹਿ 'ਬਾਬੀਹਾ' ਵਿੱਚੋਂ ਇੱਕ ਕਵਿਤਾ ਪੜ੍ਹ ਕੇ ਉਸਨੂੰ ਸ਼ਰਧਾਂਜਲੀ ਭੇਂਟ ਕੀਤੀ।
 ਸ਼੍ਰੋਮਣੀ ਕਹਾਣੀਕਾਰ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਸ਼੍ਰੀ ਅਤਰਜੀਤ ਨੇ ਪ੍ਰੇਮ ਪ੍ਰਕਾਸ਼ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਪ੍ਰੇਮ ਪ੍ਰਕਾਸ਼ ਨੇ ਪੰਜਾਬੀ ਕਹਾਣੀ ਦਾ ਇੱਕ ਵਿਸ਼ੇਸ਼ ਟਰੈਂਡ ਸੈੱਟ ਕਰਨ ਦੇ ਨਾਲ ਨਾਲ ਕਹਾਣੀ ਨੂੰ ਕਲਾਤਮਿਕ ਤੌਰ ਤੇ ਸਮਰਿੱਧ ਕੀਤਾ। ਉਨਾਂ ਪ੍ਰੋ. ਹਰਜਿੰਦਰ ਅਟਵਾਲ ਨਾਲ ਆਪਣੀਆਂ ਯਾਦਾਂ ਸਾਂਝੀਆਂ ਕਰਦਿਆਂ ਕਿਹਾ ਕਿ ਉਹ ਇੱਕ ਬੇਹੱਦ ਨਿਮਰ ਅਤੇ ਮਿਲਾਪੜੇ ਇਨਸਾਨ ਸਨ।
                    ਪੰਜਾਬੀ ਸਾਹਿਤ ਅਕੈਡਮੀ, ਲੁਧਿਆਣਾ ਦੇ ਮੀਤ ਪ੍ਰਧਾਨ ਜਸਪਾਲ ਮਾਨਖੇੜਾ ਨੇ ਪ੍ਰੇਮ ਪ੍ਰਕਾਸ਼ ਦੇ ਸਾਹਿਤਕ ਯੋਗਦਾਨ ਦੇ ਹਵਾਲੇ ਨਾਲ ਕਿਹਾ ਕਿ ਪ੍ਰੇਮ ਪ੍ਰਕਾਸ਼ ਨੇ ਆਪਣੀਆਂ ਕਹਾਣੀਆਂ ਵਿੱਚ ਆਧੁਨਿਕ ਮਨੁੱਖ ਦੀ ਅੰਦਰਲੀ ਟੁੱਟ ਭੱਜ ਨੂੰ ਬਾਖੂਬੀ ਪੇਸ਼ ਕਰਦਿਆਂ ਪੰਜਾਬੀ ਕਹਾਣੀ ਨੂੰ ਨਵੀਂ ਦਿਸ਼ਾ ਪ੍ਰਦਾਨ ਕੀਤੀ। ਪ੍ਰੋ. ਹਰਜਿੰਦਰ ਸਿੰਘ ਅਟਵਾਲ, ਡਾ. ਮੁਹੰਮਦ ਏਜਾਜ਼, ਭੁਪਿੰਦਰ ਸੰਧੂ ਦੇ ਸਾਹਿਤਕ ਯੋਗਦਾਨ ਦੀ ਵੀ ਉਹਨਾਂ ਪ੍ਰਸੰਸਾ ਕੀਤੀ। ਇਸ ਉਪਰੰਤ ਪ੍ਰੋ. ਤਰਸੇਮ ਨਰੂਲਾ, ਅਮਰ ਸਿੰਘ ਸਿੱਧੂ, ਸੁਖਦਰਸ਼ਨ ਗਰਗ, ਅਮਰਜੀਤ ਸਿੰਘ ਆਦਿ ਬੁਲਾਰਿਆਂ ਨੇ ਉਕਤ ਤੋਂ ਇਲਾਵਾ ਸੁਰਜੀਤ ਭਗਤ, ਵੀਰਪਾਲ ਸਮਰਾ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਉਹਨਾਂ ਦੇ ਵਿਛੋੜੇ ਨੂੰ ਪੰਜਾਬੀ ਸਾਹਿਤ ਲਈ ਵੱਡਾ ਘਾਟਾ ਦੱਸਿਆ।
                 ਸ਼ੋਕ ਸਭਾ ਦਾ ਮੰਚ ਦਾ ਸੰਚਾਲਨ ਕਰਦਿਆਂ ਟੀਚਰਜ਼ ਹੋਮ ਟਰੱਸਟ ਦੇ ਜਨਰਲ ਸਕੱਤਰ ਲਛਮਣ ਮਲੂਕਾ ਨੇ ਵੀ ਟਰੱਸਟ ਵੱਲੋਂ ਵਿਛੜੇ ਲੇਖਕਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਇਸ ਸ਼ੋਕ ਸਭਾ ਵਿੱਚ ਉਕਤ ਤੋਂ ਇਲਾਵਾ ਰਣਵੀਰ ਰਾਣਾ, ਮਨਜੀਤ ਸਿੰਘ ਜੀਤ, ਡਾ. ਜਸਪਾਲਜੀਤ, ਡਾ. ਅਜੀਤ ਪਾਲ ਸਿੰਘ, ਦਮਜੀਤ ਦਰਸ਼ਨ, ਪ੍ਰਿੰ. ਅਮਰਜੀਤ ਸਿੱਧੂ, ਰਮੇਸ਼ ਕੁਮਾਰ ਗਰਗ, ਅਮਰਜੀਤ ਕੌਰ ਹਰੜ, ਕਮਲ ਬਠਿੰਡਾ, ਮੀਤ ਬਠਿੰਡਾ, ਭੋਲਾ ਸਿੰਘ ਸ਼ਮੀਰੀਆ, ਰਮੇਸ਼ ਸੇਠੀ, ਦਲਜੀਤ ਬੰਗੀ, ਅਵਤਾਰ ਸਿੰਘ ਬਾਹੀਆ, ਜਸਵਿੰਦਰ ਸੁਰਗੀਤ ਆਦਿ ਲੇਖਕ ਹਾਜ਼ਰ ਸਨ।