ਨਾਟਕਕਾਰ ਅਤੇ ਨਾਟ-ਨਿਰਦੇਸ਼ਕ ਸੰਜੀਵਨ ਦਾ ਰੂਬਰੂ ਪ੍ਰੋਗਰਾਮ ਆਯੋਜਿਤ

ਐਸ ਏ ਐਸ ਨਗਰ, 12 ਅਪ੍ਰੈਲ: ਜ਼ਿਲ੍ਹਾ ਭਾਸ਼ਾ ਦਫ਼ਤਰ ਕਪੂਰਥਲਾ ਵੱਲੋਂ ਬੇਬੇ ਨਾਨਕੀ ਯੂਨੀਵਰਿਸਟੀ ਕਾਲਜ, ਮਿੱਠੜਾ ਵਿਖੇ ਨਾਟਕਕਾਰ ਅਤੇ ਨਾਟ-ਨਿਰਦੇਸ਼ਕ ਸੰਜੀਵਨ ਦਾ ਰੂਬਰੂ ਪ੍ਰੋਗਰਾਮ ਕਰਵਾਇਆ ਗਿਆ।

ਐਸ ਏ ਐਸ ਨਗਰ, 12 ਅਪ੍ਰੈਲ: ਜ਼ਿਲ੍ਹਾ ਭਾਸ਼ਾ ਦਫ਼ਤਰ ਕਪੂਰਥਲਾ ਵੱਲੋਂ ਬੇਬੇ ਨਾਨਕੀ ਯੂਨੀਵਰਿਸਟੀ ਕਾਲਜ, ਮਿੱਠੜਾ ਵਿਖੇ ਨਾਟਕਕਾਰ ਅਤੇ ਨਾਟ-ਨਿਰਦੇਸ਼ਕ ਸੰਜੀਵਨ ਦਾ ਰੂਬਰੂ ਪ੍ਰੋਗਰਾਮ ਕਰਵਾਇਆ ਗਿਆ।
ਇਸ ਮੌਕੇ ਨਾਟਕਰਮੀ, ਡੀ. ਡੀ. ਪੰਜਾਬੀ ਅਤੇ ਆਕਾਸ਼ਵਾਣੀ ਦੇ ਮੰਚ ਸੰਚਾਲਕ ਗੁਰਵਿੰਦਰ ਸਿੰਘ ਨੇ ਕਿਹਾ ਕਿ ਸਾਢੇ ਚਾਰ ਦਹਾਕਿਆਂ ਤੋਂ ਪੰਜਾਬੀ ਰੰਗਮੰਚ ਦੇ ਖੇਤਰ ਵਿਚ ਸਰਗਰਮ ਸੰਜੀਵਨ ਪਿਛਲੇ ਢਾਈ ਦਹਾਕਿਆਂ ਤੋਂ ਇਪਟਾ, ਪੰਜਾਬ ਦੀ ਰਹਿਨੁਮਾਈ ਕਰ ਰਿਹਾ ਹੈ। ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਸਿੰਘੂ ਅਤੇ ਟਿੱਕਰੀ ਵਿਖੇ ਚੱਲੇ ਕਿਸਾਨ ਅੰਦੋਲਨ ਵਿਚ ਸੰਜੀਵਨ ਨੇ ਇਪਟਾ ਦੇ ਰੰਗਕਰਮੀਆਂ ਨੂੰ ਲੈਕੇ ਲੋਕ ਅਤੇ ਕਿਸਾਨ ਮਸਲਿਆਂ ਦਾ ਜ਼ਿਕਰ ਅਤੇ ਫ਼ਿਕਰ ਕਰਦੇ ਨਾਟਕਾਂ, ਨੁੱਕੜ ਨਾਟਕਾਂ ਅਤੇ ਗਾਇਕੀ ਰਾਹੀਂ ਕਿਸਾਨ, ਮਜ਼ਦੂਰ ਅੰਦੋਲਨ ਦਾ ਸਮਰਥਨ ਕੀਤਾ।
ਰੂ-ਬ-ਰੂ ਸਮਾਰੋਹ ਦੌਰਾਨ ਇੱਕ ਵਿਦਿਆਰਣ ਵੱਲੋਂ ਕੀਤੇ ਸਵਾਲ, ਸਰ ਤੁਸੀਂ ਆਪਣੀ ਜੀਵਨੀ ਕਦੋਂ ਲਿਖੋਗੇ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਪਹਿਲੀ ਗੱਲ ਤਾਂ ਮੇਰੇ ਜੀਵਨ ਵਿਚ ਅਜਿਹਾ ਕੁਝ ਵੀ ਨਹੀਂ, ਜਿਸ ਬਾਰੇ ਕੁਝ ਲਿਖਿਆ ਜਾਵੇ। ਉਨ੍ਹਾਂ ਕਿਹਾ ਕਿ ਜੇ ਮੈਂ ਆਪਣੀ ਜੀਵਨੀ ਲਿਖੀ ਤਾਂ ਉਹ ਨਾਟਕ ਰੂਪ ਵਿੱਚ ਹੋਵੇਗੀ ਅਤੇ ਨਾਟਕ ਦਾ ਨਾਮ ਹੋਵੇਗਾ "ਗੰਦਾ-ਬੰਦਾ"।
ਸਮਾਗਮ ਦੌਰਾਨ ਇਪਟਾ, ਪੰਜਾਬ ਦੇ ਜਨਰਲ ਸਕੱਤਰ ਇੰਦਰਜੀਤ ਸਿੰਘ ਰੂਪੋਵਾਲੀ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਿਹਾ ਕਿ ਦੇਸ ਵਿਚ ਇਪਟਾ 1943 ਵਿਚ ਫਿਲਮਾਂ ਦੇ ਸਿਰਮੌਰ ਹਸਤਾਖਰ ਪ੍ਰਿਥਵੀ ਰਾਜ ਕਪੂਰ, ਕੈਫ਼ੀ ਆਜ਼ਮੀ ਅਤੇ 1950 ਵਿਚ ਤੇਰਾ ਸਿੰਘ ਚੰਨ, ਸੁਰਿੰਦਰ ਕੌਰ (ਲੋਕ-ਗਾਇਕਾ) ਆਦਿ ਦੇ ਯਤਨਾਂ ਨਾਲ ਪੰਜਾਬ ਵਿਚ ਹੋਂਦ ਵਿੱਚ ਆਈ। ਜ਼ਿਲ੍ਹਾ ਭਾਸ਼ਾ ਅਫ਼ਸਰ ਸ਼੍ਰੀਮਤੀ ਜਸਪ੍ਰੀਤ ਕੌਰ ਦੀ ਰਹਿਨੁਮਾਈ ਹੇਠ ਆਰੰਭੀ ਸਾਹਿਤਕ ਅਤੇ ਰੂ-ਬ-ਰੂ ਸਮਾਗਮਾਂ ਦੀ ਲੜੀ ਦੌਰਾਨ ਸੰਜੀਵਨ ਸਿੰਘ ਦਾ ਰੂ-ਬ-ਰੂ ਸਮਾਗਮ ਕਾਲਜ ਦੇ ਪ੍ਰਿੰਸੀਪਲ ਡਾ. ਜਗਸੀਰ ਸਿੰਘ ਤੋਂ ਇਲਾਵਾ ਡਾ. ਪਰਮਜੀਤ ਕੌਰ ਡਾ. ਹਰਜਿੰਦਰ ਕੌਰ ਦਾ ਉਚੇਚੇ ਯਤਨਾਂ ਨਾਲ ਨੇਪਰੇ ਚੜ੍ਹਿਆ। ਸਮਾਗਮ ਵਿਚ ਕਾਲਜ ਦੇ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਤੋਂ ਇਲਾਵਾ ਇਪਟਾ, ਕਪੂਰਥਲਾ ਦੇ ਪ੍ਰਧਾਨ ਡਾ. ਹਰਭਜਨ ਸਿੰਘ, ਇਪਟਾ ਦੀ ਸੂਬਾ ਸਕੱਤਰ ਸ਼੍ਰੀਮਤੀ ਸਰਬਜੀਤ ਰੂਪੋਵਾਲੀ, ਸ਼੍ਰੀਮਤੀ ਰਮਿੰਦਰ ਕੌਰ, ਮਨੀਸ਼ ਕੁਮਾਰ, ਸਲਮਾਨ ਅਤੇ ਸ਼੍ਰੀਮਤੀ ਸਵਰਾਜ ਕੌਰ ਵੀ ਹਾਜ਼ਿਰ ਸਨ।