ਨਸ਼ੀਲਾ ਪਾਊਡਰ ਤੇ ਡਰੱਗ ਮਨੀ ਨਾਲ 2 ਔਰਤਾਂ ਸਮੇਤ 5 ਮੁਲਜ਼ਮ ਕਾਬੂ

ਰਾਜਪੁਰਾ, 15 ਮਾਰਚ- ਰਾਜਪੁਰਾ ਪੁਲੀਸ ਨੇ 5 ਵਿਅਕਤੀਆਂ (ਜਿਹਨਾਂ ਵਿੱਚ 2 ਔਰਤਾਂ ਹਨ) ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ 1070 ਗ੍ਰਾਮ ਨਸ਼ੀਲਾ ਪਾਊਡਰ ਅਤੇ 3 ਲੱਖ 32 ਹਜ਼ਾਰ ਰੁਪਏ ਡਰੱਗ ਮਨੀ ਬਰਾਮਦ ਕੀਤੀ ਹੈ।

ਰਾਜਪੁਰਾ, 15 ਮਾਰਚ- ਰਾਜਪੁਰਾ ਪੁਲੀਸ ਨੇ 5 ਵਿਅਕਤੀਆਂ (ਜਿਹਨਾਂ ਵਿੱਚ 2 ਔਰਤਾਂ ਹਨ) ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ 1070 ਗ੍ਰਾਮ ਨਸ਼ੀਲਾ ਪਾਊਡਰ ਅਤੇ 3 ਲੱਖ 32 ਹਜ਼ਾਰ ਰੁਪਏ ਡਰੱਗ ਮਨੀ ਬਰਾਮਦ ਕੀਤੀ ਹੈ।
ਡੀ ਐਸ ਪੀ ਰਾਜਪੁਰਾ ਮਨਜੀਤ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਮਾੜੇ ਅਨਸਰਾਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਦੌਰਾਨ ਮੁੱਖ ਅਫਸਰ ਥਾਣਾ ਸਿਟੀ ਰਾਜਪੁਰਾ ਇੰਸਪੈਕਟਰ ਬਲਵਿੰਦਰ ਸਿੰਘ ਸਮੇਤ ਕਸਤੂਬਾ ਚੌਂਕੀ ਇੰਚਾਰਜ ਨਿਰਾਨ ਸਿੰਘ ਸਮੇਤ ਪੁਲੀਸ ਪਾਰਟੀ ਵੱਲੋਂ ਸ਼ੱਕੀ ਵਿਅਕਤੀਆਂ ਦੀ ਤਲਾਸ਼ੀ ਵਾਸਤੇ ਟੀ ਪੁਆਇੰਟ ਕੇਐਸਐਮ ਰੋਡ (ਨੇੜੇ ਬਿਜਲੀ ਬੋਰਡ ਚੌਂਕ ਰਾਜਪੁਰਾ) ਵਿਖੇ ਨਾਕੇ 'ਤੇ ਮੌਜੂਦ ਸੀ। ਇਸ ਦੌਰਾਨ ਇੱਕ ਬਿਨਾਂ ਨੰਬਰ ਦਾ ਮੋਟਰ ਸਾਈਕਲ (ਜਿਸ 'ਤੇ ਤਿੰਨ ਨੌਜਵਾਨ ਸਵਾਰ ਸੀ) ਦੀ ਤਲਾਸ਼ੀ ਦੌਰਾਨ ਮੋਟਰ ਸਾਈਕਲ ਚਾਲਕ ਤੋਂ 550 ਗ੍ਰਾਮ ਨਸ਼ੀਲਾ ਪਾਊਡਰ ਅਤੇ 20 ਹਜ਼ਾਰ ਰੁਪਏ ਨਕਦ ਅਤੇ ਉਸ ਦੇ ਪਿੱਛੇ ਬੈਠੇ ਨੌਜਵਾਨ ਤੋਂ 20,000/- ਰੁਪਏ ਬਰਾਮਦ ਹੋਏ।
ਉਨ੍ਹਾਂ ਦੱਸਿਆ ਕਿ ਮੋਟਰ ਸਾਈਕਲ ਚਾਲਕ ਦੀ ਪਹਿਚਾਣ ਗੁਲਸ਼ਨ ਕੁਮਾਰ ਵਾਸੀ ਵਾਰਡ ਨੰਬਰ 11 ਨੇੜੇ ਗਣੇਸ਼ ਨਗਰ ਰਾਜਪੁਰਾ ਅਤੇ ਉਸਦੇ ਪਿੱਛੇ ਬੈਠੇ ਵਿਅਕਤੀਆਂ ਦੀ ਪਹਿਚਾਣ ਵਿੱਕੀ ਵਾਸੀ ਪ੍ਰੇਮ ਸਿੰਘ ਕਲੋਨੀ ਨੇੜੇ ਦੁਧਾਧਾਰੀ ਗੁਰਦੁਆਰਾ ਰਾਜਪੁਰਾ ਅਤੇ ਸਿਕੰਦਰ ਉਰਫ ਲੀਲੀ ਵਾਸੀ ਪੁਰਾਣੀ ਮਿਰਚ ਮੰਡੀ ਰਾਜਪੁਰਾ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਇਹਨਾਂ ਦੇ ਖਿਲਾਫ ਐਨਡੀਪੀਐਸ ਐਕਟ ਦੀ ਧਾਰਾ 22/61/85 ਤਹਿਤ ਮਾਮਲਾ ਦਰਜ ਕੀਤਾ ਗਿਆ ਅਤੇ ਇਹਨਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਦੋ ਦਿਨ ਦਾ ਰਿਮਾਂਡ ਹਾਸਿਲ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਰਿਮਾਂਡ ਵਿੱਚ ਹੋਈ ਪੁੱਛਗਿੱਛ ਦੌਰਾਨ ਇਹਨਾਂ ਦੀ ਨਿਸ਼ਾਨਦੇਹੀ 'ਤੇ ਨੀਸ਼ਾ ਪਤਨੀ ਅਮਨ ਅਤੇ ਸੁਰਭੀ ਪਤਨੀ ਸ਼ਿਵਮ ਵਾਸੀਆਨ ਪੁਰਾਣੀ ਮਿਰਚ ਮੰਡੀ ਰਾਜਪੁਰਾ ਨੂੰ ਉਕਤ ਮੁਕੱਦਮੇ ਵਿੱਚ ਨਾਮਜ਼ਦ ਕੀਤਾ ਗਿਆ ਅਤੇ ਉਨ੍ਹਾਂ ਨੂੰ ਪੁਰਾਣਾ ਕਿਲਾ ਰਾਜਪੁਰਾ ਨੇੜੇ ਗ੍ਰਿਫਤਾਰ ਕੀਤਾ ਗਿਆ। ਇਹਨਾਂ ਦੋਵਾਂ ਦੀ ਤਲਾਸ਼ੀ ਕਰਨ 'ਤੇ ਨੀਸ਼ਾ ਤੋਂ 520 ਗ੍ਰਾਮ ਨਸ਼ੀਲਾ ਪਾਊਡਰ ਅਤੇ ਸੁਰਭੀ ਤੋਂ 2,92,100/- ਰੁਪਏ ਡਰੱਗ ਮਨੀ ਬ੍ਰਾਮਦ ਹੋਈ, ਜਿਨ੍ਹਾਂ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨਾਂ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ। ਇਹਨਾਂ ਮੁਲਜ਼ਮਾਂ 'ਤੇ ਪਹਿਲਾਂ ਵੀ ਚੋਰੀ ਅਤੇ ਐਨਡੀਪੀਐਸ ਐਕਟ ਦੇ ਮੁਕੱਦਮੇ ਦਰਜ ਹਨ।