ਵੈਟਨਰੀ ਯੂਨੀਵਰਸਿਟੀ ਵਿਖੇ ਇਨੋਵੇਟਿਵ ਫਿਸ਼ ਫਾਰਮਰਜ਼ ਐਸੋਸੀਏਸ਼ਨ ਦੀ ਹੋਈ ਮੀਟਿੰਗ
ਲੁਧਿਆਣਾ 23 ਦਸੰਬਰ 2024- ਇਨੋਵੇਟਿਵ ਫਿਸ਼ ਫਾਰਮਰਜ਼ ਐਸੋਸੀਏਸ਼ਨ ਪੰਜਾਬ ਦੀ ਮਹੀਨਾਵਾਰ ਮੀਟਿੰਗ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਫਿਸ਼ਰੀਜ਼ ਕਾਲਜ ਵਿਖੇ ਹੋਈ। ਐਸੋਸੀਏਸ਼ਨ ਦੇ ਸੰਯੋਜਕ ਡਾ. ਵਨੀਤ ਇੰਦਰ ਕੌਰ ਨੇ ਦੱਸਿਆ ਕਿ ਮੀਟਿੰਗ ਵਿੱਚ ਰਾਜ ਭਰ ਤੋਂ ਮੱਛੀ ਪਾਲਕਾਂ ਨੇ ਭਾਗ ਲਿਆ। ਉਨ੍ਹਾਂ ਨੂੰ ਸਰਦੀਆਂ ਦੇ ਮੌਸਮ ਵਿੱਚ ਮੱਛੀ ਦੀ ਸਿਹਤ ਨੂੰ ਬਣਾਈ ਰੱਖਣ ਲਈ ਪ੍ਰਬੰਧਨ ਅਭਿਆਸਾਂ ਬਾਰੇ ਜਾਣਕਾਰੀ ਦਿੱਤੀ ਗਈ।

ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਅਜਿਹੀਆਂ ਮੀਟਿੰਗਾਂ ਰਾਹੀਂ ਸਫਲ ਤਕਨਾਲੋਜੀ ਦੇ ਤਬਾਦਲੇ ਲਈ ਹਿੱਸੇਦਾਰਾਂ, ਕਿਸਾਨਾਂ ਅਤੇ ਉਦਯੋਗਾਂ ਦਰਮਿਆਨ ਮਜ਼ਬੂਤ ਅਤੇ ਕਿਰਿਆਸ਼ੀਲ ਸਬੰਧਾਂ ਨੂੰ ਉਤਸ਼ਾਹਿਤ ਕਰਨ ਦੀ ਮਹੱਤਤਾ `ਤੇ ਜ਼ੋਰ ਦਿੱਤਾ।
ਡਾ. ਮੀਰਾ ਡੀ. ਆਂਸਲ, ਫਿਸ਼ਰੀਜ਼ ਕਾਲਜ ਦੇ ਡੀਨ, ਨੇ ਕਿਸਾਨ ਭਾਈਚਾਰੇ ਨੂੰ ਤਕਨੀਕੀ ਨਵੀਨਤਾ, ਅਨੁਭਵ ਸਾਂਝੇ ਕਰਨ ਅਤੇ ਆਪਣੇ ਵਿਚਾਰ ਦੱਸਣ ਲਈ ਅਜਿਹੀਆਂ ਮੀਟਿੰਗਾਂ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਦੀ ਅਪੀਲ ਕੀਤੀ।
ਡਾ. ਪਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ ਨੇ ਖੇਤੀ ਪ੍ਰਣਾਲੀਆਂ ਦੀ ਸਥਿਰਤਾ ਨੂੰ ਯਕੀਨੀ ਬਣਾਉਣ ਲਈ ਤਕਨੀਕੀ ਗਿਆਨ ਨੂੰ ਬਿਹਤਰ ਕਰਨ ਦੀ ਲੋੜ `ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਅਜਿਹੀਆਂ ਮੀਟਿੰਗਾਂ ਕਿਸਾਨਾਂ ਨੂੰ ਵਿਗਿਆਨੀਆਂ ਅਤੇ ਪਸਾਰ ਪੇਸ਼ੇਵਰਾਂ ਨਾਲ ਚੁਣੌਤੀਆਂ `ਤੇ ਚਰਚਾ ਕਰਨ ਅਤੇ ਖੇਤਰ ਵਿਸ਼ੇਸ਼ ਦੀਆਂ ਲੋੜਾਂ ਸੰਬੰਧੀ ਪ੍ਰਭਾਵਸ਼ਾਲੀ ਮੰਚ ਪ੍ਰਦਾਨ ਕਰਦੀਆਂ ਹਨ।
ਡਾ. ਖੁਸ਼ਵੀਰ ਸਿੰਘ ਨੇ ਤਕਨੀਕੀ ਸੈਸ਼ਨ ਦਾ ਸੰਯੋਜਨ ਕੀਤਾ। ਮੱਛੀ ਸਿਹਤ ਪ੍ਰਬੰਧਨ ਬਾਰੇ ਜਾਣਕਾਰੀ ਦਿੰਦਿਆਂ ਡਾ. ਨਵੀਨ ਕੁਮਾਰ ਦੁਆਰਾ ਤਾਪਮਾਨ ਵਿੱਚ ਗਿਰਾਵਟ ਕਾਰਨ ਹੋਣ ਵਾਲੀਆਂ ਬਿਮਾਰੀਆਂ ਦੇ ਪ੍ਰਕੋਪ `ਤੇ ਧਿਆਨ ਕੇਂਦਰਿਤ ਕੀਤਾ ਗਿਆ। ਸ੍ਰੀਮਤੀ ਮਮਤਾ ਸ਼ਰਮਾ, ਫਿਸ਼ ਫਾਰਮਰ ਡਿਵੈਲਪਮੈਂਟ ਏਜੰਸੀ, ਲੁਧਿਆਣਾ ਦੇ ਮੱਛੀ ਪਾਲਣ ਅਫਸਰ ਨੇ ਮੱਛੀ ਪਾਲਣ ਵਿਭਾਗ, ਭਾਰਤ ਸਰਕਾਰ ਦੁਆਰਾ ਸ਼ੁਰੂ ਕੀਤੀਆਂ ਨਵੀਆਂ ਪਹਿਲਕਦਮੀਆਂ ਅਤੇ ਸਕੀਮਾਂ ਬਾਰੇ ਚਰਚਾ ਕੀਤੀ। ਉਨ੍ਹਾਂ ਨੇ ਨਵੀਂ ਸ਼ੁਰੂ ਹੋਈ "ਪ੍ਰਧਾਨ ਮੰਤਰੀ ਮਤਸਯਾ ਕਿਸਾਨ ਸਮ੍ਰਿਧੀ ਸਹਿ-ਯੋਜਨਾ" ਬਾਰੇ ਦੱਸਿਆ ਅਤੇ ਕਿਸਾਨਾਂ ਨੂੰ ਵੱਖ-ਵੱਖ ਲਾਭਕਾਰੀ ਯੋਜਨਾਵਾਂ ਬਾਰੇ ਸਿੱਖਿਅਤ ਰਹਿਣ ਲਈ ਨੈਸ਼ਨਲ ਫਿਸ਼ਰੀਜ਼ ਡਿਜੀਟਲ ਪਲੇਟਫਾਰਮ `ਤੇ ਰਜਿਸਟਰ ਕਰਨ ਲਈ ਉਤਸ਼ਾਹਿਤ ਕੀਤਾ। ਮੀਟਿੰਗ ਦੌਰਾਨ ਭਾਗ ਲੈਣ ਵਾਲੇ ਸਾਰੇ ਕਿਸਾਨਾਂ ਨੂੰ ਇਸ ਪਲੇਟਫਾਰਮ `ਤੇ ਰਜਿਸਟਰ ਕੀਤਾ ਗਿਆ।