ਰੇਹੜੀਆਂ, ਫੜੀਆਂ ਤੇ ਵੇਚੀਆਂ ਜਾ ਰਹੀਆਂ ਹਨ ਖਾਣ ਪੀਣ ਦੀਆਂ ਗੈਰਮਿਆਰੀ ਚੀਜ਼ਾਂ

ਐਸ ਏ ਐਸ ਨਗਰ, 21 ਨਵੰਬਰ: ਮੁਹਾਲੀ ਸ਼ਹਿਰ ਵਿੱਚ ਰੇਹੜੀਆਂ, ਫੜੀਆਂ ਵਾਲਿਆਂ ਨੇ ਆਪਣਾ ਪੂਰਾ ਜਾਲ ਫੈਲਾਇਆ ਹੋਇਆ ਹੈ ਅਤੇ ਸ਼ਹਿਰ ਦੀ ਹਰ ਮਾਰਕੀਟ ਵਿੱਚ ਵੱਡੀ ਗਿਣਤੀ ਵਿੱਚ ਰੇਹੜੀਆਂ, ਫੜੀਆਂ ਸਾਰਾ ਦਿਨ ਲੱਗੀਆਂ ਰਹਿੰਦੀਆਂ ਹਨ। ਜਿਹਨਾਂ ਦੀ ਗਿਣਤੀ ਸ਼ਾਮ ਢਲੇ ਹੋਰ ਵਧ ਜਾਂਦੀ ਹੈ।

ਐਸ ਏ ਐਸ ਨਗਰ, 21 ਨਵੰਬਰ: ਮੁਹਾਲੀ ਸ਼ਹਿਰ ਵਿੱਚ ਰੇਹੜੀਆਂ, ਫੜੀਆਂ ਵਾਲਿਆਂ ਨੇ ਆਪਣਾ ਪੂਰਾ ਜਾਲ ਫੈਲਾਇਆ ਹੋਇਆ ਹੈ ਅਤੇ ਸ਼ਹਿਰ ਦੀ ਹਰ ਮਾਰਕੀਟ ਵਿੱਚ ਵੱਡੀ ਗਿਣਤੀ ਵਿੱਚ ਰੇਹੜੀਆਂ, ਫੜੀਆਂ ਸਾਰਾ ਦਿਨ ਲੱਗੀਆਂ ਰਹਿੰਦੀਆਂ ਹਨ। ਜਿਹਨਾਂ ਦੀ ਗਿਣਤੀ ਸ਼ਾਮ ਢਲੇ ਹੋਰ ਵਧ ਜਾਂਦੀ ਹੈ।
ਇਹਨਾਂ ਰੇਹੜੀਆਂ, ਫੜੀਆਂ ਵਿੱਚੋਂ ਜ਼ਿਆਦਾਤਰ ਤੇ ਖਾਣ ਪੀਣ ਦਾ ਗੈਰਮਿਆਰੀ ਸਮਾਨ ਵੇਚਿਆ ਜਾਂਦਾ ਹੈ, ਪਰ ਸਸਤੇ ਦੇ ਲਾਲਚ ਵਿੱਚ ਵੱਡੀ ਗਿਣਤੀ ਲੋਕ ਇਹਨਾਂ ਰੇਹੜੀਆਂ, ਫੜੀਆਂ ਦੇ ਗਾਹਕ ਬਣ ਜਾਂਦੇ ਹਨ।
ਹਾਲਾਤ ਇਹ ਹਨ ਕਿ ਚਿਕਨ ਪਕੌੜਾ, ਅੰਡੇ, ਮੱਛੀ ਤੇ ਹੋਰ ਮਾਸਾਹਾਰੀ ਸਮਾਨ ਵੇਚਣ ਵਾਲੀਆਂ ਰੇਹੜੀਆਂ, ਫੜੀਆਂ ਤੇ ਖਾਸ ਗਾਹਕਾਂ ਨੂੰ ਗਿਲਾਸ ਵੀ ਮੁਹੱਈਆ ਕਰਵਾ ਦਿੱਤੇ ਜਾਂਦੇ ਹਨ। ਇਹ ਰੇਹੜੀਆਂ, ਫੜੀਆਂ ਇੱਕ ਤਰ੍ਹਾਂ ਨਾਜਾਇਜ਼ ਅਹਾਤਿਆਂ ਦਾ ਰੂਪ ਅਖਤਿਆਰ ਕਰ ਲੈਂਦੀਆਂ ਹਨ। ਖਾਣ ਪੀਣ ਦਾ ਸਮਾਨ ਵੇਚਣ ਵਾਲੀਆਂ ਵੱਡੀ ਗਿਣਤੀ ਰੇਹੜੀਆਂ, ਫੜੀਆਂ ਦੇ ਮਾਲਕਾਂ ਨੇ ਆਪਣੇ ਗਾਹਕਾਂ ਦੀ ਸਹੂਲਤ ਲਈ ਪਾਰਕਿੰਗ ਵਿੱਚ ਜਾਂ ਸੜਕ ਤੇ ਕੁਰਸੀਆਂ ਤੇ ਬੈਂਚ ਵੀ ਰੱਖੇ ਹੁੰਦੇ ਹਨ। ਜਿਥੇ ਅਕਸਰ ਲੋਕ ਆਰਾਮ ਨਾਲ ਬੈਠ ਕੇ ਇਹਨਾਂ ਰੇਹੜੀਆਂ, ਫੜੀਆਂ ਤੋਂ ਖਾਣ ਪੀਣ ਦਾ ਸਮਾਨ ਖਰੀਦ ਕੇ ਖਾਂਦੇ ਹਨ।
ਇਹਨਾਂ ਰੇਹੜੀਆਂ, ਫੜੀਆਂ ਵਾਲਿਆਂ ਦਾ ਨੈਟਵਰਕ ਇੰਨਾ ਜ਼ਿਆਦਾ ਮਜ਼ਬੂਤ ਹੁੰਦਾ ਹੈ ਕਿ ਨਗਰ ਨਿਗਮ ਮੁਹਾਲੀ ਦੀ ਨਾਜਾਇਜ਼ ਕਬਜ਼ੇ ਹਟਾਊ ਟੀਮ ਜਦੋਂ ਵੀ ਕਾਰਵਾਈ ਕਰਨ ਲਈ ਦਫਤਰ ਤੋਂ ਰਵਾਨਾ ਹੁੰਦੀ ਹੈ, ਤਦ ਇਹਨਾਂ ਰੇਹੜੀਆਂ, ਫੜੀਆਂ ਵਾਲਿਆਂ ਨੂੰ ਤੁਰੰਤ ਇਸ ਦੀ ਸੂਚਨਾ ਮਿਲ ਜਾਂਦੀ ਹੈ। ਵੱਡੀ ਗਿਣਤੀ ਰੇਹੜੀਆਂ, ਫੜੀਆਂ ਵਾਲੇ ਨਗਰ ਨਿਗਮ ਦੀ ਟੀਮ ਦੇ ਆਉਣ ਤੋਂ ਪਹਿਲਾਂ ਆਪਣੇ ਸਮਾਨ ਸਮੇਤ ਗਾਇਬ ਹੋ ਜਾਂਦੇ ਹਨ ਅਤੇ ਟੀਮ ਦੇ ਜਾਣ ਤੋਂ ਬਾਅਦ ਮੁੜ ਪਹਿਲਾਂ ਵਾਂਗ ਲੱਗ ਜਾਂਦੀਆਂ ਹਨ।
ਖਾਣ ਪੀਣ ਦਾ ਸਮਾਨ ਵੇਚਣ ਵਾਲੀਆਂ ਇਹਨਾਂ ਰੇਹੜੀਆਂ, ਫੜੀਆਂ ਵਿੱਚੋਂ ਜ਼ਿਆਦਾਤਰ ਗੈਰ ਮਿਆਰੀ ਸਮਾਨ ਵਿਕਦਾ ਹੈ। ਹੈਰਾਨੀ ਦੀ ਗੱਲ ਇਹ ਵੀ ਹੈ ਕਿ ਆਮ ਲੋਕ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ ਸਮਝਦੇ ਵੀ ਹਨ, ਪਰ ਸਸਤੇ ਦੇ ਲਾਲਚ ਵਿੱਚ ਇਹਨਾਂ ਦੇ ਗਾਹਕ ਬਣ ਜਾਂਦੇ ਹਨ। ਕਿਉਂਕਿ ਇਹਨਾਂ ਰੇਹੜੀਆਂ, ਫੜੀਆਂ ਤੇ ਵੇਚਿਆ ਜਾ ਰਿਹਾ ਸਮਾਨ ਦੁਕਾਨਾਂ ਤੇ ਵਿਕਦੇ ਸਮਾਨ ਤੋਂ ਕੁਝ ਸਸਤਾ ਹੁੰਦਾ ਹੈ। ਲੋਕ ਇਹਨਾਂ ਰੇਹੜੀਆਂ, ਫੜੀਆਂ ਤੋਂ ਖਰੀਦ ਕੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ।
ਸਬੰਧਿਤ ਵਿਭਾਗ ਵਲੋਂ ਭਾਵੇਂ ਕਦੇ-ਕਦਾਈਂ ਖਾਣ ਪੀਣ ਦਾ ਸਮਾਨ ਵੇਚਣ ਵਾਲੀਆਂ ਆਮ ਦੁਕਾਨਾਂ ਦੀ ਜਾਂਚ ਵੀ ਕੀਤੀ ਜਾਂਦੀ ਹੈ, ਪਰ ਰੇਹੜੀਆਂ, ਫੜੀਆਂ ਤੇ ਵਿਕਦੇ ਸਮਾਨ ਦੀ ਜਾਂਚ ਕਰਨ ਵਿੱਚ ਵਿਭਾਗ ਦੇ ਅਧਿਕਾਰੀ ਅਵੇਸਲੇ ਰਹਿੰਦੇ ਹਨ। ਇਹਨਾਂ ਵਿੱਚੋਂ ਜ਼ਿਆਦਾਤਰ ਰੇਹੜੀਆਂ, ਫੜੀਆਂ ਵਾਲੇ ਦਿਨ ਢਲਣ ਤੋਂ ਬਾਅਦ ਆਪਣੀਆਂ ਰੇਹੜੀਆਂ, ਫੜੀਆਂ ਲਗਾਉਂਦੇ ਹਨ, ਜਦੋਂ ਸਰਕਾਰੀ ਦਫਤਰ ਬੰਦ ਹੋ ਜਾਂਦੇ ਹਨ ਅਤੇ ਇਹ ਵਿਭਾਗੀ ਕਾਰਵਾਈ ਤੋਂ ਬਚੇ ਰਹਿੰਦੇ ਹਨ।
ਇਸ ਸੰਬੰਧੀ ਸਮਾਜ ਸੇਵੀ ਆਗੂ ਕਰਨ ਜੌਹਰ ਨੇ ਮੰਗ ਕੀਤੀ ਹੈ ਕਿ ਜਿਥੇ-ਜਿਥੇ ਖਾਣ ਪੀਣ ਦਾ ਗੈਰਮਿਆਰੀ ਸਮਾਨ ਵੇਚਣ ਵਾਲੀਆਂ ਰੇਹੜੀਆਂ, ਫੜੀਆਂ ਹਨ, ਉਨ੍ਹਾਂ ਦੀ ਗੁਣਵੱਤਾ ਜਾਂਚ ਦਾ ਪ੍ਰਬੰਧ ਕੀਤਾ ਜਾਵੇ ਅਤੇ ਗੈਰਮਿਆਰੀ ਸਮਾਨ ਵੇਚਣ ਵਾਲਿਆਂ ਦੇ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ, ਤਾਂ ਜੋ ਲੋਕ ਸਸਤੇ ਦੇ ਲਾਲਚ ਵਿੱਚ ਇਹਨਾਂ ਰੇਹੜੀਆਂ, ਫੜੀਆਂ ਤੋਂ ਵਿਕਦਾ ਗੈਰਮਿਆਰੀ ਸਮਾਨ ਖਾ ਕੇ ਬਿਮਾਰ ਨਾ ਹੋਣ।