ਬਲੈਕ ਆਊਟ ਦੌਰਾਨ ਫੇਜ਼ 4 ਵਿੱਚ ਲੱਗੀਆਂ ਸੋਲਰ ਲਾਈਟਾਂ ਦੇ ਕਨੈਕਸ਼ਨ ਕੱਟਣ ਅਤੇ ਫਿਰ ਨਾ ਜੋੜਣ ਵਾਲੇ ਸਾਬਕਾ ਅਤੇ ਮੌਜੂਦਾ ਕੌਂਸਲਰ ਦੇ ਖਿਲਾਫ਼ ਕਾਰਵਾਈ ਦੀ ਮੰਗ

ਐਸ ਏ ਐਸ ਨਗਰ, 2 ਅਗਸਤ- ਪ੍ਰੋਗਰੈਸਿਵ ਵੈਲਫੇਅਰ ਐਸੋਸੀਏਸ਼ਨ (ਰਜਿ.) ਮੁਹਾਲੀ ਵੱਲੋਂ ਡਿਪਟੀ ਕਮਿਸ਼ਨਰ ਮੁਹਾਲੀ ਨੂੰ ਪੱਤਰ ਭੇਜ ਕੇ ਮੰਗ ਕੀਤੀ ਗਈ ਹੈ ਕਿ ਫੇਜ਼ 4 ਵਿੱਚ ਲੱਗੀਆਂ ਸੋਲਰ ਲਾਈਟਾਂ ਦੇ ਬਲੈਕ ਆਊਟ ਦੌਰਾਨ ਕਨੈਕਸ਼ਨ ਕੱਟਣ ਅਤੇ ਮੁੜ ਨਾ ਜੋੜਣ ਵਾਲੇ ਫੇਜ਼ 4 ਦੇ ਸਾਬਕਾ ਅਤੇ ਮੌਜੂਦਾ ਕੌਂਸਲਰ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇ।

ਐਸ ਏ ਐਸ ਨਗਰ, 2 ਅਗਸਤ- ਪ੍ਰੋਗਰੈਸਿਵ ਵੈਲਫੇਅਰ ਐਸੋਸੀਏਸ਼ਨ (ਰਜਿ.) ਮੁਹਾਲੀ ਵੱਲੋਂ ਡਿਪਟੀ ਕਮਿਸ਼ਨਰ ਮੁਹਾਲੀ ਨੂੰ ਪੱਤਰ ਭੇਜ ਕੇ ਮੰਗ ਕੀਤੀ ਗਈ ਹੈ ਕਿ ਫੇਜ਼ 4 ਵਿੱਚ ਲੱਗੀਆਂ ਸੋਲਰ ਲਾਈਟਾਂ ਦੇ ਬਲੈਕ ਆਊਟ ਦੌਰਾਨ ਕਨੈਕਸ਼ਨ ਕੱਟਣ ਅਤੇ ਮੁੜ ਨਾ ਜੋੜਣ ਵਾਲੇ ਫੇਜ਼ 4 ਦੇ ਸਾਬਕਾ ਅਤੇ ਮੌਜੂਦਾ ਕੌਂਸਲਰ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇ।
ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਐਚ ਐਸ ਕੰਵਲ ਅਤੇ ਸੀਨੀਅਰ ਮੀਤ ਪ੍ਰਧਾਨ ਕਰਨ ਜੌਹਰ ਵੱਲੋਂ ਲਿਖੇ ਪੱਤਰ ਵਿੱਚ ਕਿਹਾ ਗਿਆ ਹੈ ਕਿ ਪ੍ਰੋਗਰੈਸਿਵ ਵੈਲਫੇਅਰ ਐਸੋਸੀਏਸ਼ਨ (ਰਜਿ.) ਮੁਹਾਲੀ ਦੇ ਯਤਨਾਂ ਸਦਕਾ ਸੰਸਦ ਮੈਂਬਰ ਸ੍ਰੀ ਮਨੀਸ਼ ਤਿਵਾੜੀ ਦੁਆਰਾ ਸਾਲ 2023 ਵਿੱਚ ਆਪਣੇ ਐਮ ਪੀ ਐਲ ਏ ਡੀ ਫੰਡਾਂ ਵਿੱਚੋਂ ਫੇਜ਼ 4 ਮੁਹਾਲੀ ਦੇ ਵੱਖ-ਵੱਖ ਸਥਾਨਾਂ ’ਤੇ 23 ਸੋਲਰ ਸਟਰੀਟ ਲਾਈਟਾਂ ਲਗਵਾਈਆਂ ਗਈਆਂ ਸਨ।
ਉਨ੍ਹਾਂ ਲਿਖਿਆ ਹੈ ਕਿ ਪਿਛਲੇ ਸਮੇਂ ਦੌਰਾਨ ਭਾਰਤ-ਪਾਕਿਸਤਾਨ ਵਿੱਚ ਤਣਾਅ ਵਧਣ ਦੌਰਾਨ ਪ੍ਰਸ਼ਾਸਨ ਵੱਲੋਂ ਮੁਹਾਲੀ ਵਿੱਚ ਬਲੈਕ ਆਊਟ ਲਾਗੂ ਕਰ ਦਿੱਤਾ ਗਿਆ ਸੀ ਅਤੇ ਇਸ ਦੌਰਾਨ ਫੇਜ਼ 4 ਦੇ ਖੇਤਰ ਦੇ ਮੌਜੂਦਾ ਅਤੇ ਸਾਬਕਾ ਮਿਉਂਸਪਲ ਕੌਂਸਲਰ ਵੱਲੋਂ ਐਸੋਸੀਏਸ਼ਨ ਦੀ ਇਜਾਜ਼ਤ ਅਤੇ ਜਾਣਕਾਰੀ ਤੋਂ ਬਿਨਾਂ ਆਪਣੇ ਪੱਧਰ ’ਤੇ ਹੀ ਇਹਨਾਂ ਸੋਲਰ ਲਾਈਟਾਂ ਨੂੰ ਬੰਦ ਕਰਨ ਲਈ ਬੈਟਰੀਆਂ ਤੋਂ ਲਾਈਟਾਂ ਦੀਆਂ ਤਾਰਾਂ ਕੱਟ ਦਿੱਤੀਆਂ ਗਈਆਂ।
ਉਨ੍ਹਾਂ ਲਿਖਿਆ ਹੈ ਕਿ ਇਹ ਬਲੈਕ ਆਊਟ ਤਕ ਕੁਝ ਦਿਨਾਂ ਬਾਅਦ ਖਤਮ ਹੋ ਗਿਆ, ਪਰੰਤੂ ਉਕਤ ਸਾਬਕਾ ਅਤੇ ਮੌਜੂਦਾ ਕੌਂਸਲਰਾਂ ਵੱਲੋਂ ਲੰਮਾ ਸਮਾਂ ਲੰਘਣ ਦੇ ਬਾਵਜੂਦ ਤਾਰਾਂ ਦੁਬਾਰਾ ਨਹੀਂ ਜੋੜੀਆਂ ਗਈਆਂ। ਇਸ ਦਾ ਨਤੀਜਾ ਇਹ ਹੋਇਆ ਹੈ ਕਿ ਇੰਨੇ ਲੰਮੇ ਸਮੇਂ ਤਕ ਬੈਟਰੀਆਂ ਰੀਚਾਰਜ ਨਾ ਹੋਣ ਕਾਰਨ ਖਰਾਬ ਹੋ ਗਈਆਂ।
ਉਨ੍ਹਾਂ ਕਿਹਾ ਕਿ ਫੇਜ਼ 4 ਦੇ ਵਸਨੀਕ ਇਹਨਾਂ ਸੋਲਰ ਲਾਈਟਾਂ ਨੂੰ ਦੁਬਾਰਾ ਚਾਲੂ ਕਰਨ ਲਈ ਐਸੋਸੀਏਸ਼ਨ ਨਾਲ ਸੰਪਰਕ ਕਰ ਰਹੇ ਹਨ, ਪਰੰਤੂ ਇਹਨਾਂ ਲਾਈਟਾਂ ਨੂੰ ਚਾਲੂ ਕਰਨ ’ਤੇ ਵੱਡਾ ਖਰਚਾ ਆਉਣਾ ਹੈ ਅਤੇ ਉਨ੍ਹਾਂ ਨੂੰ ਸਮਝ ਨਹੀਂ ਆ ਰਹੀ ਕਿ ਇਹ ਖਰਚਾ ਕੌਣ ਅਦਾ ਕਰੇਗਾ।
ਪੱਤਰ ਵਿੱਚ ਮੰਗ ਕੀਤੀ ਗਈ ਹੈ ਕਿ ਇਸ ਸੰਬੰਧੀ ਹੋਣ ਵਾਲਾ ਖਰਚਾ ਨਗਰ ਨਿਗਮ ਦੇ ਮੌਜੂਦਾ ਅਤੇ ਸਾਬਕਾ ਕੌਂਸਲਰ ਨੂੰ ਹਿਦਾਇਤ ਦਿੱਤੀ ਜਾਵੇ ਕਿ ਉਹ ਇਹਨਾਂ ਲਾਈਟਾਂ ਨੂੰ ਦੁਬਾਰਾ ਚਾਲੂ ਕਰਵਾਉਣ ਅਤੇ ਇਸ ਸੰਬੰਧੀ ਹੋਣ ਵਾਲਾ ਖਰਚਾ ਉਨ੍ਹਾਂ ਤੋਂ ਵਸੂਲਿਆ ਜਾਵੇ।
ਇਸ ਸੰਬੰਧੀ ਸੰਪਰਕ ਕਰਨ ’ਤੇ ਨਗਰ ਨਿਗਮ ਦੀ ਕੌਂਸਲਰ ਰੁਪਿੰਦਰ ਕੌਰ ਰੀਨਾ ਨੇ ਕਿਹਾ ਕਿ ਬਲੈਕ ਆਊਟ ਵੇਲੇ ਵਸਨੀਕਾਂ ਵੱਲੋਂ ਇਹ ਲਾਈਟਾਂ ਬੰਦ ਕਰਵਾਉਣ ਦੀ ਮੰਗ ਕੀਤੀ ਗਈ ਸੀ, ਜਿਸ ’ਤੇ ਉਨ੍ਹਾਂ ਨਗਰ ਨਿਗਮ ਦੇ ਸਟਾਫ ਨੂੰ ਨਾਲ ਲੈ ਕੇ ਚਾਰ-ਪੰਜ ਲਾਈਟਾਂ ਦੇ ਕਨੈਕਸ਼ਨ ਕਟਵਾਏ ਸਨ, ਜਦਕਿ ਕਈ ਲਾਈਟਾਂ ਦੇ ਕਨੈਕਸ਼ਨ ਵਸਨੀਕਾਂ ਵੱਲੋਂ ਹੀ ਡੰਡੇ ਮਾਰ ਕੇ ਜਾਂ ਤਾਰਾਂ ਕੱਟ ਕੇ ਬੰਦ ਕਰ ਦਿੱਤੇ ਗਏ ਸਨ। ਉਨ੍ਹਾਂ ਕਿਹਾ ਕਿ ਇਸ ਸੰਬੰਧੀ ਉਹ ਪਿਛਲੇ ਤਿੰਨ ਮਹੀਨਿਆਂ ਤੋਂ ਨਗਰ ਨਿਗਮ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਇਹਨਾਂ ਲਾਈਟਾਂ ਦੇ ਕਨੈਕਸ਼ਨ ਜੋੜ ਕੇ ਇਹਨਾਂ ਨੂੰ ਚਾਲੂ ਕਰਨ ਲਈ ਕਹਿ ਰਹੇ ਹਨ, ਪਰੰਤੂ ਨਗਰ ਨਿਗਮ ਦੇ ਕਰਮਚਾਰੀ ਟਾਲਮਟੋਲ ਕਰਦੇ ਰਹੇ ਹਨ ਅਤੇ ਉਹ ਇਸ ਸੰਬੰਧੀ ਛੇਤੀ ਹੀ ਉਹਨਾਂ ਲਾਈਟਾਂ ਨੂੰ ਚਾਲੂ ਕਰਵਾਉਣਗੇ, ਜਿਨ੍ਹਾਂ ਦੇ ਕਨੈਕਸ਼ਨ ਉਨ੍ਹਾਂ ਵੱਲੋਂ ਕਟਵਾਏ ਗਏ ਸਨ।
ਫੇਜ਼ 4 ਦੇ ਸਾਬਕਾ ਕੌਂਸਲਰ ਗੁਰਮੁਖ ਸਿੰਘ ਸੋਹਲ ਨਾਲ ਇਸ ਸੰਬੰਧੀ ਸੰਪਰਕ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਗਈ, ਪਰੰਤੂ ਉਨ੍ਹਾਂ ਵੱਲੋਂ ਫੋਨ ਨਾ ਚੁੱਕੇ ਜਾਣ ਕਾਰਨ ਉਨ੍ਹਾਂ ਨਾਲ ਸੰਪਰਕ ਕਾਇਮ ਨਹੀਂ ਹੋ ਸਕਿਆ।