ਫੇਜ਼-7 ਤੋਂ ਫੇਜ਼-11 ਤੱਕ ਦੀ ਸੜਕ ਨੂੰ ਚੌੜਾ ਕਰਨ ਦੇ ਕੰਮ ਵਿੱਚ ਹੋ ਰਹੀ ਦੇਰੀ ਕਾਰਨ ਲੋਕ ਪਰੇਸ਼ਾਨ

ਮੋਹਾਲੀ 10 ਸਤੰਬਰ- ਗਮਾਡਾ ਵਲੋਂ ਸਥਾਨਕ ਫੇਜ਼-7 ਤੋਂ ਫੇਜ਼-11 ਤੱਕ ਦੀ ਸੜਕ ਨੂੰ ਚੌੜਾ ਕਰਨ ਲਈ ਕਰਵਾਏ ਜਾ ਕੰਮ ਵਿੱਚ ਹੋਣ ਵਾਲੀ ਦੇਰੀ ਕਾਰਨ ਲੋਕ ਬੁਰੀ ਤਰ੍ਹਾਂ ਪਰੇਸ਼ਾਨ ਹੋ ਰਹੇ ਹਨ। ਇਸ ਸੜਕ ਦੇ ਮਾਰਕੀਟਾਂ ਵਾਲੇ ਪਾਸੇ ਪੈਂਦੀ ਥਾਂ ਨੂੰ ਕਾਫੀ ਸਮਾਂ ਪਹਿਲਾਂ ਤੋਂ ਪਟਵਾਇਆ ਗਿਆ ਹੈ ਅਤੇ ਇਸ ਡੂੰਘੀ ਥਾਂ ਵਿੱਚ ਪਾਣੀ ਭਰ ਜਾਣ ਕਾਰਨ ਇੱਥੇ ਕਿਸੇ ਵੇਲੇ ਵੀ ਹਾਦਸਾ ਵਾਪਰਨ ਦਾ ਖਤਰਾ ਬਣਿਆ ਰਹਿੰਦਾ ਹੈ।

ਮੋਹਾਲੀ 10 ਸਤੰਬਰ- ਗਮਾਡਾ ਵਲੋਂ ਸਥਾਨਕ ਫੇਜ਼-7 ਤੋਂ ਫੇਜ਼-11 ਤੱਕ ਦੀ ਸੜਕ ਨੂੰ ਚੌੜਾ ਕਰਨ ਲਈ ਕਰਵਾਏ ਜਾ ਕੰਮ ਵਿੱਚ ਹੋਣ ਵਾਲੀ ਦੇਰੀ ਕਾਰਨ ਲੋਕ ਬੁਰੀ ਤਰ੍ਹਾਂ ਪਰੇਸ਼ਾਨ ਹੋ ਰਹੇ ਹਨ। ਇਸ ਸੜਕ ਦੇ ਮਾਰਕੀਟਾਂ ਵਾਲੇ ਪਾਸੇ ਪੈਂਦੀ ਥਾਂ ਨੂੰ ਕਾਫੀ ਸਮਾਂ ਪਹਿਲਾਂ ਤੋਂ ਪਟਵਾਇਆ ਗਿਆ ਹੈ ਅਤੇ ਇਸ ਡੂੰਘੀ ਥਾਂ ਵਿੱਚ ਪਾਣੀ ਭਰ ਜਾਣ ਕਾਰਨ ਇੱਥੇ ਕਿਸੇ ਵੇਲੇ ਵੀ ਹਾਦਸਾ ਵਾਪਰਨ ਦਾ ਖਤਰਾ ਬਣਿਆ ਰਹਿੰਦਾ ਹੈ। ਇਸ ਸੰਬੰਧੀ ਵਾਰਡ ਨੰਬਰ 18 ਦੇ ਕੌਂਸਲਰ ਐਮ.ਸੀ ਕੁਲਵੰਤ ਸਿੰਘ ਕਲੇਰ ਨੇ ਗਮਾਡਾ ਦੇ ਮੁੱਖ ਪ੍ਰਸ਼ਾਸ਼ਕ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਇਸ ਕੰਮ ਨੂੰ ਛੇਤੀ ਮੁਕੰਮਲ ਕਰਵਾਇਆ ਜਾਵੇ। 
ਪੱਤਰ ਵਿੱਚ ਉਹਨਾਂ ਕਿਹਾ ਕਿ ਗਮਾਡਾ ਵੱਲੋਂ ਜੋ ਸੜਕ ਫੇਜ਼ 7 ਤੋਂ ਫੇਜ਼ 11 ਤੱਕ ਚੌੜੀ ਕੀਤੀ ਜਾ ਰਹੀ ਹੈ, ਉਸ ਕਰਕੇ ਰਾਹਗੀਰ, ਸ਼ੋਰੂਮ ਮਾਲਕ ਅਤੇ ਖਰੀਦਦਾਰੀ ਕਰਨ ਵਾਲੇ ਗ੍ਰਾਹਕਾਂ ਨੂੰ ਬਹੁਤ ਪਰੇਸ਼ਾਨੀ ਦਾ ਸਹਾਮਣਾ ਕਰਨਾ ਪੈਂਦਾ ਹੈ। ਲੋਕ ਰੋਜ਼ ਸੜਕ ਤੇ ਪੁੱਟੇ ਖੱਡਿਆਂ ਵਿੱਚ ਡਿੱਗ ਜਾਂਦੇ ਹਨ। ਕਾਫੀ ਲੋਕਾ ਦੀਆਂ ਲੱਤਾਂ ਬਾਹਾਂ ਟੁੱਟ ਚੁੱਕੀਆਂ ਹਨ। ਇਹਨਾਂ ਖੱਡਿਆਂ ਵਿੱਚ ਕਾਰਾਂ ਧਸ ਜਾਂਦੀਆਂ ਹਨ, ਜਿਸ ਕਾਰਨ ਉਨ੍ਹਾਂ ਦਾ ਆਰਥਿਕ ਨੁਕਸਾਨ ਵੀ ਹੁੰਦਾ ਹੈ। ਇੱਥੇ ਹੀ ਬਸ ਨਹੀਂ ਬਲਕਿ ਇਹਨਾਂ ਟੋਇਆਂ ਵਿੱਚ ਖੜੇ ਪਾਣੀ ਵਿੱਚ ਡੇਂਗੂ ਦਾ ਮੱਛਰ ਪੈਦਾ ਹੋ ਰਿਹਾ ਹੈ। 
ਉਹਨਾਂ ਲਿਖਿਆ ਹੈ ਕਿ ਫੇਜ਼ 11 ਦੇ ਗੁਰੂਦੁਆਰਾ ਸਾਹਿਬ ਦੇ ਸਾਮ੍ਹਣੇ ਵਾਲੀ ਥਾਂ ਨੂੰ ਸੜਕ ਚੌੜਾ ਕਰਨ ਲਈ ਪੁੱਟਿਆ ਗਿਆ ਹੈ ਅਤੇ ਇਸ ਥਾਂ ਤੇ ਪਾਣੀ ਅਤੇ ਚਿੱਕੜ ਹੋਣ ਕਾਰਨ ਸ਼ਰਧਾਲੂਆਂ ਨੂੰ ਗੁਰਦੁਆਰਾ ਸਾਹਿਬ ਆਉਣ ਜਾਣ ਵਿੱਚ ਭਾਰੀ ਮੁਸ਼ਕਿਲ ਆਉਂਦੀ ਹੈ ਇਸਦੇ ਨਾਲ ਨਾਲ ਇਸ ਸੜਕ ਨੂੰ ਚੌੜਾ ਕਰਨ ਦੇ ਕੰਮ ਕਾਰਨ ਸ਼ੋਰੂਮਾਂ ਵਿੱਚ ਜਾਣ ਦਾ ਰਾਹ ਹੀ ਬੰਦ ਹੋ ਗਿਆ ਹੈ ਕਿਉਂਕਿ ਇਹਨਾਂ ਸ਼ੋਰੂਮਾਂ ਦੇ ਸਾਮ੍ਹਣੇ ਪਹਿਲਾਂ ਹੀ ਪਾਰਕਿੰਗ ਲਈ ਬਹੁਤ ਘੱਟ ਜਗਾ ਹੈ ਅਤੇ ਇਸ ਥਾਂ ਨੂੰ ਪੁੱਟ ਦਿੱਤੇ ਜਾਣ ਕਾਰਨ ਦੁਕਾਨਦਾਰਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ। ਉਹਨਾਂ ਮੰਗ ਕੀਤੀ ਹੈ ਕਿ ਸੜਕ ਦੇ ਚੌੜਾ ਕਰਨ ਦੇ ਕੰਮ ਨੂੰ ਜਲਦੀ ਤੋਂ ਜਲਦੀ ਪੂਰਾ ਕਰਵਾਇਆ ਜਾਵੇ ਅਤੇ ਸੜਕ ਤੇ ਪਏ ਖੱਡਿਆਂ ਨੂੰ ਠੀਕ ਕਰਵਾਇਆ ਜਾਵੇ ਤਾਂ ਜੋ ਪਬਲਿਕ ਦਾ ਜਾਨੀ ਅਤੇ ਮਾਲੀ ਨੁਕਸਾਨ ਨਾ ਹੋਵੇ। ਇਸ ਪੱਤਰ ਦੀ ਕਾਪੀ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਭੇਜੀ ਗਈ ਹੈ।