
ਹੁਸ਼ਿਆਰਪੁਰ ਦੇ ਬੱਬਲੀ ਰਾਣਾ ਦਾ ਝੋੰਪੜੀ ਤੋਂ ਜਹਾਜ਼ ਤੱਕ ਦਾ ਸਫ਼ਰ
ਹੁਸ਼ਿਆਰਪੁਰ- ਮਨੁੱਖੀ ਜੀਵਨ ਦੀ ਕਹਾਣੀ ਸੰਘਰਸ਼ ਦੀ ਕਹਾਣੀ ਹੈ। ਇਸ ਸੰਘਰਸ਼ ਵਿੱਚ ਜਿਹੜੇ ਲੋਕ ਨੰਗੇ ਧੜ ਲੜਦੇ ਹਨ ਉਹ ਕਈ ਹੋਰਨਾਂ ਲਈ ਪ੍ਰੇਰਨਾ ਦੇ ਸਰੋਤ ਬਣ ਕੇ ਮਹਾਨ ਦਰਜਾ ਹਾਸਿਲ ਕਰ ਜਾਂਦੇ ਹਨ। ਕਹਿੰਦੇ ਨੇ ਮਿਹਨਤ ਅੱਗੇ ਤਾਂ ਪਹਾੜ ਵੀ ਝੁਕ ਜਾਂਦੇ ਹਨ। ਸਿਰੜ ਨਾਲ ਕੀਤੀ ਮਿਹਨਤ ਅਤੇ ਨਿਸ਼ਚੇ ਨਾਲ ਨਿਸ਼ਾਨੇ ਨੂੰ ਪ੍ਰਾਪਤ ਕਰਨ ਦੀ ਚਾਹਤ ਮਨੁੱਖ ਤੋਂ ਔਖੇ ਤੋਂ ਔਖਾ ਕੰਮ ਵੀ ਕਰਵਾ ਦਿੰਦੀ ਹੈ। ਜਿਸ ਵਾਸਤੇ ਉਹ ਜਾਨ ਦੀ ਬਾਜ਼ੀ ਵੀ ਲਾ ਦਿੰਦਾ ਹੈ। ਅਸਲ ਵਿੱਚ ਹਰ ਮਨੁੱਖ ਦੇ ਜੀਵਨ ਦੀ ਕਹਾਣੀ ਸੰਘਰਸ਼, ਮਿਹਨਤ, ਲਗਨ ਅਤੇ ਹਿੰਮਤ ਦੀ ਕਹਾਣੀ ਹੈ।
ਹੁਸ਼ਿਆਰਪੁਰ- ਮਨੁੱਖੀ ਜੀਵਨ ਦੀ ਕਹਾਣੀ ਸੰਘਰਸ਼ ਦੀ ਕਹਾਣੀ ਹੈ। ਇਸ ਸੰਘਰਸ਼ ਵਿੱਚ ਜਿਹੜੇ ਲੋਕ ਨੰਗੇ ਧੜ ਲੜਦੇ ਹਨ ਉਹ ਕਈ ਹੋਰਨਾਂ ਲਈ ਪ੍ਰੇਰਨਾ ਦੇ ਸਰੋਤ ਬਣ ਕੇ ਮਹਾਨ ਦਰਜਾ ਹਾਸਿਲ ਕਰ ਜਾਂਦੇ ਹਨ। ਕਹਿੰਦੇ ਨੇ ਮਿਹਨਤ ਅੱਗੇ ਤਾਂ ਪਹਾੜ ਵੀ ਝੁਕ ਜਾਂਦੇ ਹਨ। ਸਿਰੜ ਨਾਲ ਕੀਤੀ ਮਿਹਨਤ ਅਤੇ ਨਿਸ਼ਚੇ ਨਾਲ ਨਿਸ਼ਾਨੇ ਨੂੰ ਪ੍ਰਾਪਤ ਕਰਨ ਦੀ ਚਾਹਤ ਮਨੁੱਖ ਤੋਂ ਔਖੇ ਤੋਂ ਔਖਾ ਕੰਮ ਵੀ ਕਰਵਾ ਦਿੰਦੀ ਹੈ। ਜਿਸ ਵਾਸਤੇ ਉਹ ਜਾਨ ਦੀ ਬਾਜ਼ੀ ਵੀ ਲਾ ਦਿੰਦਾ ਹੈ। ਅਸਲ ਵਿੱਚ ਹਰ ਮਨੁੱਖ ਦੇ ਜੀਵਨ ਦੀ ਕਹਾਣੀ ਸੰਘਰਸ਼, ਮਿਹਨਤ, ਲਗਨ ਅਤੇ ਹਿੰਮਤ ਦੀ ਕਹਾਣੀ ਹੈ।
ਜਿਸ ਵਿਅਕਤੀ ਦੇ ਹੱਥ ਪੱਲੇ ਕੁਝ ਵੀ ਨਾ ਹੋਵੇ ਉਹ ਮਿਹਨਤ ਤੇ ਲਗਨ ਨਾਲ ਇੱਕ ਝੌਂਪੜੀ ਚੋਂ ਉੱਠ ਕੇ ਜਹਾਜ਼ਾਂ ਨੂੰ ਸੁਰੱਖਿਅਤ ਉਡਾਉਣ ਦੀਆਂ ਤਕਨੀਕੀ ਜੁਗਤਾਂ ਸਿੱਖ ਜਾਵੇ ਉਹ ਕਹਾਣੀ ਕਈਆਂ ਲਈ ਪ੍ਰੇਰਨਾ ਦਾ ਸਬੱਬ ਬਣਦੀ ਹੈ। ਇਸ ਕਹਾਣੀ ਦਾ ਹੀਰੋ ਹੈ ਪਿੰਡ ਚੱਬੇਵਾਲ ਜ਼ਿਲ੍ਹਾ ਹੁਸ਼ਿਆਰਪੁਰ ਦਾ ਬੱਬਲੀ ਰਾਣਾ। ਜਿਸ ਨੇ ਅੱਤ ਦੀ ਗਰੀਬੀ ਵਿੱਚ ਆਪਣਾ ਬਚਪਨ ਹੰਢਾਇਆ ਅਤੇ ਜ਼ਿੰਦਗੀ ਦੇ ਸਫ਼ਰ ਨੂੰ ਭੁੱਖੇ ਨੰਗੇ ਰਹਿ ਕੇ ਅੱਗੇ ਤੋਂ ਅਗੇਰੇ ਤੋਰਿਆ।
ਬਚਪਨ ਤੋਂ ਹੀ ਬੱਬਲੀ ਨੇ ਮੁਸ਼ਕਿਲਾਂ ਦਾ ਸਾਹਮਣਾ ਕੀਤਾ। ਸਕੂਲ ਦੀ ਵਰਦੀ ਤੋਂ ਬਗੈਰ ਅਤੇ ਨੰਗੇ ਪੈਰੀਂ ਸਕੂਲ ਜਾਣਾ ਉਸ ਲਈ ਕਿਸੇ ਪਹਾੜ ਨੂੰ ਸਰ ਕਰਨ ਤੋਂ ਘੱਟ ਨਹੀਂ ਸੀ। ਉਹ ਫਟੇ ਪੁਰਾਣੇ ਪਹਿਨ ਕੇ, ਭੁੱਖੇ ਪੇਟ ਗਿਆਨ ਦੀ ਸ਼ਕਤੀ ਪ੍ਰਾਪਤ ਕਰਦਾ।ਪਰ ਉਸਦੀਆਂ ਅੱਖਾਂ ਵਿੱਚ ਇੱਕੋ ਇੱਕ ਸੁਪਨਾ ਸੀ ਪੜ੍ਹਾਈ ਕਰਕੇ ਆਪਣੀ ਗਰੀਬੀ ਦਾ ਅੰਤ ਕਰਨਾ। ਰਾਤ ਨੂੰ ਉਹ ਮੋਮਬੱਤੀ ਦੀ ਰੋਸ਼ਨੀ ਹੇਠ ਪੜ੍ਹਦਾ, ਕਈ ਵਾਰ ਕਾਗਜ਼ ਸਾੜ ਕੇ ਉਸ ਦੀ ਰੋਸ਼ਨੀ ’ਚ ਵੀ ਪੜ੍ਹਾਈ ਕਰਦਾ।
ਭਾਵੇਂ ਘਰ ਵਿੱਚ ਬਿਜਲੀ ਨਹੀਂ ਸੀ, ਪਰ ਉਸਦੇ ਮਨ ਵਿੱਚ ਉਮੀਦ ਦੀ ਰੋਸ਼ਨੀ ਕਦੇ ਨਹੀਂ ਬੁਝੀ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੰਡੋਲੀ ਵਿਖੇ ਦਸਵੀਂ ਦਾ ਇਮਤਿਹਾਨ ਦਿੰਦਿਆਂ ਸੁਪਰਵਾਈਜ਼ਰ ਨੇ ਉਸ ਨੂੰ ਜਦੋਂ ਕਲਮ ਦਿੱਤੀ ਤਾਂ ਉਸਦਾ ਜੀਵਨ ਇੱਕ ਮੋੜਾ ਖਾ ਗਿਆ। ਅਸਲ ਵਿੱਚ ਉਸ ਕੋਲ ਲਿਖਣ ਲਈ ਪੈਨ ਹੀ ਨਹੀਂ ਸੀ। ਨਤੀਜੇ ਵੱਜੋਂ ਬੱਬਲੀ ਨੇ ਫਸਟ ਡਿਵੀਜ਼ਨ ਵਿੱਚ ਮੈਟ੍ਰਿਕ ਪਾਸ ਕੀਤੀ।
ਇਹ ਉਹ ਮੁਕਾਮ ਸੀ ਜਿੱਥੋਂ ਉਸਦੇ ਸੁਪਨੇ ਨੇ ਉਡਾਣ ਭਰੀ। ਉਸ ਨੇ ਪੰਜਾਬ ਇੰਜੀਨੀਅਰਿੰਗ ਦਾਖਲਾ ਟੈਸਟ ਵਿੱਚ ਟੌਪ ਕਰਕੇ ਸਾਬਤ ਕਰ ਦਿੱਤਾ ਕਿ ਉੱਚੀ ਉਡਾਣ ਭਰਨ ਲਈ ਖੰਭਾਂ ਨੂੰ ਤੋਲ ਰਿਹਾ ਹੈ। ਕਾਲਜ ਦੀ ਜ਼ਿੰਦਗੀ ਵੀ ਅਸਾਨ ਨਹੀਂ ਸੀ। ਕਾਲਜ ਦੀ ਫੀਸ ਅਤੇ ਖਰਚੇ ਪੂਰੇ ਕਰਨ ਲਈ ਉਸ ਨੂੰ ਸਵੇਰੇ ਅਖ਼ਬਾਰ ਵੰਡਣਾ, ਦੁਪਹਿਰ ਨੂੰ ਐਸਟੀਡੀ ਪੀਸੀਓ ’ਚ ਕੰਮ ਕਰਨਾ ਪੈਂਦਾ ਸੀ। ਕਈ ਵਾਰੀ ਰਕਤਦਾਨ ਕਰਕੇ ਕੋਰਸ ਵਾਸਤੇ ਲੋੜੀਂਦੀ ਸਮੱਗਰੀ ਖਰੀਦੀ। ਰਾਤਾਂ ਨੂੰ ਜਾਗ ਜਾਗ ਕੇ ਪੜ੍ਹਦਾ ਤੇ ਸੱਚਮੁੱਚ ਖੂਨ ਪਸੀਨਾ ਇੱਕ ਕਰ ਦਿੰਦਾ।
ਡਿਗਰੀ ਲੈਣ ਉਪਰੰਤ ਉਸਨੂੰ ਰਿਲਾਇੰਸ ਇੰਡਸਟਰੀਜ਼ (ਗੁਜਰਾਤ) ਵਿਚ ਅਸੀਸਟੈਂਟ ਇੰਜੀਨੀਅਰ ਦੀ ਨੌਕਰੀ ਮਿਲੀ ਅਤੇ ਸੀਮੇਨਸ (ਜਰਮਨੀ) ਵੱਲੋਂ ਵੀ ਆਫਰ ਆਇਆ। ਪਰ ਉਸਦਾ ਦਿਲ ਆਪਣੇ ਪਿੰਡ ਅਤੇ ਪੰਜਾਬ ਨਾਲ ਜੁੜਿਆ ਰਹਿੰਦਾ। ਉਹ ਪੰਜਾਬ ਵਾਪਸ ਆਇਆ ਅਤੇ ਇੱਕ ਸਕੂਲ ਵਿੱਚ ਗਣਿਤ ਦਾ ਅਧਿਆਪਕ ਬਣ ਗਿਆ, ਜਿੱਥੇ ਉਹ ਸਿਰਫ ₹450 ਮਹੀਨਾ ਕਮਾਉਂਦਾ ਸੀ। ਫਿਰ ਉਸ ਨੇ ਆਪਣਾ ਕੋਚਿੰਗ ਇੰਸਟੀਚਿਊਟ ਖੋਲ੍ਹਿਆ।
ਉਸਦੀ ਰਹਿਨੁਮਾਈ ਹੇਠ ਸੈਂਕੜੇ ਵਿਦਿਆਰਥੀਆਂ ਨੇ ਸਰਕਾਰੀ ਅਤੇ ਪ੍ਰਾਈਵੇਟ ਨੌਕਰੀਆਂ ਹਾਸਲ ਕੀਤੀਆਂ। ਆਪ ਦੇ ਜੀਵਨ ਦਾ ਮਨੋਰਥ ਉੱਚ ਯੋਗਤਾ ਪ੍ਰਾਪਤ ਕਰ ਚੁੱਕੇ ਵਿਦਿਆਰਥੀਆਂ ਨੂੰ ਉੱਚ ਅਹੁਦਿਆਂ ਤੱਕ ਪੁੱਜਦਾ ਕਰਨਾ ਹੈ। ਉਸ ਦੀ ਮਿਹਨਤ ਨੇ ਕਈਆਂ ਦੇ ਜੀਵਨ ਨੂੰ ਸ਼ਿੰਗਾਰਿਆ ਤੇ ਸੰਵਾਰਿਆ ਹੈ। ਆਪ ਦੇ ਜੀਵਨ ਸੰਘਰਸ਼ ਤੋਂ ਪ੍ਰੇਰਨਾ ਲੈ ਕੇ ਕਈ ਵਿਦਿਆਰਥੀ ਮੁਕਾਬਲੇ ਦੀਆਂ ਪ੍ਰੀਖਿਆਵਾਂ ਵੀ ਪਾਸ ਕਰਕੇ ਸ਼ਾਨਦਾਰ ਪ੍ਰਾਪਤੀਆਂ ਕਰ ਰਹੇ ਹਨ।
ਉਸ ਦੇ ਜੀਵਨ ਦੀ ਅਸਲੀ ਉਡਾਣ ਉਦੋਂ ਸ਼ੁਰੂ ਹੋਈ ਜਦੋਂ ਉਸਨੇ ਡਾਇਰੈਕਟਰ ਜਨਰਲ ਆਫ਼ ਸਿਵਲ ਐਵੀਏਸ਼ਨ ਦਾ ਇਮਤਿਹਾਨ ਪਾਸ ਕਰਕੇ ਏਅਰ ਇੰਡੀਆ ਵਿੱਚ ਸੈਵਨ ਏ ਸੈਵਨ ਜਹਾਜ਼ਾਂ ਦੇ ਇੰਜਨੀਅਰ ਵਜੋਂ ਨੌਕਰੀ ਸ਼ੁਰੂ ਕੀਤੀ। ਉਹ ਇੱਕ ਲਾਈਸੈਂਸਿਡ ਏਅਰ ਕਰਾਫਟ ਮੇਨਟੇਨੈਂਸ ਇੰਜਨੀਅਰ (ਏ ਐਮ ਈ) ਬਣਨ ਵਿੱਚ ਸਫ਼ਲ ਹੋਇਆ ਤਾਂ ਉਸ ਦੀ ਕਲਾ ਦੀਆਂ ਉਡਾਰੀਆਂ ਹੋਰ ਉੱਚੀਆਂ ਹੋ ਗਈਆਂ। 28 ਫਰਵਰੀ, 2006 ਨੂੰ ਉਹ ਏਅਰ ਇੰਡੀਆ ਵਿੱਚ ਬਤੌਰ ਇੰਜਨੀਅਰ ਭਰਤੀ ਹੋ ਗਿਆ।
ਅੱਜ ਕੱਲ ਉਹ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਨਵੀਂ ਦਿੱਲੀ ਵਿੱਚ ਆਪਣੀਆਂ ਸ਼ਾਨਦਾਰ ਸੇਵਾਵਾਂ ਨਿਭਾ ਰਿਹਾ ਹੈ। ਜਿੱਥੇ ਉਹ ਹਜ਼ਾਰਾਂ ਯਾਤਰੀਆਂ ਦੀ ਜਾਨ ਦੀ ਜ਼ਿੰਮੇਵਾਰੀ ਲੈ ਕੇ ਜਹਾਜ਼ਾਂ ਦੀ ਸੁਰੱਖਿਆ ਅਤੇ ਉਡਾਣ ਯੋਗਤਾ ਨੂੰ ਯਕੀਨੀ ਬਣਾਉਂਦਾ ਹੈ। ਨੰਗੇ ਪੈਰੀਂ ਚੱਲਣ ਵਾਲਾ ਬੱਬਲੀ ਰਾਣਾ ਅੱਜ ਜਹਾਜ਼ਾਂ ਦੇ ਤਕਨੀਕੀ ਨੁਕਸ ਕੱਢਦਾ ਹੈ ਅਤੇ ਯਾਤਰੀਆਂ ਦੀ ਸੁਰੱਖਿਅਤ ਉਡਾਣ ਕਰਵਾਉਣ ਵਿੱਚ ਆਪਣੀ ਵਿਲੱਖਣ ਕਲਾ ਦਾ ਇਸਤੇਮਾਲ ਕਰਦਾ ਹੈ।
ਉਸਨੇ ਆਪਣੀ ਪਤਨੀ ਮੰਜੂ ਨਾਲ ਰਲ਼ ਕੇ ਆਪਣੀਆਂ ਦੋ ਬੇਟੀਆਂ ਅਤੇ ਦੋ ਬੇਟਿਆਂ ਨੂੰ ਵੀ ਇੰਜੀਨੀਅਰਿੰਗ ਦੇ ਖੇਤਰ ਵਿੱਚ ਕਾਮਯਾਬ ਕੀਤਾ। ਬੇਟੀ ਸਿਮਰਨਦੀਪ ਰਾਣਾ ਬੀਟੈਕ, ਐਮਬੀਏ ਵਿਚ ਟੌਪਰ ਰਹਿ ਕੇ ਅਮਰੀਕਾ ਵਿੱਚ ਸ਼ਾਨਦਾਰ ਕਾਰਜ ਕਰ ਰਹੀ ਹੈ। ਦੂਸਰੀ ਬੇਟੀ ਅਰਸ਼ਦੀਪ ਸੋਫਟਵੇਅਰ ਇੰਜੀਨੀਅਰਿੰਗ ਦੇ ਨਾਲ ਐਮਬੀਏ ਕਰ ਚੁੱਕੀ। ਬੇਟਾ ਸੂਰਜ ਰਾਣਾ ਮੈਕੈਨੀਕਲ ਇੰਜੀਨੀਅਰਿੰਗ ਦੇ ਨਾਲ ਨਾਲ ਗਾਇਕੀ ਵੀ ਕਰਦਾ ਹੈ। ਸ਼ੁਭਮ ਰਾਣਾ ਵੀ ਅਮਰੀਕਾ ਵਿੱਚ ਇੰਜੀਨੀਅਰ ਹੈ। ਇਸ ਤਰ੍ਹਾਂ ਇਹ ਸਾਰਾ ਪਰਿਵਾਰ ਹੀ ਇੰਜਨੀਅਰਾਂ ਦਾ ਪਰਿਵਾਰ ਬਣ ਕੇ ਦੇਸ਼ ਵਿਦੇਸ਼ ਵਿੱਚ ਸ਼ਾਨਦਾਰ ਪੈੜਾਂ ਪਾ ਰਿਹਾ ਹੈ।
ਚੱਬੇਵਾਲ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਪਿਤਾ ਮਹਿੰਦਰ ਸਿੰਘ ਅਤੇ ਮਾਤਾ ਸ਼ਾਂਤੀ ਦੇਵੀ ਦੀ ਕੁੱਖ ਨੂੰ 2 ਮਈ, 1977 ਨੂੰ ਭਾਗ ਲਾਏ। ਮਾਪਿਆਂ ਨੇ ਇਮਾਨਦਾਰੀ ਦੀਆਂ ਕਿਰਤ ਕਮਾਈਆਂ ਨਾਲ ਉਸ ਅੰਦਰ ਅਜਿਹੀ ਸ਼ਕਤੀ ਭਰੀ ਕਿ ਉਸਨੇ ਕਦੀ ਪਿੱਛੇ ਮੁੜ ਕੇ ਨਹੀਂ ਦੇਖਿਆ। ਉਸ ਨੂੰ ਹਮੇਸ਼ਾ ਖੁੱਲੇ ਅੰਬਰੀਂ ਉੱਚੀਆਂ ਉਡਾਰੀਆਂ ਮਾਰਨ ਦਾ ਚਾਅ ਚੜ੍ਹਿਆ ਰਿਹਾ।
ਇਹ ਉਡਾਰੀਆਂ ਮਾਰਨ ਵਾਸਤੇ ਉਸ ਨੂੰ ਖੰਭ ਗੁਰੂ ਨਾਨਕ ਪਬਲਿਕ ਸਕੂਲ ਚੱਬੇਵਾਲ ਦੇ ਨੇਕ ਦਿਲ ਪ੍ਰਿੰਸੀਪਲ ਨਿਰਮਲ ਸਿੰਘ ਅਤੇ ਮੈਡਮ ਸੁਰਜੀਤ ਕੌਰ ਲਹਿਲੀ ਕਲਾਂ ਨੇ ਪ੍ਰਦਾਨ ਕੀਤੇ। ਬਬਲੀ ਰਾਣਾ ਦਾ ਖਿਆਲ ਹੈ ਕਿ ਮਾਪਿਆਂ ਤੋਂ ਬਾਅਦ ਜੇ ਸਾਡੇ ਜੀਵਨ ਨੂੰ ਸੰਵਾਰਨ ਤੇ ਸ਼ਿੰਗਾਰਨ ਵਿੱਚ ਸਭ ਤੋਂ ਵੱਡਾ ਯੋਗਦਾਨ ਹੈ ਤਾਂ ਉਹ ਸਾਡੇ ਅਧਿਆਪਕਾਂ ਦਾ ਹੈ। ਇਸ ਲਈ ਉਹ ਆਪਣੇ ਅਧਿਆਪਕਾਂ ਦਾ ਜ਼ਿਕਰ ਵਾਰ-ਵਾਰ ਕਰਦੇ ਹਨ।
ਜੀਵਨ ਦੇ ਸ਼ੁਰੂ ਵਿੱਚ ਜਾਗਰਿਤੀ ਕਲਾ ਮੰਚ ਬਣਾ ਕੇ ਅਨੇਕਾਂ ਨਾਟਕਾਂ ਰਾਹੀਂ ਲੋਕਾਂ ਨੂੰ ਸੁਚੇਤ ਕੀਤਾ। ਇਸੇ ਤਰ੍ਹਾਂ ਉਪੇਰੇ ਦੇ ਬਾਨੀ ਜੋਗਿੰਦਰ ਬਾਹਰਲਾ ਦੀ ਯਾਦ ਵਿੱਚ ਵੀ ਅਨੇਕਾਂ ਨਾਟਕ ਖੇਡੇ ਅਤੇ ਉਹਨਾਂ ਦੀ ਸੰਗਤ ਮਾਣੀ। ਮੌਤ ਦਰ ਮੌਤ ਅਤੇ ਮੈਨੂੰ ਜਿਉਣ ਦਿਓ ਆਦਿ ਨਾਟਕਾਂ ਨੂੰ ਦਰਸ਼ਕਾਂ ਦਾ ਭਰਪੂਰ ਹੁੰਗਾਰਾ ਮਿਲਿਆ। ਕਟਕ ਉੜੀਸਾ ਵਿਖੇ ਹੋਈ ਥੀਏਟਰ ਓਲੰਪਿਕਸ 1996 ਵਿੱਚ ਉਸ ਨੂੰ ਬੈਸਟ ਐਕਟਰ ਦੇ ਅਵਾਰਡ ਨਾਲ ਨਿਵਾਜਿਆ ਗਿਆ।
ਉੱਘੇ ਡਾਇਰੈਕਟਰ ਅਸ਼ੋਕ ਪੁਰੀ , ਐਕਟਰ ਨੀਟੂ ਪੰਧੇਰ ,ਸਟੇਟ ਅਵਾਰਡੀ ਟੀਚਰ ਅਤੇ ਲੇਖਕ ਅਵਤਾਰ ਲੰਗੇਰੀ ਨਾਲ ਮਿਲ ਕੇ ਵੀ ਅਨੇਕਾਂ ਨਾਟਕਾਂ ਦਾ ਮੰਚਨ ਕੀਤਾ ਅਤੇ ਕੁਝ ਟੀਵੀ ਲੜੀਵਾਰਾਂ ਵਿੱਚ ਵੀ ਆਪਣੀ ਸ਼ਾਨਦਾਰ ਭੂਮਿਕਾਵਾਂ ਨਿਭਾਈਆਂ। ਇਸ ਤਰ੍ਹਾਂ ਉਹ ਇੱਕ ਬਹੁਪੱਖੀ ਅਦਾਕਾਰ ਅਤੇ ਸਫ਼ਲ ਇੰਜਨੀਅਰ ਬਣ ਜਾਂਦਾ ਹੈ। ਉਸ ਅੰਦਰ ਇਨਸਾਨੀਅਤ ਦਾ ਜਜ਼ਬਾ ਠਾਠਾ ਮਾਰ ਰਿਹਾ ਹੈ । ਇਸ ਕਰਕੇ ਉਹ ਲੋੜਵੰਦ ਲੋਕਾਂ ਨੂੰ ਹਮੇਸ਼ਾ ਪ੍ਰੇਰਿਤ ਕਰਨ ਲਈ ਯਤਨਸ਼ੀਲ ਰਹਿੰਦਾ ਹੈ। ਉਸ ਦਾ ਕਹਿਣਾ ਹੈ ਕਿ ਅਸੀਂ ਗਿਆਨ ਦੀ ਸ਼ਕਤੀ ਨਾਲ ਹੀ ਜੀਵਨ ਨੂੰ ਸੰਵਾਰ ਸਕਦੇ ਹਾਂ।
ਸਰਕਾਰੀ ਪੋਲੀਟੈਕਨਿਕ ਕਾਲਜ ਤੋਂ ਬਾਅਦ ਪੀਟੀਯੂ ਤੋਂ ਇੰਜਨੀਰਿੰਗ ਦੀ ਡਿਗਰੀ ਪ੍ਰਾਪਤ ਕਰਨ ਉਪਰੰਤ ਉਸ ਨੇ ਆਪਣੇ ਜੀਵਨ ਦਾ ਸੰਘਰਸ਼ ਆਰੰਭ ਕੀਤਾ ਤਾਂ ਸ਼ਾਨਦਾਰ ਪ੍ਰਾਪਤੀਆਂ ਦੇ ਮੀਲ ਪੱਥਰ ਗੱਡਣੇ ਆਰੰਭ ਕੀਤੇ। ਆਪਣੀ ਮਿਹਨਤ ਅਤੇ ਨਿਵੇਕਲੀ ਕਲਾ ਸਦਕਾ ਉਹ ਦੁਨੀਆਂ ਦੇ ਅਮਰੀਕਾ ,ਇੰਗਲੈਂਡ, ਕਨੇਡਾ, ਦੁਬਈ, ਸਵਿਟਜ਼ਰਲੈਂਡ ,ਆਸਟਰੇਲੀਆ, ਨਿਊਜ਼ੀਲੈਂਡ ਅਤੇ ਫਰਾਂਸ ਵਰਗੇ ਦੇਸ਼ਾਂ ਵਿੱਚ ਵੀ ਜਾ ਚੁੱਕਾ ਹੈ। ਅੱਜ ਕੱਲ ਉਹ ਨਵੇਂ ਇੰਜਨੀਅਰਾਂ ਨੂੰ ਤਕਨੀਕੀ ਜੁਗਤਾਂ ਸਿਖਾਉਂਦਾ ਹੋਇਆ ਵੱਡੇ ਜਹਾਜ਼ਾਂ ਦੀ ਇੰਜਨੀਰਿੰਗ ਵੀ ਸਿਖਾ ਰਿਹਾ ਹੈ।
ਪੰਜਾਬ ਦੀਆਂ ਵੱਕਾਰੀ ਸੰਸਥਾਵਾਂ ਤੋਂ ਇਲਾਵਾ ਕੈਲੀਫੋਰਨੀਆ ਅਮਰੀਕਾ ਵਿੱਚ ਪੰਜਾਬੀ ਸੁਮਿਟ 2024 ਮੌਕੇ ਤੇ ਉਸ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਬਬਲੀ ਰਾਣਾ ਦਾ ਕਹਿਣਾ ਹੈ ਕਿ ਜੇਕਰ ਆਦਮੀ ਨਿਸ਼ਚਾ ਕਰ ਲਵੇ ਤਾਂ ਪਹਾੜ ਵੀ ਉਸ ਅੱਗੇ ਝੁਕ ਜਾਂਦੇ ਹਨ। ਇਸ ਲਈ ਹਰ ਵਿਦਿਆਰਥੀ ਨੂੰ ਦ੍ਰਿੜ ਨਿਸ਼ਚਾ ਕਰਕੇ ਮਿਹਨਤ ਕਰਨੀ ਚਾਹੀਦੀ ਹੈ ਫਿਰ ਮੰਜ਼ਿਲ ਕਦੀ ਦੂਰ ਨਹੀਂ ਰਹਿੰਦੀ। ਸਾਡੀ ਨਵੀਂ ਪਨੀਰੀ ਨੂੰ ਉਹਨਾਂ ਦੇ ਜੀਵਨ ਸੰਘਰਸ਼ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ।
