ਫਿਲੌਰ ਨੇੜੇ ਮਾਰਬਲ ਤੇ ਟਾਈਲਾਂ ਨਾਲ ਲੱਦੀ ਪਿਕਅੱਪ ਵੈਨ ਪਲਟੀ, ਤਿੰਨ ਮੌਤਾਂ

ਫਗਵਾੜਾ, 8 ਜੁਲਾਈ- ਮਾਰਬਲ ਤੇ ਟਾਈਲਾਂ ਨਾਲ ਲੱਦੀ ਪਿਕਅੱਪ ਵੈਨ ਦੇ ਅੱਜ ਸਵੇਰੇ ਫਿਲੌਰ ਹਾਈਵੇਅ ’ਤੇ ਸ਼ਹਿਨਾਈ ਰਿਜ਼ੌਰਟ ਨੇੜੇ ਪਲਟਣ ਕਰਕੇ ਤਿੰਨ ਜਣਿਆਂ ਦੀ ਮੌਤ ਹੋ ਗਈ ਜਦੋਂਕਿ ਤਿੰਨ ਹੋਰ ਗੰਭੀਰ ਜ਼ਖ਼ਮੀ ਹੋ ਗਏ। ਹਾਦਸਾ ਸਵੇਰੇ ਸਾਢੇ ਅੱਠ ਵਜੇ ਦੇ ਕਰੀਬ ਵਾਪਰਿਆ। ਤੇਜ਼ ਰਫ਼ਤਾਰ ਪਿਕਅੱਪ ਟਰੱਕ ਬੇਕਾਬੂ ਹੋ ਕੇ ਸੜਕ ’ਤੇ ਟੋਏ ਨਾਲ ਟਕਰਾਉਣ ਮਗਰੋਂ ਪਲਟ ਗਿਆ।

 ਪੰਜਾਬ ਪੁਲੀਸ ਦੀ ਸੜਕ ਸੁਰੱਖਿਆ ਫੋਰਸ (SSF) ਮੁਤਾਬਕ ਹਾਦਸੇ ਮੌਕੇ ਪਿਕਅੱਪ ਵੈਨ ਵਿਚ ਛੇ ਵਿਅਕਤੀ ਸਵਾਰ ਸਨ। ਇਨ੍ਹਾਂ ਵਿਚੋਂ ਕੁਝ ਲੇਬਰ ਦੇ ਬੰਦੇ ਵਾਹਨ ਦੀ ਛੱਤ ’ਤੇ ਬੈਠੇ ਸਨ। ਹਾਦਸਾ ਇੰਨਾ ਭਿਆਨਕ ਸੀ ਕਿ ਵੈਨ ਵਿਚ ਲੱਦਿਆ ਭਾਰੀ ਮਾਰਬਲ ਤੇ ਟਾਈਲਾਂ ਛੱਤ ’ਤੇ ਬੈਠੇ ਲੇਬਰ ਦੇ ਬੰਦਿਆਂ ’ਤੇ ਜਾ ਡਿੱਗਿਆ, ਜਿਸ ਕਰਕੇ ਉਨ੍ਹਾਂ ਦੇ ਗੰਭੀਰ ਸੱਟਾਂ ਲੱਗੀਆਂ। ਦੋ ਜਣਿਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂਕਿ ਤੀਜੇ ਨੇ ਹਸਪਤਾਲ ਵਿਚ ਇਲਾਜ ਦੌਰਾਨ ਦਮ ਤੋੜ ਦਿੱਤਾ। 
ਮੌਕੇ ’ਤੇ ਸਭ ਤੋਂ ਪਹਿਲਾਂ ਪੁੱਜੀ ਐੱਸਐੈੱਸਐੱਫ ਦੀ ਟੀਮ ਨੇ ਤਿੰਨ ਜ਼ਖ਼ਮੀਆਂ ਨੂੰ ਨੇੜਲੇ ਹਸਪਤਾਲ ਦਾਖ਼ਲ ਕਰਵਾਇਆ। ਚੌਥੇ ਜ਼ਖ਼ਮੀ ਨੂੰ 108 ਐਮਰਜੈਂਸੀ ਐਂਬੂਲੈਂਸ ’ਤੇ ਲਿਜਾਇਆ ਗਿਆ, ਪਰ ਮਗਰੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਹੁਣ ਤੱਕ ਕਿਸੇ ਵੀ ਪੀੜਤ ਦੀ ਪਛਾਣ ਨਹੀਂ ਹੋਈ।
ਹਾਦਸੇ ਵਿਚ ਵਾਲ ਵਾਲ ਬਚੇ ਵਾਹਨ ਦੇ ਡਰਾਈਵਰ ਨੇ ਦੱਸਿਆ ਕਿ ਰਿਜ਼ੌਰਟ ਨੇੜੇ ਅਚਾਨਕ ਸਪੀਡ ਬ੍ਰੇਕਰ ਆਉਣ ਕਰਕੇ ਟਰੱਕ ਬੇਕਾਬੂ ਹੋ ਗਿਆ। 
ਉਸ ਨੇ ਪੁਸ਼ਟੀ ਕੀਤੀ ਕਿ ਪਿਕਅੱਪ ਵੈਨ ’ਤੇ ਸੱਤ ਵਿਅਕਤੀ ਸਵਾਰ ਸਨ। ਫਿਲੌਰ ਪੁਲੀਸ ਨੇ ਹਾਦਸੇ ਦੇ ਕਾਰਨਾਂ ਦਾ ਪਤਾ ਲਾਉਣ ਲਈ ਜਾਂਚ ਵਿੱਢ ਦਿੱਤੀ ਹੈ। ਉਂਝ ਮੁੱਢਲੀ ਤਫ਼ਤੀਸ਼ ਵਿਚ ਹਾਦਸੇ ਦਾ ਕਾਰਨ ਵਾਹਨ ਵਿਚ ਸਮਰੱਥਾ ਨਾਲੋਂ ਵੱਧ ਭਾਰ ਲੱਦਣ ਤੇ ਤੇਜ਼ ਰਫ਼ਤਾਰ ਨੂੰ ਮੰਨਿਆ ਜਾ ਰਿਹਾ ਹੈ।