ਵੈਟਨਰੀ ਯੂਨੀਵਰਸਿਟੀ ਨੇ ਅਗਾਂਹਵਧੂ ਮੱਛੀ ਪਾਲਕਾਂ ਦੀ ਮੀਟਿੰਗ ਦਾ ਕੀਤਾ ਆਯੋਜਨ

ਲੁਧਿਆਣਾ 28 ਅਗਸਤ 2024- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਫ਼ਿਸਰੀਜ਼ ਕਾਲਜ ਵਿਖੇ ਪੰਜਾਬ ਦੇ ਅਗਾਂਹਵਧੂ ਮੱਛੀ ਪਾਲਕਾਂ ਦੀ ਇਨੋਵੇਟਿਵ ਫਿਸ਼ ਫਾਰਮਰ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਦਾ ਆਯੋਜਨ ਕੀਤਾ ਗਿਆ। ਡਾ. ਵਨੀਤ ਇੰਦਰ ਕੌਰ, ਐਸੋਸੀਏਸ਼ਨ ਸੰਯੋਜਕ ਨੇ ਦੱਸਿਆ ਕਿ ਮੀਟਿੰਗ ਦੌਰਾਨ ਮੱਛੀ ਪਾਲਕਾਂ ਨੂੰ ਮੌਨਸੂਨ ਦੀ ਬਦਲਵੀਂ ਰੁੱਤ ਦੌਰਾਨ ਵਧੇਰੇ ਉਤਪਾਦਨ ਲੈਣ ਲਈ ਵਧੀਆ ਪ੍ਰਬੰਧਨ ਨੁਕਤਿਆਂ ਬਾਰੇ ਜਾਣਕਾਰੀ ਦਿੱਤੀ ਗਈ।

          ਕਾਲਜ ਦੇ ਵਿਗਿਆਨੀਆਂ ਡਾ. ਐਸ ਐਨ ਦੱਤਾ ਅਤੇ ਡਾ. ਅਮਿਤ ਮੰਡਲ ਨੇ ਤਕਨੀਕੀ ਸੈਸ਼ਨਾਂ ਦਾ ਸੰਯੋਜਨ ਕੀਤਾ ਅਤੇ ਵਿਭਿੰਨ ਕਿਸਮ ਦੀਆਂ ਮੱਛੀਆਂ ਪਾਲਣ, ਕੁਦਰਤੀ ਖੁਰਾਕ, ਮੌਸਮ ਅਨੁਕੂਲ ਤਕਨਾਲੋਜੀਆਂ ਅਤੇ ਕਿਸਾਨਾਂ ਦਾ ਗਿਆਨ ਵਧਾਉਣ ਦੇ ਨੁਕਤਿਆਂ ਸੰਬੰਧੀ ਚਰਚਾ ਕੀਤੀ।

          ਜਥੇਬੰਦੀ ਦੇ ਪ੍ਰਧਾਨ, ਸ. ਰਣਜੋਧ ਸਿੰਘ ਅਤੇ ਉਪ-ਪ੍ਰਧਾਨ, ਸ. ਜਸਵੀਰ ਸਿੰਘ ਨੇ ਜਥੇਬੰਦੀ ਦੀਆਂ ਵਿਭਿੰਨ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਅਤੇ ਮੱਛੀ ਪਾਲਕਾਂ ਨੂੰ ਆਉਂਦੀਆਂ ਚੁਣੌਤੀਆਂ ਬਾਰੇ ਦੱਸਿਆ ਜਿਸ ਸੰਬੰਧੀ ਮਾਹਿਰਾਂ ਨੇ ਢੁੱਕਵੀਆਂ ਰਾਂਵਾਂ ਦਿੱਤੀਆਂ। ਡਾ. ਮੀਰਾ ਡੀ ਆਂਸਲ, ਡੀਨ, ਕਾਲਜ ਆਫ ਫ਼ਿਸ਼ਰੀਜ਼ ਨੇ ਦੱਸਿਆ ਕਿ ਇਹ ਜਥੇਬੰਦੀ ਮੱਛੀ ਪਾਲਕਾਂ ਦੀ ਸਮਰੱਥਾ ਉਸਾਰੀ, ਤਕਨੀਕੀ ਮਾਰਗਦਰਸ਼ਨ ਅਤੇ ਸਲਾਹਕਾਰੀ ਲਈ ਬਹੁਤ ਅਹਿਮ ਭੂਮਿਕਾ ਅਦਾ ਕਰ ਰਹੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਵਾਰ ਸਤੰਬਰ ਦੇ ਪਸ਼ੂ ਪਾਲਣ ਮੇਲੇ ਵਿਚ ਮੱਛੀ ਪਾਲਕਾਂ ਨੂੰ ਮੇਲੇ ਦੇ ਨਾਅਰੇ ਨਾਲ ਸੰਬੰਧਿਤ ਗਿਆਨ ਦਿੰਦਿਆਂ ਗੁਣਵੱਤਾ ਭਰਪੂਰ ਉਤਪਾਦ ਬਨਾਉਣ ਸੰਬੰਧੀ ਸਿੱਖਿਅਤ ਕੀਤਾ ਜਾਏਗਾ। ਮੱਛੀ ਖ਼ਪਤ ਦੇ ਗੁਣ ਦੱਸਦਿਆਂ ਇਸ ਦੀ ਖ਼ਪਤ ਵਧਾਉਣ ਸੰਬੰਧੀ ਵੀ ਉਤਸ਼ਾਹਿਤ ਕੀਤਾ ਜਾਵੇਗਾ।

          ਮੀਟਿੰਗ ਦੌਰਾਨ ਅਜਿਹੀਆਂ ਭਵਿੱਖੀ ਮੀਟਿੰਗਾਂ ਵੱਖ-ਵੱਖ ਜ਼ਿਲ੍ਹਿਆਂ ਵਿਚ ਆਯੋਜਿਤ ਕੀਤੇ ਜਾਣ ਦੇ ਵਿਚਾਰ ਨੂੰ ਵੀ ਪ੍ਰਵਾਨਗੀ ਦਿੱਤੀ ਗਈ। ਡਾ. ਪਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ ਨੇ ਕਿਹਾ ਕਿ ਅਜਿਹੇ ਉਪਰਾਲਿਆਂ ਨਾਲ ਮੱਛੀ ਪਾਲਕਾਂ ਦਾ ਘੇਰਾ ਵਧੇਗਾ ਅਤੇ ਹੋਰ ਭਾਈਵਾਲ ਧਿਰਾਂ ਨੂੰ ਇਸ ਨਾਲ ਜੋੜਿਆ ਜਾ ਸਕੇਗਾ।

ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਕਿਹਾ ਕਿ ਯੂਨੀਵਰਸਿਟੀ ਲਗਾਤਾਰ ਪਸ਼ੂਧਨ ਖੇਤਰ ਨੂੰ ਸੁਦ੍ਰਿੜ ਕਰਨ ਲਈ ਕੰਮ ਕਰ ਰਹੀ ਹੈ ਇਸ ਲਈ ਪਸ਼ੂ ਪਾਲਕਾਂ ਅਤੇ ਮੱਛੀ ਪਾਲਕਾਂ ਨੂੰ ਨਵੀਂ ਤਕਨਾਲੋਜੀ ਅਤੇ ਸਮਰੱਥਾ ਵਿਕਾਸ ਉਪਰਾਲਿਆਂ ਨਾਲ ਜੋੜਿਆ ਜਾ ਰਿਹਾ ਹੈ।