ਸੁਖਦੇਵ ਕੌਰ ਚਮਕ ਦੀ ਸਿਰਜਣਾ ਮਨੋਰੰਜਕ ਅਤੇ ਸਿੱਖਿਆਦਾਇਕ ਹੈ- ਅਸ਼ੋਕ ਪੁਰੀ

ਮਾਹਿਲਪੁਰ - ਪੰਜਾਬੀ ਦੀ ਉੱਘੀ ਕਵਿਤਰੀ ਸੁਖਦੇਵ ਕੌਰ ਚਮਕ ਦੀ ਸਿਰਜਣਾ ਜਿੱਥੇ ਮਨੋਰੰਜਕ ਹੈ ਉਥੇ ਸਿੱਖਿਆਦਾਇਕ ਵੀ ਹੈ l ਇਹ ਵਿਚਾਰ ਫਿਲਮ ਐਕਟਰ ਅਤੇ ਡਾਇਰੈਕਟਰ ਅਸ਼ੋਕ ਪੁਰੀ ਨੇ 'ਸੁਖਦੇਵ ਕੌਰ ਚਮਕ ਦੇ ਰਚਨਾ ਸੰਸਾਰ' ਤੇ ਹੋਈ ਵਿਚਾਰ ਗੋਸ਼ਟੀ ਨੂੰ ਸੰਬੋਧਨ ਕਰਦਿਆਂ ਆਖੇ l

ਮਾਹਿਲਪੁਰ - ਪੰਜਾਬੀ ਦੀ ਉੱਘੀ ਕਵਿਤਰੀ ਸੁਖਦੇਵ ਕੌਰ ਚਮਕ ਦੀ ਸਿਰਜਣਾ ਜਿੱਥੇ ਮਨੋਰੰਜਕ ਹੈ ਉਥੇ ਸਿੱਖਿਆਦਾਇਕ ਵੀ ਹੈ l ਇਹ ਵਿਚਾਰ ਫਿਲਮ ਐਕਟਰ ਅਤੇ ਡਾਇਰੈਕਟਰ ਅਸ਼ੋਕ ਪੁਰੀ ਨੇ 'ਸੁਖਦੇਵ ਕੌਰ ਚਮਕ ਦੇ ਰਚਨਾ ਸੰਸਾਰ' ਤੇ ਹੋਈ ਵਿਚਾਰ ਗੋਸ਼ਟੀ ਨੂੰ ਸੰਬੋਧਨ ਕਰਦਿਆਂ ਆਖੇ l ਉਹਨਾਂ ਅੱਗੇ ਕਿਹਾ ਕਿ ਚਮਕ ਨੇ ਆਪਣੇ ਜੀਵਨ ਕਾਲ ਵਿੱਚ ਦੋ ਦਰਜਨ ਤੋਂ ਵੱਧ ਪੁਸਤਕਾਂ ਦੀ ਸਿਰਜਣਾ ਕਰਕੇ ਸਾਹਿਤ ਜਗਤ ਵਿੱਚ ਆਪਣਾ ਇੱਕ ਵੱਖਰਾ ਮੁਕਾਮ ਸਿਰਜਿਆ ਹੈ। ਉਹ ਇੱਕੋ ਵੇਲੇ ਸਫਲ ਕਵਿਤਰੀ ਅਤੇ ਵਾਰਤਕਾਰ ਹਨ l 
ਨਿੱਕੀਆਂ ਕਰੂੰਬਲਾਂ ਪ੍ਰਕਾਸ਼ਨ ਵੱਲੋਂ ਆਯੋਜਿਤ ਕੀਤੀ ਇਸ ਗੋਸ਼ਟੀ ਵਿੱਚ ਬਾਲ ਸਾਹਿਤ ਲੇਖਕ ਬਲਜਿੰਦਰ ਮਾਨ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਚਮਕ ਨੇ ਆਪਣੇ ਜੀਵਨ ਵਿੱਚ ਬੱਚਿਆਂ ਲਈ ਵੀ ਬੜੀਆਂ ਕੀਮਤੀ ਰਚਨਾਵਾਂ ਰਚੀਆਂ ਹਨ। ਉਨਾਂ ਦੁਆਰਾ ਲਿਖੀਆਂ ਕਵਿਤਾਵਾਂ ਨੂੰ ਬਾਲ ਪਾਠਕ ਬੜੀ ਚਾਹਤ ਨਾਲ ਪੜ੍ਹਦੇ ਅਤੇ ਸੁਣਦੇ ਹਨ। ਉਹ ਰੇਡੀਓ ਟੀਵੀ ਦੀ ਵੀ ਮਾਹਰ ਕਵਿਤਰੀ ਹੈ। ਇਸ ਮੌਕੇ ਮੈਡਮ ਕਮਲੇਸ਼ ਸੂਦ ਨੇ ਕਿਹਾ ਕਿ ਇਸਤਰੀ ਵਰਗ ਦੀ ਪ੍ਰਤਿਨਿਤਾ ਕਰਨ ਵਾਲੀ ਉਹ ਜ਼ਿਲਾ ਹੁਸ਼ਿਆਰਪੁਰ ਦੀ ਪ੍ਰਸਿੱਧ ਕਵਿਤਰੀ ਹੈ l ਉਸਨੇ ਸਿੱਖਿਆ ਵਿਭਾਗ ਵਿੱਚ ਵੀ ਸੰਦਲੀ ਪੈੜਾਂ ਪਾ ਕੇ ਚੰਗਾ ਨਾਮਨਾ ਕਮਾਇਆ ਹੈ l ਉਸਦੀਆਂ ਧਾਰਮਿਕ ਪੁਸਤਕਾਂ ਨੂੰ ਸਿੱਖ ਜਗਤ ਵਿੱਚ ਬੜਾ ਮਾਣ ਸਨਮਾਨ ਮਿਲਿਆ ਹੈ। ਸੁਖਦੇਵ ਕੌਰ ਚਮਕ ਨੇ ਆਪਣੀਆਂ ਤਾਜ਼ੀਆਂ ਕਵਿਤਾਵਾਂ ਪੇਸ਼ ਕੀਤੀਆਂ l 
ਉਹਨਾਂ ਕਿਹਾ ਕਿ ਜੋ ਵੀ ਕਾਰਜ ਕੀਤਾ ਹੈ ਉਹ ਉਸ ਪਰਮਾਤਮਾ ਦੀ ਕਿਰਪਾ ਸਦਕਾ ਹੀ ਸੰਭਵ ਹੋ ਸਕਿਆ ਹੈ। ਇਸ ਲਈ ਹਰ ਇਨਸਾਨ ਨੂੰ ਪਰਮਾਤਮਾ ਦੀ ਰਜ਼ਾ ਵਿੱਚ ਰਹਿਣਾ ਚਾਹੀਦਾ ਹੈl ਇਸ ਵਿਚਾਰ ਗੋਸ਼ਟੀ ਵਿੱਚ ਹੋਰਨਾਂ ਤੋਂ ਇਲਾਵਾ ਸੁਖਮਨ ਸਿੰਘ, ਬੱਗਾ ਸਿੰਘ ਆਰਟਿਸਟ, ਪ੍ਰਿੰ. ਮਨਜੀਤ ਕੌਰ, ਕੁਲਦੀਪ ਕੌਰ ਬੈਂਸ, ਹਰਮਨਪ੍ਰੀਤ ਕੌਰ, ਹਰਵੀਰ ਮਾਨ ਅਤੇ ਅਮਰਜੋਤ ਕੌਰ ਨੇ ਆਪਣੇ ਵਿਚਾਰ ਪ੍ਰਗਟ ਕੀਤੇ l ਅੰਤ ਵਿੱਚ ਸਭ ਦਾ ਧੰਨਵਾਦ ਕੰਵਲਜੀਤ ਸਿੰਘ ਵੱਲੋਂ ਕੀਤਾ ਗਿਆ।