ਖਾਲਸਾ ਕਾਲਜ ਮਾਹਿਲਪੁਰ ਦੇ ਪਹਿਲੇ ਬੈਚ ਦੇ ਵਿਦਿਆਰਥੀ ਪਰਿਵਾਰ ਸਮੇਤ ਕਾਲਜ ਪੁੱਜੇ
ਮਾਹਿਲਪੁਰ,6 ਜੂਨ - 1946 ਤੋਂ ਸਥਾਪਿਤ ਹੋਏ ਇਥੋਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਪਹਿਲੇ ਬੈਚ ਦੇ ਵਿਦਿਆਰਥੀ ਅਵਤਾਰ ਸਿੰਘ ਢਿੱਲੋ ਸਾਬਕਾ ਡੀਐਸਪੀ (ਕੈਨੇਡਾ) ਅੱਜ ਪਰਿਵਾਰ ਸਮੇਤ ਕਾਲਜ ਪੁੱਜੇ ਜਿੱਥੇ ਕਾਲਜ ਦੇ ਪ੍ਰਿੰਸੀਪਲ ਡਾ ਪਰਵਿੰਦਰ ਸਿੰਘ ਵੱਲੋਂ ਅਵਤਾਰ ਸਿੰਘ ਢਿੱਲੋਂ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਦਾ ਸਵਾਗਤ ਕੀਤਾ ਗਿਆ।

ਇਸ ਮੌਕੇ ਗੱਲ ਕਰਦਿਆਂ ਅਵਤਾਰ ਸਿੰਘ ਢਿੱਲੋ ਨੇ ਦੱਸਿਆ ਕਿ ਉਹ ਕਾਲਜ ਦੇ ਸਭ ਤੋਂ ਪਹਿਲੇ ਬੈਚ ਦੇ ਗ੍ਰੈਜੂਏਸ਼ਨ ਪਾਸ ਵਿਦਿਆਰਥੀ ਹਨ ਅਤੇ ਉਨ੍ਹਾਂ ਦੇ ਮਨ ਵਿੱਚ ਪਿਛਲੇ ਕਈ ਸਾਲਾਂ ਤੋਂ ਇਹ ਵਿਚਾਰ ਸੀ ਕਿ ਉਹ ਖਾਲਸਾ ਕਾਲਜ ਮਾਹਿਲਪੁਰ ਵਿਖੇ ਪੁੱਜ ਕੇ ਆਪਣੇ ਵਿਦਿਆਰਥੀ ਜੀਵਨ ਨਾਲ ਜੁੜੀਆਂ ਯਾਦਾਂ ਨੂੰ ਤਾਜ਼ਾ ਕਰਨਗੇ। ਉਨ੍ਹਾਂ ਦੱਸਿਆ ਕਿ ਉਹ ਪਿੰਡ ਹਕੂਮਤਪੁਰ ਤੋਂ ਰੋਜ਼ਾਨਾ ਕਾਲਜ ਪੜ੍ਹਨ ਲਈ ਆਉਂਦੇ ਸਨ ਜਿਥੋਂ ਮਿਲੀ ਸਿੱਖਿਆ ਕਰਕੇ ਹੀ ਉਨ੍ਹਾਂ ਨੇ ਪੰਜਾਬ ਪੁਲੀਸ ਵਿੱਚ ਡੀਐਸਪੀ ਦੀ ਨੌਕਰੀ ਕੀਤੀ ਅਤੇ ਸੇਵਾ ਮੁਕਤੀ ਉਪਰੰਤ ਕੈਨੇਡਾ ਚਲੇ ਗਏ।
ਉਨ੍ਹਾਂ ਕਿਹਾ ਕਿ ਅੱਜ ਕਾਲਜ ਵਿਖੇ ਪੁੱਜ ਕੇ ਉਹ ਆਪਣੇ ਆਪ ਨੂੰ ਮੁੜ ਉਸੇ ਵਿਦਿਆਰਥੀ ਜੀਵਨ ਵਿੱਚ ਮਹਿਸੂਸ ਕਰ ਰਹੇ ਹਨ। ਉਨ੍ਹਾਂ ਇਸ ਮੌਕੇ ਕਾਲਜ ਦੇ ਬਾਨੀ ਪ੍ਰਿੰਸੀਪਲ ਹਰਭਜਨ ਸਿੰਘ ਸਮੇਤ ਕਾਲਜ ਨੂੰ ਵਿੱਤੀ ਮਦਦ ਕਰਨ ਵਾਲੇ ਇਲਾਕੇ ਦੇ ਸਹਿਯੋਗੀ ਸੱਜਣਾਂ ਅਤੇ ਉਸ ਸਮੇਂ ਦੇ ਸਟਾਫ ਅਤੇ ਵਿਦਿਆਰਥੀਆਂ ਬਾਰੇ ਭਾਵਪੂਰਤ ਗੱਲਾਂ ਕੀਤੀਆਂ। ਉਨ੍ਹਾਂ ਆਉਣ ਵਾਲੇ ਸਮੇਂ ਵਿੱਚ ਕਾਲਜ ਨੂੰ ਵਿੱਤੀ ਮਦਦ ਦਾ ਭਰੋਸਾ ਵੀ ਦਿੱਤਾ। ਇਸ ਮੌਕੇ ਪ੍ਰਿੰਸੀਪਲ ਡਾ ਪਰਵਿੰਦਰ ਸਿੰਘ ਨੇ ਆਏ ਮਹਿਮਾਨਾਂ ਨਾਲ ਕਾਲਜ ਦੀ ਮੌਜੂਦਾ ਸਥਿਤੀ ਬਾਰੇ ਗੱਲਬਾਤ ਕੀਤੀ ਅਤੇ ਕਾਲਜ ਵਿੱਚ ਚੱਲ ਰਹੇ ਵੱਖ ਵੱਖ ਕੋਰਸਾਂ ਦੀ ਜਾਣਕਾਰੀ ਦਿੱਤੀ।
ਉਨ੍ਹਾਂ ਵਿਦਿਆਰਥੀਆਂ ਦੀਆਂ ਅਕਾਦਮਿਕ, ਖੇਡਾਂ ਅਤੇ ਸੱਭਿਆਚਾਰਕ ਖੇਤਰ ਦੀਆਂ ਪ੍ਰਾਪਤੀਆਂ ਬਾਰੇ ਵੀ ਵਿਚਾਰ ਰੱਖੇ। ਇਸ ਮੌਕੇ ਅਵਤਾਰ ਸਿੰਘ ਢਿੱਲੋ ਦੇ ਪਰਿਵਾਰਿਕ ਮੈਂਬਰਾਂ ਵਿੱਚ ਸ਼੍ਰੀਮਤੀ ਅਨੁਰਾਗ ਢਿੱਲੋਂ, ਇਕਬਾਲ ਸਿੰਘ ਕਨੇਡਾ,ਹਰਦੇਵ ਸਿੰਘ ਅਤੇ ਪ੍ਰੋਫੈਸਰ ਸਿਮਰਨਜੀਤ ਕੌਰ ਤੋਂ ਇਲਾਵਾ ਕਾਲਜ ਦੇ ਦਫ਼ਤਰੀ ਸਟਾਫ ਤੋਂ ਰਣਜੀਤ ਸਿੰਘ ਰਾਣਾ ਤੇ ਗੁਰਪ੍ਰੀਤ ਸਿੰਘ ਵੀ ਹਾਜ਼ਰ ਸਨ।