ਸਰਕਾਰੀ ਪੋਲਟੈਕਨਿਕ ਕਾਲਜ ਖੂਨੀ ਮਾਜਰਾ ਵਿਖੇ ਵੋਟਰ ਪੰਜੀਕਰਨ ਅਤੇ ਜਾਗਰੂਕਤਾ ਕੈਂਪ ਆਯੋਜਿਤ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 28 ਅਗਸਤ:- ਵਿਸ਼ੇਸ਼ ਗਹਿਰੀ ਸੁਧਾਈ ਤਹਿਤ ਵੱਧ ਤੋਂ ਵੱਧ ਯੋਗ ਨੌਜਵਾਨਾਂ ਨੂੰ ਵੋਟਰ ਸੂਚੀ ਵਿੱਚ ਸ਼ਾਮਲ ਕਰਨ ਦੇ ਉਦੇਸ਼ ਨਾਲ ਸਰਕਾਰੀ ਪੋਲਟੈਕਨਿਕ ਕਾਲਜ, ਖੂਨੀ ਮਾਜਰਾ ਵਿਖੇ ਵੋਟਰ ਪੰਜੀਕਰਨ ਅਤੇ ਜਾਗਰੂਕਤਾ ਕੈਂਪ ਆਯੋਜਿਤ ਕੀਤਾ ਗਿਆ।
ਇਹ ਕੈਂਪ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਕੋਮਲ ਮਿੱਤਲ ਦੀ ਯੋਗ ਅਗਵਾਈ ਅਤੇ ਦਿਸ਼ਾ-ਨਿਰਦੇਸ਼ਾਂ ਤਹਿਤ ਕਾਲਜ ਦੀ ਪ੍ਰਿੰਸੀਪਲ ਸ੍ਰੀਮਤੀ ਰਕਸ਼ਾ ਕਿਰਨ ਦੀ ਅਗਵਾਈ ਹੇਠ ਲਗਾਇਆ ਗਿਆ।
ਕੈਂਪ ਦੌਰਾਨ ਜ਼ਿਲ੍ਹਾ ਨੋਡਲ ਅਫ਼ਸਰ, ਸਵੀਪ ਪ੍ਰੋਫੈਸਰ ਗੁਰਬਖ਼ਸ਼ੀ ਸਿੰਘ ਅੰਟਾਲ ਅਤੇ ਕਾਲਜ ਦੇ ਸਿਵਲ ਇੰਜੀਨੀਅਰਿੰਗ ਵਿਭਾਗ ਦੇ ਅਫ਼ਸਰ ਇੰਚਾਰਜ ਵੱਲੋਂ ਵਿਦਿਆਰਥੀਆਂ ਨੂੰ ਵੋਟਰ ਪੰਜੀਕਰਨ ਦੀ ਮਹੱਤਤਾ ਅਤੇ ਲੋਕਤੰਤਰ ਵਿੱਚ ਨੌਜਵਾਨਾਂ ਦੀ ਭਾਗੀਦਾਰੀ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਵਿਦਿਆਰਥੀਆਂ ਨੂੰ ਈ ਸੀ ਆਈ ਨੈੱਟ ਅਤੇ ਵੋਟਰਜ਼ ਡੋਟ ਈਸੀਆਈ ਡੋਟ ਜੀਓਵੀ ਡੋਟ ਇਨ (voters.eci.gov.in) ਸਮੇਤ ਹੋਰ ਆਨਲਾਈਨ ਮਾਧਿਅਮਾਂ ਰਾਹੀਂ ਵੋਟਰ ਵਜੋਂ ਰਜਿਸਟ੍ਰੇਸ਼ਨ ਕਰਨ ਦੀ ਪ੍ਰਕਿਰਿਆ ਬਾਰੇ ਵੀ ਵਿਸਥਾਰਪੂਰਵਕ ਜਾਣੂ ਕਰਵਾਇਆ ਗਿਆ।
ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਦੱਸਿਆ ਗਿਆ ਕਿ ਜਿਨ੍ਹਾਂ ਦੀ ਉਮਰ ਯੋਗਤਾ ਮਿਤੀ 1 ਅਕਤੂਬਰ, 2026 ਤੱਕ 18 ਸਾਲ ਜਾਂ ਇਸ ਤੋਂ ਵੱਧ ਹੋ ਚੁੱਕੀ ਹੈ, ਉਹ ਆਪਣਾ ਨਾਮ ਵੋਟਰ ਸੂਚੀ ਵਿੱਚ ਦਰਜ ਕਰਵਾਉਣ ਲਈ ਜ਼ਰੂਰ ਅਪਲਾਈ ਕਰਨ ਅਤੇ ਆਪਣੇ ਵੋਟ ਦੇ ਅਧਿਕਾਰ ਦੀ ਜ਼ਿੰਮੇਵਾਰੀ ਨਾਲ ਵਰਤੋਂ ਕਰਨ।
ਕੈਂਪ ਵਿੱਚ ਕੁੱਲ 248 ਵਿਦਿਆਰਥੀਆਂ ਨੇ ਭਾਗ ਲਿਆ, ਜਿਨ੍ਹਾਂ ਵਿੱਚੋਂ 128 ਵਿਦਿਆਰਥੀ ਵੋਟਰ ਵਜੋਂ ਪੰਜੀਕਰਨ ਲਈ ਯੋਗ ਪਾਏ ਗਏ। ਯੋਗ ਵਿਦਿਆਰਥੀਆਂ ਨੂੰ ਮੌਕੇ 'ਤੇ ਹੀ ਆਨਲਾਈਨ ਪੰਜੀਕਰਨ ਦੀ ਪ੍ਰਕਿਰਿਆ ਸਬੰਧੀ ਮਾਰਗਦਰਸ਼ਨ ਦਿੱਤਾ ਗਿਆ ਅਤੇ ਉਨ੍ਹਾਂ ਨੂੰ ਆਪਣਾ ਨਾਮ ਵੋਟਰ ਸੂਚੀ ਵਿੱਚ ਦਰਜ ਕਰਵਾਉਣ ਲਈ ਪ੍ਰੇਰਿਤ ਕੀਤਾ ਗਿਆ।
ਇਸ ਮੌਕੇ ਕਾਲਜ ਦੀ ਪ੍ਰਿੰਸੀਪਲ ਸ੍ਰੀਮਤੀ ਰਕਸ਼ਾ ਕਿਰਨ ਨੇ ਵਿਦਿਆਰਥੀਆਂ ਨੂੰ ਲੋਕਤੰਤਰਿਕ ਪ੍ਰਕਿਰਿਆ ਵਿੱਚ ਸਰਗਰਮ ਭਾਗੀਦਾਰੀ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਵੋਟ ਸਿਰਫ਼ ਇੱਕ ਅਧਿਕਾਰ ਹੀ ਨਹੀਂ, ਸਗੋਂ ਹਰੇਕ ਨਾਗਰਿਕ ਦੀ ਮਹੱਤਵਪੂਰਨ ਲੋਕਤੰਤਰਿਕ ਜ਼ਿੰਮੇਵਾਰੀ ਵੀ ਹੈ।
ਉਨ੍ਹਾਂ ਦੱਸਿਆ ਕਿ ਵਿਸ਼ੇਸ਼ ਗਹਿਰੀ ਸੁਧਾਈ ਦੌਰਾਨ ਜ਼ਿਲ੍ਹੇ ਦੇ ਸਮੂਹ ਤਕਨੀਕੀ ਸਿੱਖਿਆ ਸੰਸਥਾਨਾਂ, ਜਿਨ੍ਹਾਂ ਵਿੱਚ ਇੰਜੀਨੀਅਰਿੰਗ ਕਾਲਜ, ਪੋਲਟੈਕਨਿਕ ਕਾਲਜ, ਆਈ.ਟੀ.ਆਈਜ਼ ਅਤੇ ਫਾਰਮੇਸੀ ਕਾਲਜ ਸ਼ਾਮਲ ਹਨ, ਵਿੱਚ ਵੱਖ-ਵੱਖ ਮੌਕਿਆਂ 'ਤੇ ਵੋਟਰ ਪੰਜੀਕਰਨ ਅਤੇ ਜਾਗਰੂਕਤਾ ਕੈਂਪ ਲਗਾਏ ਜਾਣਗੇ, ਤਾਂ ਜੋ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਵੱਧ ਤੋਂ ਵੱਧ ਯੋਗ ਵਿਦਿਆਰਥੀਆਂ ਨੂੰ ਵੋਟਰ ਸੂਚੀ ਵਿੱਚ ਸ਼ਾਮਲ ਕੀਤਾ ਜਾ ਸਕੇ।
ਕੈਂਪ ਦੌਰਾਨ ਅਪਲਾਈਡ ਸਾਇੰਸਿਜ਼ ਵਿਭਾਗ ਦੀ ਮੁਖੀ ਸ੍ਰੀਮਤੀ ਕਵਿਤਾ ਸਿੰਘ, ਮਕੈਨੀਕਲ ਵਿਭਾਗ ਦੇ ਮੁਖੀ ਸ੍ਰੀ ਸੰਜੀਵ ਜਿੰਦਲ ਅਤੇ ਸ੍ਰੀ ਕੁਲਦੀਪ ਰਾਏ ਸਮੇਤ ਕਾਲਜ ਦੇ ਸਟਾਫ਼ ਮੈਂਬਰਾਂ ਨੇ ਵੀ ਵਿਸ਼ੇਸ਼ ਤੌਰ 'ਤੇ ਭਾਗ ਲਿਆ ਅਤੇ ਵਿਦਿਆਰਥੀਆਂ ਨੂੰ ਵੋਟਰ ਪੰਜੀਕਰਨ ਲਈ ਉਤਸ਼ਾਹਿਤ ਕੀਤਾ।
ਜ਼ਿਲ੍ਹਾ ਪ੍ਰਸ਼ਾਸਨ ਨੇ ਜ਼ਿਲ੍ਹੇ ਦੇ ਸਮੂਹ ਯੋਗ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਲੋਕਤੰਤਰ ਨੂੰ ਹੋਰ ਮਜ਼ਬੂਤ ਬਣਾਉਣ ਲਈ ਆਪਣਾ ਨਾਮ ਵੋਟਰ ਸੂਚੀ ਵਿੱਚ ਦਰਜ ਕਰਵਾਉਣ ਅਤੇ ਆਪਣੇ ਵੋਟ ਦੇ ਅਧਿਕਾਰ ਦੀ ਜ਼ਿੰਮੇਵਾਰੀ ਨਾਲ ਵਰਤੋਂ ਕਰਨ।
