ਕੇਂਦਰੀ ਜੇਲ੍ਹ ਚ ਭੈਣਾਂ ਨੇ ਵੀਰਾਂ ਨੂੰ ਰੱਖੜੀ ਬੰਨ੍ਹ ਕੇ ਮਨਾਇਆ ਰੱਖੜੀ ਦਾ ਤਿਓਹਾਰ

ਹੁਸ਼ਿਆਰਪੁਰ:- ਸਥਾਨਕ ਕੇਂਦਰੀ ਜੇਲ੍ਹ ਵਿੱਚ ਰੱਖੜੀ ਦੇ ਤਿਉਹਾਰ ਮੌਕੇ ਜੇਲ੍ਹ ਪ੍ਰਸ਼ਾਸਨ ਵੱਲੋਂ ਅੱਜ ਕੈਦੀਆਂ ਤੇ ਹਵਾਲਾਤੀਆਂ ਲਈ ਵਿਸ਼ੇਸ਼ ਇੰਤਜ਼ਾਮ ਕੀਤੇ ਗਏ ਸਨ। ਇਸ ਮੌਕੇ ਭੈਣਾਂ ਨੇ ਆਪਣੇ ਭਰਾਵਾਂ ਨੂੰ ਰੱਖੜੀ ਬੰਨ੍ਹੀ ਅਤੇ ਲੰਮੀ ਉਮਰ ਲਈ ਅਰਦਾਸ-ਬੇਨਤੀ ਕਰਦਿਆਂ  ਤਿਉਹਾਰ ਨੂੰ ਭਾਵੁਕ ਅਤੇ ਪਰਿਵਾਰਕ ਮਾਹੌਲ ਵਿਚ ਮਨਾਇਆ ਗਿਆ।
ਜੇਲ ਪ੍ਰਸ਼ਾਸਨ ਵੱਲੋਂ 224 ਬੰਦੀਆਂ ਦੇ ਕਰੀਬ 500 ਮੈਂਬਰਾਂ ਲਈ ਵਿਸ਼ੇਸ਼ ਮੁਲਾਕਾਤ ਦਾ ਪ੍ਰਬੰਧ ਕੀਤਾ ਗਿਆ, ਜਿਸ ਦੌਰਾਨ ਭੈਣਾਂ ਨੇ ਆਪਣੇ ਭਰਾਵਾਂ ਦੇ ਗੁੱਟ ’ਤੇ ਰੱਖੜੀ ਬੰਨ੍ਹ ਕੇ ਤਿਉਹਾਰ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ।
ਇਸ ਮੌਕੇ ਮੁਲਾਕਾਤ ਦੌਰਾਨ ਭੈਣਾਂ ਨੇ ਆਪਣੇ ਭਰਾਵਾਂ ਨੂੰ ਭਾਵਨਾਤਮਕ ਤੌਰ ‘ਤੇ ਪ੍ਰੇਰਿਆ ਕਿ ਉਹ ਸਮਾਜ ਦੀ ਮੁੱਖ ਧਾਰਾ ਵਿੱਚ ਵਾਪਸ ਆਉਣ ਅਤੇ ਜੇਲ੍ਹ ਤੋਂ ਰਿਹਾਈ ਤੋਂ ਬਾਅਦ ਜ਼ਿੰਮੇਵਾਰ ਨਾਗਰਿਕਾਂ ਵਜੋਂ ਰਹਿਣ। ਉਨ੍ਹਾਂ ਕਿਹਾ ਕਿ ਰੱਖੜੀ ਦਾ ਤਿਉਹਾਰ ਭੈਣ-ਭਰਾ ਦੇ ਸਦੀਵੀ ਅਤੇ ਪਵਿੱਤਰ ਰਿਸ਼ਤੇ ਦਾ ਗਹਿਰਾ ਅਹਿਸਾਸ ਕਰਵਾਉਂਦਾ ਹੈ ਅਤੇ ਰੱਖੜੀ ਭੈਣ-ਭਰਾ ਦੀ ਅਟੁੱਟ ਸਾਂਝ ਦਾ ਪ੍ਰਗਟਾਵਾ ਕਰਦੀ ਹੈ।
ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ, ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਅਤੇ ਏ.ਡੀ.ਜੀ.ਪੀ. ਜੇਲਾਂ ਆਰ. ਕੇ. ਜਾਇਸਵਾਲ  ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਕੇਂਦਰੀ ਜੇਲ੍ਹ ਵਿਖੇ ਵਿਸ਼ੇਸ਼ ਇੰਤਜ਼ਾਮ ਕੀਤੇ ਗਏ ਸਨ ਤਾਂ ਜੋ ਸੰਬੰਧਤ ਪਰਿਵਾਰ ਰੱਖੜੀ ਦਾ ਤਿਉਹਾਰ ਪੂਰੇ ਉਤਸ਼ਾਹ ਨਾਲ ਮਨਾ ਸਕਣ। ਇਸ ਸਬੰਧੀ ਸੁਪਰਡੰਟ ਐਚ.ਐਸ. ਗਿੱਲ ਨੇ ਕੈਦੀਆਂ ਨੂੰ ਰੱਖੜੀ ਤਿਉਹਾਰ ਦੀਆਂ ਮੁਬਾਰਕਾਂ ਦਿੱਤੀਆਂ ਜਿਨ੍ਹਾਂ ਵਿਚ ਮਰਦ ਅਤੇ ਔਰਤਾਂ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਬੰਦੀਆਂ ਨੂੰ ਅਨੁਸ਼ਾਸਨ ਵਿਚ ਰਹਿਣ ਅਤੇ ਜਦੋਂ ਉਹ ਸਜ਼ਾ ਕੱਟ ਕੇ ਵਾਪਸ ਜਾਂਦੇ ਹਨ ਤਾਂ ਉਹ ਸਮਾਜ ਵਿਚ ਚੰਗਾ ਜੀਵਨ ਬਤੀਤ ਕਰਨ ਲਈ ਪ੍ਰੇਰਿਤ ਕੀਤਾ ਗਿਆ। 
ਜੇਲ੍ਹ ਸੁਪਰਡੈਂਟ ਨੇ ਉਨ੍ਹਾਂ ਨੂੰ ਪ੍ਰੇਰਿਤ ਕੀਤਾ ਕਿ ਆਪਣੇ ਸਮਾਜਿਕ ਜੀਵਨ ਵਿਚ ਰਹਿਣ-ਸਹਿਣ ਅਤੇ ਸਜ਼ਾ ਕੱਟਣ ਉਪਰੰਤ ਕਿਸ ਤਰ੍ਹਾਂ ਆਪਣਾ ਜੀਵਨ ਬਤੀਤ ਕਰਨ ਅਤੇ ਜੀਵਨ ਵਿਚ ਸਾਕਾਰਤਮਕ ਰਵੱਈਆ ਰੱਖਣਾ ਹੈ। ਬੁਰਾਈਆਂ ਨੂੰ ਤਿਆਗ ਕੇ ਕਿਸ ਤਰ੍ਹਾਂ ਆਪਣਾ ਜੀਵਨ ਜਿਉਣਾ ਹੈ ਅਤੇ ਇਕ ਆਮ ਨਾਗਰਿਕ ਦੀ ਤਰ੍ਹਾਂ ਕਿਸ ਤਰ੍ਹਾਂ ਜੀਵਨ ਨਿਰਬਾਹ ਕਰਨਾ ਹੈ।