ਖਾਲਸਾ ਕਾਲਜ ਮਾਹਿਲਪੁਰ ਵਿੱਚ ਤਿੰਨ ਰੋਜ਼ਾ ਪੁਸਤਕ ਅਤੇ ਕਲਾ ਉਤਸਵ

ਮਾਹਿਲਪੁਰ, 27 ਫਰਵਰੀ:- ਸਿੱਖ ਐਜੂਕੇਸ਼ਨਲ ਕੌਂਸਲ ਦੀ ਅਗਵਾਈ ਹੇਠ ਚੱਲ ਰਹੇ ਇੱਥੋਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਵਲੋਂ ਕਰਵਾਏ ਜਾ ਰਹੇ ਤਿੰਨ ਰੋਜ਼ਾ ਪੁਸਤਕ ਮੇਲਾ ਅਤੇ ਕਲਾ ਉਤਸਵ ਦੇ ਦੂਜੇ  ਦਿਨ ਵੱਖ ਵੱਖ ਸੈਸ਼ਨਾਂ ਵਿੱਚ ਭਖ਼ਵੀ ਵਿਚਾਰ ਚਰਚਾ, ਬਾਲ ਗਾਇਣ, ਵਿਦਿਆਰਥੀਆਂ ਦਾ ਸਨਮਾਨ, ਪੁਸਤਕ ਲੋਕ ਅਰਪਣ ਅਤੇ ਸਭਿਆਚਾਰਕ ਗਾਇਕੀ ਨੇ ਸਰੋਤਿਆਂ ਨੂੰ ਕੀਲ ਕੇ ਰੱਖਿਆ। ਦਿਨ ਦੀ ਸ਼ੁਰੂਆਤ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਵਲੋਂ ਸ਼ਬਦ ਗਾਇਣ ਨਾਲ ਹੋਈ। 
ਪਿ੍ਰੰਸੀਪਲ ਡਾ ਪਰਵਿੰਦਰ ਸਿੰਘ ਨੇ ਸਵਾਗਤੀ ਸ਼ਬਦ ਸਾਂਝੇ ਕਰਦਿਆਂ ਕਿਹਾ ਕਿ ਇਸ ਪੁਸਤਕ ਮੇਲੇ ਤੇ ਕਲਾ ਉਤਸਵ ਪ੍ਰਤੀ ਸਮਾਜ ਦੇ ਹਰ ਵਰਗ ਦਾ ਭਾਰੀ ਉਤਸ਼ਾਹ ਹੈ। ਇਸ ਮੌਕੇ ਪੰਜਾਬ ਕਲਾ ਪਰਿਸ਼ਦ ਦੇ ਸਹਿਯੋਗ ਨਾਲ ਉਲੀਕੇ ਦਿਨ ਦੇ ਪਹਿਲੇ ਸੈਸ਼ਨ ਵਿੱਚ ‘ਸੰਤਾਲੀ ਦੇ ਦੁਖਾਂਤ ਨਾਲ ਜੁੜੇ ਪੰਜਾਬੀ ਸਾਹਿਤ’ ਬਾਰੇ ਪੈਨਲ ਚਰਚਾ ਹੋਈ ਜਿਸ ਮੌਕੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪੈਨਲਿਸਟ ਡਾ ਯੋਗਰਾਜ ਨੇ ਸੂਤਰਧਾਰ ਵਜੋਂ ਸ਼ਿਰਕਤ ਕੀਤੀ। ਪੈਨਲ ਚਰਚਾ ਵਿੱਚ ਕਹਾਣੀਕਾਰ ਡਾ ਸਾਂਵਲ ਧਾਮੀ, ਅਜਮੇਰ ਸਿੱਧੂ ਅਤੇ ਭਗਵੰਤ ਰਸੂਲਪੁਰੀ ਨੇ ਹਿੱਸਾ ਲਿਆ ਤੇ ਸ਼ਾਇਰ ਸੁਰਿੰਦਰ ਸੀਹਰਾ (ਯੂ.ਕੇ.) ਨੇ ਸੈਸ਼ਨ ਦੀ ਪ੍ਰਧਾਨਗੀ ਕੀਤੀ। 
ਪੈਨਲ ਚਰਚਾ ਵਿੱਚ ਹਾਜ਼ਰ ਬੁਲਾਰਿਆਂ ਨੇ ਕਿਹਾ ਕਿ ਸੰਤਾਲੀ ਨਾਲ ਸਬੰਧਤ ਪੰਜਾਬੀ ਕਵਿਤਾ, ਕਹਾਣੀ ਅਤੇ ਨਾਵਲ ਵਿੱਚ ਹਮੇਸਾਂ ਮਾਨਵੀ ਜੀਵਨ ਮੁੱਲਾਂ ਦੀ ਪੇਸ਼ਕਾਰੀ ਰਹੀ ਹੈ ਜੋ ਕਿ ਪੰਜਾਬੀ ਸਾਹਿਤ ਦੇ ਲੋਕ ਪੱਖੀ ਸੁਭਾਅ ਦੀ ਸੂਚਕ ਹੈ। ਪ੍ਰਬੰਧਕਾਂ ਵਲੋਂ ਹਾਜ਼ਰ ਲੇਖਕਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਦਿਨ ਦੇ ਦੁਪਿਹਰ ਵਾਲੇ ਸੈਸ਼ਨ ਵਿੱਚ ਮੁੱਖ ਮਹਿਮਾਨ ਵਜੋਂ ਹਾਜ਼ਰ ਕਾਂਗਰਸੀ ਆਗੂ ਅਮਰਪ੍ਰੀਤ ਸਿੰਘ ਲਾਲੀ ਨੇ ਸ਼ਿਰਕਤ ਕੀਤੀ। ਉਨ੍ਹਾਂ ਵਿਦਿਆਰਥੀ ਜੀਵਨ ਨਾਲ ਜੁੜੀਆਂ ਯਾਦਾਂ ਸਾਂਝੀਆਂ ਕੀਤੀਆਂ ਅਤੇ ਸਿਰਜਣਾਤਮਿਕ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ। 
ਬਾਅਦ ਦੁਪਹਿਰ ਦੇ ਸੈਸ਼ਨ ਵਿੱਚ ਪੰਜਾਬ ਪਰਵਾਸ ਅਤੇ ਯੁਵਾ ਵਰਗ ਵਿਸ਼ੇ ‘ਤੇ ਹੋਈ ਪੈਨਲ ਚਰਚਾ ਵਿੱਚ ਰਿਟਾਇਰਡ ਆਈਪੀਐੱਸ ਅਫਸਰ ਗੁਰਪ੍ਰੀਤ ਸਿੰਘ ਤੂਰ, ਕੁਲਵੰਤ ਸਿੰਘ ਸੰਘਾ, ਦਲਜੀਤ ਸਿੰਘ ਸਹੋਤਾ ਅਤੇ ਲੇਖਕ ਐੱਸ ਅਸ਼ੋਕ ਭੌਰਾ ਨੇ ਹਿੱਸਾ ਲਿਆ। ਇਸ ਪੈਨਲ ਚਰਚਾ ਵਿੱਚ ਬੁਲਾਰਿਆਂ ਨੇ ਨੌਜਵਾਨਾਂ ਵਿੱਚ ਪਰਵਾਸ ਦੇ ਰੁਝਾਨ ਅਤੇ ਦਰਪੇਸ਼ ਚੁਣੌਤੀਆਂ ਦੇ ਹੱਲ ਬਾਰੇ ਗੰਭੀਰ ਵਿਚਾਰ ਰੱਖੇ।ਇਸ ਮੌਕੇ ਮੁੱਖ ਮਹਿਮਾਨ ਵਜੋਂ ਹਾਜ਼ਰ ਡਾ ਇਸ਼ਾਂਕ ਕੁਮਾਰ ਐੱਮਐੱਲਏ ਚੱਬੇਵਾਲ ਨੇ ਸ਼ਿਰਕਤ ਕੀਤੀ ਅਤੇ ਪ੍ਰਬੰਧਕਾਂ ਦੀ ਅਜਿਹੇ ਸਮਾਰੋਹਾਂ ਦੇ ਆਯੋਜਨ ਲਈ ਸ਼ਲਾਘਾ ਕੀਤੀ।
 ਉਨ੍ਹਾਂ ਆਪਣੇ ਅਖਤਿਆਰੀ ਫੰਡ ਵਿੱਚੋਂ ਪੰਜ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ। ਇਸ ਮੌਕੇ ਪਰਵਾਸੀ ਦਾਨੀ ਸੱਜਣ ਸੀਤਲ ਸਿੰਘ ਲੁੱਡੂ ਨੇ ਕਾਲਜ ਪ੍ਰਬੰਧਕਾਂ ਨੂੰ ਦੋ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਾ ਚੈੱਕ ਦਿੱਤਾ। ਪਿ੍ਰੰਸੀਪਲ ਹਰਭਜਨ ਸਿੰਘ ਸਪੋਰਟਿੰਗ ਟਰੱਸਟ ਕੈਨੇਡਾ ਦੇ ਸੰਚਾਲਕ ਦਲਜੀਤ ਸਿੰਘ ਬੈਂਸ ਨੇ ਕਾਲਜ ਦੇ ਵਿਕਾਸ ਕਾਰਜਾਂ ਲਈ ਇਕ ਲੱਖ ਅੱਸੀ ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ। ਇਸ ਮੌਕੇ ਹਾਜ਼ਰ ਗੁਰਜੀਤ ਸਿੰਘ ਪਾਬਲਾ ਨੇ ਦਸ ਹਜ਼ਾਰ ਅਤੇ ਪਿ੍ਰੰਸੀਪਲ ਸੁਰਜੀਤ ਸਿੰਘ ਨੇ ਵੀ ਗਿਆਰਾਂ ਹਜ਼ਾਰ ਦੀ ਰਾਸ਼ੀ ਭੇਟ ਕੀਤੀ। 
ਬਾਲ ਗਾਇਕੀ ਵਿੱਚ ਕਮਲਜੀਤ ਨੀਲੋਂ ਨੇ ਆਪਣੇ ਚਰਚਿਤ ਗੀਤਾਂ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ। ਪਿ੍ਰੰ. ਵਿਜੇ ਭੱਟੀ ਨੇ ਸੂਫੀ ਗਾਇਕੀ ਦੇ ਵੱਖ ਵੱਖ ਰੰਗ ਪੇਸ਼ ਕਰਦਿਆਂ ਇਸ ਕਲਾ ਉਤਸਵ ਨੂੰ ਸਿਖ਼ਰ ‘ਤੇ ਪੁਜਾ ਦਿੱਤਾ। ਮੰਚ ਦੀ ਕਾਰਵਾਈ ਡਾ ਦੇਵ ਕੁਮਾਰ, ਡਾ ਜੇ ਬੀ ਸੇਖੋਂ ਅਤੇ ਜਾ ਬਲਵੀਰ ਕੌਰ ਨੇ ਚਲਾਈ। ਸਮਾਰੋਹ ਮੌਕੇ ਕੌਂਸਲ ਦੇ ਸਕੱਤਰ ਪ੍ਰੋ ਅਪਿੰਦਰ ਸਿੰਘ, ਖਜਾਨਚੀ ਵੀਰਇੰਦਰ ਸ਼ਰਮਾ, ਸਰਪੰਚ ਕੁਲਵਿੰਦਰ ਸਿੰਘ ਭਾਰਟਾ, ਵਿੰਗ ਕਮਾਂਡਰ ਹਰਦੇਵ ਸਿੰਘ ਢਿਲੋਂ, ਸੇਵਕ ਸਿੰਘ ਬੈਂਸ,ਪ੍ਰੋ ਅਜੀਤ ਲੰਗੇਰੀ, ਨਵਤੇਜ ਗੜ੍ਹਦੀਵਾਲਾ, ਮਦਨ ਵੀਰਾ, ਰੇਸ਼ਮ ਬੇਧੜਕ ਨੇ ਸ਼ਿਰਕਤ ਕੀਤੀ।