ਇੰਜ਼ ਅੰਕਿਤ ਅਰੋੜਾ ਦੀ ਯਾਦ ਵਿੱਚ ਖੇਡ ਮੁਕਾਬਲੇ ਕਰਵਾਏ

ਪਟਿਆਲਾ, 29 ਅਗਸਤ:- ਇੰਜ਼. ਅੰਕਿਤ ਅਰੋੜਾ (ਪੁੱਤਰ ਸ਼੍ਰੀ ਵਿਜੇ ਅਰੋੜਾ ਅਤੇ ਅਲਕਾ ਅਰੋੜਾ) ਦੀ ਯਾਦ ਵਿੱਚ ਰਾਸ਼ਟਰੀ ਖੇਡ ਦਿਵਸ ਮੌਕੇ ਪੀਐਮ ਸ਼੍ਰੀ ਕੇਂਦਰੀ ਵਿਦਿਆਲਿਆ ਨੰਬਰ 1 ਪਟਿਆਲਾ ਵਿਖੇ ਪ੍ਰਿੰਸੀਪਲ ਸ਼੍ਰੀ ਅਰੁਣ ਕੁਮਾਰ ਦੀ ਅਗਵਾਈ ਹੇਠ 100 ਮੀਟਰ, 200 ਮੀਟਰ ਦੌੜਾਂ, ਤਿੰਨ ਪ੍ਰਕਾਰ ਦੀਆਂ ਫੰਨ ਖੇਡਾਂ ਅਤੇ ਪੇਂਟਿੰਗ ਮੁਕਾਬਲੇ ਕਰਵਾਏ ਗਏ।
ਅਲਕਾ ਅਰੋੜਾ ਨੇ ਦੱਸਿਆ ਕਿ ਇਸ ਵਾਰ 16 ਸਕੂਲਾਂ ਦੇ 190, 12 ਸਾਲ ਤੱਕ ਦੀ ਉਮਰ ਦੇ ਲੜਕਿਆਂ-ਲੜਕੀਆਂ ਨੇ ਪ੍ਰਦਰਸ਼ਨ ਕੀਤੇ। ਜਿਨ੍ਹਾਂ ਦੀ ਜੱਜਮੈਂਟ ਐਨਆਈਐਸ ਦੇ ਸਾਬਕਾ ਅੰਤਰਰਾਸ਼ਟਰੀ ਦੌੜਾਕ ਕੋਚ ਡਾਕਟਰ ਕਮਾਲ ਅਲੀ ਖਾਨ ਅਤੇ ਫਸਟ ਏਡ ਮਿਸ਼ਨ ਦੇ ਚੀਫ ਟ੍ਰੇਨਰ ਸ਼੍ਰੀ ਕਾਕਾ ਰਾਮ ਵਰਮਾ ਵੱਲੋਂ ਕੀਤੀ ਗਈ।
ਸ਼੍ਰੀ ਵਿਜੇ ਅਰੋੜਾ ਨੇ ਦੱਸਿਆ ਕਿ ਸਭ ਤੋਂ ਵੱਧ ਇਨਾਮ ਜਿੱਤਣ ’ਤੇ ਰਨਿੰਗ ਟਰਾਫੀਆਂ ਪਹਿਲੇ ਨੰਬਰ ’ਤੇ ਬੀਐਨ ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਦੂਜੇ ਨੰਬਰ ’ਤੇ ਪੀਐਮ ਸ਼੍ਰੀ ਕੇਂਦਰੀ ਵਿਦਿਆਲਿਆ ਨੰਬਰ 1 ਪਟਿਆਲਾ ਅਤੇ ਤੀਜੇ ਸਥਾਨ ’ਤੇ ਜੇਮਜ਼ ਪਬਲਿਕ ਸਕੂਲ ਪਟਿਆਲਾ ਨੂੰ ਦੇ ਕੇ ਸਨਮਾਨਿਤ ਕੀਤਾ ਗਿਆ। ਸਾਰੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਉਤਸ਼ਾਹਿਤ ਕੀਤਾ ਗਿਆ।
ਅੰਤਰਰਾਸ਼ਟਰੀ ਕੋਚ ਖਾਨ ਸਾਹਿਬ ਨੇ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਬੱਚਿਆਂ ਨੂੰ ਸਿਹਤ, ਤੰਦਰੁਸਤੀ, ਅਰੋਗਤਾ, ਤਾਕਤ, ਸ਼ਕਤੀਆਂ, ਸਬਰ, ਸ਼ਾਂਤੀ, ਨਿਮਰਤਾ ਅਤੇ ਅਨੁਸ਼ਾਸਨ ਦੇ ਗੁਣਾਂ ਦਾ ਗਿਆਨ ਦੇ ਕੇ ਇਨ੍ਹਾਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਿਡਾਰੀ ਬਣਾਇਆ ਜਾ ਸਕਦਾ ਹੈ। ਇਸ ਲਈ ਇਸ ਤਰ੍ਹਾਂ ਦੇ ਖੇਡ ਮੁਕਾਬਲੇ ਵਾਰ-ਵਾਰ ਕਰਵਾਏ ਜਾਣ।
ਪ੍ਰਿੰਸੀਪਲ ਅਤੇ ਵਾਈਸ ਪ੍ਰਿੰਸੀਪਲ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਮੁਕਾਬਲਿਆਂ ਰਾਹੀਂ ਬੱਚਿਆਂ ਨੂੰ ਨਸ਼ਿਆਂ, ਅਪਰਾਧਾਂ ਅਤੇ ਮਾੜੇ ਅਨਸਰਾਂ ਤੋਂ ਬਚਾਇਆ ਜਾ ਸਕਦਾ ਹੈ।