ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਪੈਰਾ ਲੀਗਲ ਵਲੰਟੀਅਰਾਂ ਦੀ ਚੋਣ ਲਈ ਅਰਜ਼ੀਆਂ ਦੀ ਮੰਗ
ਸੰਗਰੂਰ, 29 ਅਗਸਤ:- ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸੰਗਰੂਰ ਵੱਲੋਂ ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ, ਨਵੀਂ ਦਿੱਲੀ ਦੀ ਸੋਧੀ ਪੈਰਾ ਲੀਗਲ ਵਲੰਟੀਅਰ ਸਕੀਮ ਤਹਿਤ ਸਮਾਜ ਸੇਵਾ ਦੀ ਭਾਵਨਾ ਰੱਖਣ ਵਾਲੇ ਯੋਗ ਵਿਅਕਤੀਆਂ ਦੀ ਪੈਰਾ ਲੀਗਲ ਵਲੰਟੀਅਰ ਵਜੋਂ ਚੋਣ ਕੀਤੀ ਜਾ ਰਹੀ ਹੈ। ਇਸ ਸਬੰਧੀ ਅਥਾਰਟੀ ਵੱਲੋਂ ਜਾਰੀ ਨੋਟਿਸ ਵਿੱਚ ਜ਼ਿਲ੍ਹਾ ਸੰਗਰੂਰ ਦੇ ਸ਼ਹਿਰੀ ਅਤੇ ਪੇਂਡੂ ਖੇਤਰਾਂ ਦੇ ਵਸਨੀਕਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ।
ਜਾਣਕਾਰੀ ਅਨੁਸਾਰ ਘੱਟੋ-ਘੱਟ ਦਸਵੀਂ ਪਾਸ ਜਾਂ ਇਸ ਤੋਂ ਵੱਧ ਪੜ੍ਹੇ-ਲਿਖੇ ਅਤੇ ਸਮਾਜ ਸੇਵਾ ਵਿੱਚ ਦਿਲਚਸਪੀ ਰੱਖਣ ਵਾਲੇ ਵਿਅਕਤੀ ਇਸ ਲਈ ਅਪਲਾਈ ਕਰ ਸਕਦੇ ਹਨ। ਪੈਰਾ ਲੀਗਲ ਵਲੰਟੀਅਰਾਂ ਦੀ ਚੋਣ ਲਈ ਅਧਿਆਪਕਾਂ, ਸੇਵਾਮੁਕਤ ਅਧਿਆਪਕਾਂ, ਸੇਵਾਮੁਕਤ ਸਰਕਾਰੀ ਕਰਮਚਾਰੀਆਂ ਅਤੇ ਸੀਨੀਅਰ ਸਿਟੀਜ਼ਨਾਂ, ਐੱਮ.ਐੱਸ.ਡਬਲਿਊ. ਦੇ ਵਿਦਿਆਰਥੀਆਂ ਤੇ ਅਧਿਆਪਕਾਂ, ਆਂਗਣਵਾੜੀ ਵਰਕਰਾਂ, ਡਾਕਟਰਾਂ, ਵਿਦਿਆਰਥੀਆਂ ਅਤੇ ਕਾਨੂੰਨ ਦੇ ਵਿਦਿਆਰਥੀਆਂ ਤੋਂ ਇਲਾਵਾ ਗੈਰ-ਸਿਆਸੀ ਤੇ ਸਮਾਜ ਸੇਵਾ ਨੂੰ ਸਮਰਪਿਤ ਐੱਨ.ਜੀ.ਓਜ਼ ਅਤੇ ਕਲੱਬਾਂ ਦੇ ਮੈਂਬਰਾਂ ਨੂੰ ਵੀ ਯੋਗ ਮੰਨਿਆ ਗਿਆ ਹੈ।
ਇਸ ਤੋਂ ਇਲਾਵਾ ਮਹਿਲਾ ਨੇਬਰਹੁੱਡ ਗਰੁੱਪਾਂ ਅਤੇ ਹੋਰ ਸੈਲਫ ਹੈਲਪ ਗਰੁੱਪਾਂ, ਖਾਸ ਕਰਕੇ ਹਾਸ਼ੀਏ ’ਤੇ ਰਹਿੰਦੇ ਅਤੇ ਕਮਜ਼ੋਰ ਵਰਗਾਂ ਨਾਲ ਸਬੰਧਤ ਗਰੁੱਪਾਂ ਦੇ ਮੈਂਬਰਾਂ ਨੂੰ ਵੀ ਨਿਰਧਾਰਤ ਯੋਗਤਾਵਾਂ ਅਨੁਸਾਰ ਅਰਜ਼ੀ ਦੇਣ ਦਾ ਮੌਕਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਕੋਈ ਵੀ ਹੋਰ ਸਾਖਰ ਵਿਅਕਤੀ, ਤਰਜੀਹੀ ਤੌਰ ’ਤੇ ਮੈਟ੍ਰਿਕ ਪਾਸ, ਜੋ ਸਮਾਜ ਸੇਵਾ ਲਈ ਉਤਸ਼ਾਹਿਤ ਹੋਵੇ, ਵੀ ਅਪਲਾਈ ਕਰ ਸਕਦਾ ਹੈ।
ਚਾਹਵਾਨ ਉਮੀਦਵਾਰ ਨਿਰਧਾਰਤ ਪ੍ਰੋਫਾਰਮੇ ’ਤੇ ਆਪਣੀ ਦਰਖਾਸਤ 5 ਅਕਤੂਬਰ 2026 ਨੂੰ ਬਾਅਦ ਦੁਪਹਿਰ 4 ਵਜੇ ਤਕ ਦਫ਼ਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸਮਝੌਤਾ ਸਦਨ, ਸੰਗਰੂਰ ਵਿਖੇ ਜਮ੍ਹਾਂ ਕਰਵਾ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਲਿੰਕ https://sangrur.dcourts.gov.in/notice-category/recruitments/
ਦੀ ਵਰਤੋਂ ਕੀਤੀ ਜਾ ਸਕਦੀ ਹੈ।
