ਮਿਉਂਸਪਲ ਪਬਲਿਕ ਪਾਰਕ ਮੈਨਜਮੈਂਟ ਕਮੇਟੀ ਨਵਾਂਸਹਿਰ ਵਲੋ ਐਨ ਆਰ ਆਈ ਵੀਰਾਂ ਦਾ ਵਿਸ਼ੇਸ਼ ਸਨਮਾਨ
ਨਵਾਂਸ਼ਹਿਰ:- ਨਗਰ ਕੌਂਸਲ ਨਵਾਂਸ਼ਹਿਰ ਦੇ ਸਹਿਯੋਗ ਨਾਲ ਚਲ ਰਹੇ ਸਥਾਨਕ ਮਿਊਸਪਲ ਪਬਲਿਕ ਪਾਰਕ ਜੋ ਕਿ ਇਲਾਕੇ ਵਿੱਚ ਇੱਕ ਵਿਲੱਖਣ ਪਛਾਣ ਬਣਾ ਚੁੱਕਾ ਹੈ ਅਤੇ ਜਿਸ ਦੀ ਦੇਖ ਰੇਖ ਪਬਲਿਕ ਪਾਰਕ ਮੈਨੇਜਮੈਂਟ ਦੇ ਅਧੀਨ ਚਲ ਰਹੀ ਹੈ। ਇਸ ਪਾਰਕ ਦੀ ਸੇਵਾ ਸੰਭਾਲ ਲਈ ਸਮੇਂ ਸਮੇਂ ਤੇ ਤਨ ਮਨ ਧਨ ਨਾਲ ਯੋਗਦਾਨ ਪਾਉਣ ਵਾਲੇ ਐਨਆਰਆਈ ਵੀਰਾਂ ਵਿਚੋਂ ਉਹਨ ਸੱਜਣਾਂ ਦਾ ਅੱਜ ਵਿਸ਼ੇਸ਼ ਸਨਮਾਨ ਕੀਤਾ ਗਿਆ ਜੋ ਕਿ ਇੱਥੇ ਵਿਸ਼ੇਸ਼ ਤੌਰ ਤੇ ਆਏ ਹੋਏ ਸਨ।
ਇੱਕ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਜਿੱਥੇ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ਤੇ ਪਾਰਕ ਮੈਨੇਜਮੈਂਟ ਵਿੱਚ ਸੇਵਾ ਕਰਨ ਵਾਲੀਆਂ ਮਹਿਲਾਵਾਂ ਨੂੰ ਵਧਾਈ ਦਿੱਤੀ ਗਈ ਉੱਥੇ ਕਨੇਡਾ ਨਿਵਾਸੀ ਸ: ਕੁਲਵੀਰ ਸਿੰਘ ਗਰੇਵਾਲ, ਯੂਕੇ ਨਿਵਾਸੀ ਸ੍ਰੀ ਤਰਸੇਮ ਲਾਲ ਅਤੇ ਯੂਐਸਏ ਨਿਵਾਸੀ ਸਰਦਾਰ ਕੁਲਵਿੰਦਰ ਸਿੰਘ ਕੰਦੋਲਾ ਨੂੰ ਸਰੋਪੇ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਪਾਰਕ ਮੈਨੇਜਮੈਂਟ ਮੁਖੀ ਸ: ਦੀਦਾਰ ਸਿੰਘ ਗਹੂੰਣ ਨੇ ਬੋਲਦੇ ਹੋਏ ਜਿੱਥੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਉੱਥੇ ਇਸ ਪਾਰਕ ਦੀ ਸੇਵਾ ਸੰਭਾਲ ਲਈ ਉਹਨਾਂ ਵੱਲੋਂ ਨਿਰੰਤਰ ਸੇਵਾ ਭੇਜਣ ਲਈ ਉਨ੍ਹਾਂ ਦਾ ਵਿਸ਼ੇਸ਼ ਧੰਨਵਾਦ ਵੀ ਕੀਤਾ। ਉਹਨਾਂ ਕਿਹਾ ਕਿ ਇਸ ਪਾਰਕ ਨੂੰ ਤਿਆਰ ਕਰਨ ਵਿੱਚ ਅਤੇ ਪਿਛਲੇ 10 ਸਾਲਾਂ ਤੋਂ ਇਸ ਦੀ ਸੇਵਾ ਸੰਭਾਲ ਲਈ ਜਿੱਥੇ ਸਥਾਨਕ ਲੋਕਾਂ ਵਿੱਚੋਂ ਵੱਲੋਂ ਸੇਵਾ ਵਿੱਚ ਯੋਗਦਾਨ ਪਾਏ ਜਾਂਦੇ ਰਹੇ ਹਨ ਉਥੇ ਵਿਦੇਸ਼ ਵਿੱਚ ਵਸਦੇ ਐਨਆਰਆਈ ਵੀਰਾਂ ਵੱਲੋਂ ਇਸ ਨੂੰ ਬੁਲੰਦੀਆਂ ਤੇ ਪਹੁੰਚਾਉਣ ਲਈ ਵੱਡਾ ਸਹਿਯੋਗ ਮਿਲ ਰਿਹਾ ਹੈ।
ਇਸ ਮੌਕੇ ਸੰਗਤਾਂ ਨੂੰ ਸੰਬੋਧਨ ਹੁੰਦੇ ਹੋਏ ਪਾਰਕ ਕਮੇਟੀ ਮੈਂਬਰ ਅਤੇ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਸ: ਸੁਰਜੀਤ ਸਿੰਘ ਨੇ ਕਿਹਾ ਕਿ ਸਾਡੀਆਂ ਦੋਨੋਂ ਸੰਸਥਾਵਾਂ ਨੂੰ ਵੱਡੇ ਪੱਧਰ ਤੇ ਚਲਾਉਣ ਵਿਚ ਜਿੱਥੇ ਪਰਮਾਤਮਾ ਦੀ ਅਪਾਰ ਕਿਰਪਾ ਹੈ ਉੱਥੇ ਇਸ ਇਲਾਕੇ ਦੇ ਐਨਆਰਆਈ ਵੀਰਾਂ ਦਾ ਹਮੇਸ਼ਾ ਬਹੁਤ ਵੱਡਾ ਯੋਗਦਾਨ ਰਿਹਾ ਹੈ ।
ਵਾਹਿਗੁਰੂ ਦੀ ਕਿਰਪਾ ਸਦਕਾ ਜਦੋਂ ਵੀ ਐਨਆਰਆਈ ਵੀਰ ਇਲਾਕੇ ਵਿੱਚ ਆ ਕੇ ਇਸ ਪਾਰਕ ਦੀ ਖੂਬਸੂਰਤੀ ਨੂੰ ਦੇਖਦੇ ਹਨ ਅਤੇ ਨਾਲ ਹੀ ਦੋਨੋਂ ਸੰਸਥਾਵਾਂ ਵੱਲੋਂ ਕੀਤੇ ਜਾ ਰਹੇ ਧਾਰਮਿਕ ਅਤੇ ਸਮਾਜ ਭਲਾਈ ਕਾਰਜਾਂ ਦੀਆਂ ਗਤੀਵਿਧੀਆਂ ਤੋਂ ਕਾਫੀ ਸੰਤੁਸ਼ਟੀ ਮਹਿਸੂਸ ਕਰਦੇ ਹਨ ਅਤੇ ਇਹਨਾਂ ਸੇਵਾਵਾਂ ਪ੍ਰਤੀ ਵਿਦੇਸ਼ ਵਿੱਚ ਇਲਾਕੇ ਦੇ ਹੋਰ ਸੱਜਣਾਂ ਨੂੰ ਵੀ ਪ੍ਰੇਰਦੇ ਹਨ ਤਾਂ ਕਿ ਸਮਾਜ ਸੇਵਾ ਦੇ ਇਹਨਾਂ ਕਾਰਜਾਂ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਇਆ ਜਾ ਸਕੇ। ਉਹਨਾਂ ਨੇ ਕਿਹਾ ਕਿ ਨੇਕ ਨੀਅਤ ਅਤੇ ਨਿਰਸਵਾਰਥ ਕੀਤੀ ਜਾ ਰਹੀ ਸੇਵਾ ਵਿੱਚ ਕਦੇ ਵੀ ਤੋਟ ਨਹੀਂ ਆਉਂਦੀ।
ਇਸ ਮੌਕੇ ਨਵਾਂ ਸ਼ਹਿਰ ਸਬ ਡਿਵੀਜ਼ਨ ਦੇ ਉਪ ਪੁਲਿਸ ਕਪਤਾਨ ਸ੍ਰੀ ਰਾਜ ਕੁਮਾਰ ਜੀ ਨੇ ਮੈਂਬਰਾਂ ਨੂੰ ਸੰਬੋਧਨ ਹੁੰਦੇ ਹੋਏ ਕਿਹਾ ਕਿ ਪਬਲਿਕ ਪਾਰਕ ਜਿੱਥੇ ਕਿ ਇਲਾਕੇ ਦੀ ਇੱਕ ਵਿਸ਼ੇਸ਼ ਪਛਾਣ ਬਣ ਚੁੱਕਾ ਹੈ ਉੱਥੇ ਇਸ ਦੀ ਸੇਵਾ ਸੰਭਾਲ ਮੈਂਬਰਾਂ ਵੱਲੋਂ ਹੱਥੀ ਝਾੜੂ ਫੜ ਕੇ ਕੀਤੇ ਜਾਣਾ ਵਰਗੀ ਮਿਸਾਲ ਵੀ ਬਹੁਤ ਘੱਟ ਮਿਲਦੀ ਹੈ। ਇਹੀ ਕਾਰਨ ਹੈ ਕਿ ਅੱਜ ਇਸ ਇਲਾਕੇ ਵਿੱਚ ਇਹ ਦੋਨੋਂ ਸੰਸਥਾਵਾਂ ਸੇਵਾ ਦੇ ਖੇਤਰ ਵਿੱਚ ਇੱਕ ਵੱਡਾ ਮਾਣ ਹਾਸਲ ਕਰ ਚੁੱਕੀਆਂ ਹਨ। ਉਹਨਾਂ ਨੇ ਸੰਸਥਾਵਾਂ ਦੀ ਚੜ੍ਹਦੀ ਕਲਾ ਲਈ ਕਾਮਨਾ ਕੀਤੀ। ਸਮੁੱਚੇ ਬੁਲਾਰਿਆਂ ਨੇ ਅੱਜ ਦੀ ਮੀਟਿੰਗ ਵਿੱਚ ਭਾਗ ਲੈ ਰਹੀਆਂ ਮਹਿਲਾਵਾ ਨੂੰ ਕੌਮਾਂਤਰੀ ਮਹਿਲਾ ਦਿਵਸ ਦੀ ਵਧਾਈ ਵੀ ਦਿੱਤੀ।
ਅੱਜ ਦੀ ਮੀਟਿੰਗ ਦੌਰਾਨ ਉਪਰੋਕਤ ਸ਼ਖਸੀਅਤਾਂ ਤੋਂ ਇਲਾਵਾ ਸ੍ਰੀ ਮਹਿੰਦਰ ਪਾਲ ਜੀ ਪ੍ਰਧਾਨ, ਬਲਦੇਵ ਕ੍ਰਿਸਨ ਸਾਬਕਾ ਸਰਪੰਚ ਨੌਰਾ, ਬਖਸ਼ੀਸ਼ ਸਿੰਘ, ਰਾਮ ਪਾਲ ਰਾਏ, ਗੁਰਪਾਲ ਸਿੰਘ, ਗਿਆਨ ਸਿੰਘ ਪਰਮਜੀਤ ਸਿੰਘ ਕਧੋਲਾ, ਗੁਰਚਰਨ ਸਿੰਘ ਪਾਵਲਾ ਇੰਦਰਜੀਤ ਸ਼ਰਮਾ ਕੁਲਵਿੰਦਰ ਸਿੰਘ ਜਗਜੀਤ ਸਿੰਘ ਸੈਣੀ ਹਕੀਕਤ ਸਿੰਘ ਮਨਮੋਹਨ ਸਿੰਘ ਸੁਚਾ ਸਿੰਘ ਡਾ ਕੁਲਦੀਪ ਸਿੰਘ ਅਟਵਾਲ ਬਲਵਿੰਦਰ ਕੁਮਾਰ ਰਾਣਾ ਭੱਟੀ ਸਰਪੰਚ ਰਜੇਸ ਸਰੀਨ ਹਰਦਿਲਜੀਤ ਸਿੰਘ ਭਾਰਤ ਭੂਸਨ ਹਾਂਡਾ ਅਤੇ ਵੱਡੀ ਗਿਣਤੀ ਵਿਚ ਮੈਂਬਰ ਮੌਜੂਦ ਸਨ।
