ਜਨਤਾ ਨੂੰ ਟਾਂਗਰੀ ਨਦੀ ਦੇ ਹੜ੍ਹ ਤੋਂ ਬਚਾਉਣ ਲਈ ਦਸਤਖ਼ਤ ਮੁਹਿੰਮ ਸ਼ੁਰੂ
ਅੰਬਾਲਾ, 1 ਜੂਨ- ਅੰਬਾਲਾ ਛਾਉਣੀ ਦੇ ਵਾਰਡ ਨੰਬਰ 14 ਤੋਂ ਕਾਂਗਰਸੀ ਕੌਂਸਲਰ ਹਰਮਿੰਦਰ ਹੀਰਾ ਨੇ ਅੰਬਾਲਾ ਦੇ ਸੰਸਦ ਮੈਂਬਰ ਚੌਧਰੀ ਵਰੁਣ ਮੁਲਾਣਾ ਦੀ ਪ੍ਰਧਾਨਗੀ ਹੇਠ ਅੱਜ ਇਕ ਵੱਡਾ ਇਕੱਠ ਕਰਕੇ ਟਾਂਗਰੀ ਨਦੀ ਦੇ ਕੰਢੇ ਵਸੀਆਂ ਕਾਲੋਨੀਆਂ ਦੇ ਵਾਸੀਆਂ ਨੂੰ ਹੜ੍ਹਾਂ ਤੋਂ ਬਚਾਉਣ ਲਈ ਪ੍ਰਸ਼ਾਸਨ ਕੋਲੋਂ ਸਮੇਂ ਸਿਰ ਪ੍ਰਬੰਧ ਕਰਨ ਦੀ ਮੰਗ ਨੂੰ ਲੈ ਕੇ ਅੱਜ ਇਕ ਦਸਤਖ਼ਤ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ।
ਹਰਮਿੰਦਰ ਹੀਰਾ ਨੇ ਕਿਹਾ ਕਿ ਟਾਂਗਰੀ ਨਦੀ ਦੇ ਕੰਢੇ ਰਹਿਣ ਵਾਲੇ ਲੋਕਾਂ ਨੂੰ ਹਰ ਸਾਲ ਟਾਂਗਰੀ ਨਦੀ ਵਿਚ ਆਉਂਦੇ ਪਾਣੀ ਦੀ ਮਾਰ ਦਾ ਨਤੀਜਾ ਭੁਗਤਣਾ ਪੈਂਦਾ ਹੈ। ਇਸ ਸਾਲ ਵੀ ਹੁਣ ਜੂਨ ਦਾ ਮਹੀਨਾ ਸ਼ੁਰੂ ਹੋ ਗਿਆ ਹੈ ਅਤੇ ਬੰਨ੍ਹ ਤੇ ਨਦੀ ਵਿਚ ਖ਼ੁਦਾਈ ਦਾ ਕੰਮ ਅਜੇ ਤੱਕ ਪੂਰਾ ਨਹੀਂ ਹੋਇਆ। ਜੇ ਇਹ ਜਲਦੀ ਪੂਰਾ ਨਹੀਂ ਕੀਤਾ ਗਿਆ ਤਾਂ ਅੰਬਾਲਾ ਵਾਸੀ ਅੰਬਾਲਾ ਤੋਂ ਚੰਡੀਗੜ੍ਹ ਸਥਿਤ ਰਾਜਪਾਲ ਦੀ ਰਿਹਾਇਸ਼ ਤੱਕ ਮਾਰਚ ਕਰਨਗੇ ਅਤੇ ਇੱਕ ਵੱਡਾ ਅੰਦੋਲਨ ਸ਼ੁਰੂ ਕੀਤਾ ਜਾਵੇਗਾ।
ਅੱਜ ਦੇ ਇਕੱਠ ਵਿਚ ਕੌਂਸਲਰ ਸੁਧੀਰ ਜੈਸਵਾਲ, ਹਰਮਿੰਦਰ ਹੀਰਾ, ਵਾਰਡ ਨੰਬਰ 11 ਦੀ ਕੌਂਸਲਰ ਨੀਲਮ ਕਸ਼ਯਪ, ਸਵਰਗੀ ਹੀਰਾ ਲਾਲ ਯਾਦਵ ਦੇ ਪੁੱਤਰ ਅਤੇ ਸੀਨੀਅਰ ਕਾਂਗਰਸੀ ਆਗੂ ਕਰਨ ਯਾਦਵ, ਪੁਰਾਣੀ ਸਬਜ਼ੀ ਮੰਡੀ ਦੇ ਪ੍ਰਧਾਨ ਵਿਨੋਦ ਜੌਹਰ, ਸੀਨੀਅਰ ਕਾਂਗਰਸੀ ਆਗੂ ਅਤੁਲ ਮਹਾਜਨ, ਸੀਨੀਅਰ ਕਾਂਗਰਸੀ ਆਗੂ ਸੰਦੀਪ ਸਿੰਘ, ਸੀਨੀਅਰ ਕਾਂਗਰਸੀ ਆਗੂ ਅਮਨ ਸਿੰਘ ਸ਼ੇਰਾ, ਸਤੀਸ਼ ਕਨੌਜੀਆ, ਸਤੀਸ਼ ਸੈਣੀ, ਮਹਿਲਾ ਵਿੰਗ ਪ੍ਰਧਾਨ ਗੌਰੀ ਸ਼ਰਮਾ, ਵਿਜੇ ਸ਼ਰਮਾ, ਸਲੀਮ ਅਹਿਮਦ, ਅਜੈ ਕੁਮਾਰ, ਮੋਹਿਤ ਸ਼ਾਕਿਆ, ਦੁਰਗੇਸ਼ ਯਾਦਵ, ਚੰਦਰ ਯਾਦਵ ਅਤੇ ਟਾਂਗਰੀ ਬੰਨ੍ਹ ਦੇ ਕੰਢੇ ਰਹਿਣ ਵਾਲੇ ਸੈਂਕੜੇ ਕਾਲੋਨੀ ਵਾਸੀ ਮੌਜੂਦ ਸਨ।
