ਰੈੱਡ ਕਰਾਸ ਨਸ਼ਾ ਮੁਕਤੀ ਕੇਂਦਰ ਨਵਾਂਸ਼ਹਿਰ ਵੱਲੋਂ ਸੈਮੀਨਾਰ ਆਯੋਜਿਤ

ਨਵਾਂਸ਼ਹਿਰ, 19 ਅਗਸਤ:- ਰੈੱਡ ਕਰਾਸ ਨਸ਼ਾ ਪੀੜਤਾਂ ਲਈ ਏਕੀਕ੍ਰਿਤ ਮੁੜ ਵਸੇਬਾ ਕੇਂਦਰ, ਧਰਮਸ਼ਾਲਾ ਭੁੱਚਰਾਂ, ਨਵਾਂਸ਼ਹਿਰ ਵੱਲੋਂ ਗੁਰਸੇਵਾ ਗਰੁੱਪ ਆਫ਼ ਨਰਸਿੰਗ ਕਾਲਜ, ਪਨਾਮ (ਗੜ੍ਹਸ਼ੰਕਰ) ਵਿਖੇ “ਹਰ ਘਰ ਤਿਰੰਗਾ 2026” ਮੁਹਿੰਮ ਤਹਿਤ ਆਜ਼ਾਦੀ ਦਾ ਦਿਹਾੜਾ ਮਨਾਇਆ ਗਿਆ। ਇਸ ਮੌਕੇ ਕਰਵਾਏ ਗਏ ਸੈਮੀਨਾਰ ਦੀ ਪ੍ਰਧਾਨਗੀ ਡਾ. ਜਸਵੀਰ ਕੌਰ (ਪ੍ਰਿੰਸੀਪਲ) ਨੇ ਕੀਤੀ।
ਇਸ ਮੌਕੇ ਸ. ਚਮਨ ਸਿੰਘ, ਪ੍ਰੋਜੈਕਟ ਡਾਇਰੈਕਟਰ ਨੇ ਕਾਲਜ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ “ਨਸ਼ਾ ਮੁਕਤ ਭਾਰਤ ਅਭਿਆਨ” ਮੁਹਿੰਮ 15 ਅਗਸਤ 2020 ਨੂੰ ਸ਼ੁਰੂ ਹੋਈ ਸੀ। ਉਨ੍ਹਾਂ ਇਸ ਮੁਹਿੰਮ ਨਾਲ ਸਬੰਧਤ ਅੰਕੜਿਆਂ ਸਮੇਤ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸਾਡਾ ਜ਼ਿਲ੍ਹਾ ਅਤੇ ਪੰਜਾਬ ਵੀ ਇਸ ਮੁਹਿੰਮ ਵਿੱਚ ਸ਼ਾਮਲ ਹਨ।
ਉਨ੍ਹਾਂ ਕਿਹਾ ਕਿ ਅੱਜ ਦੇਸ਼ ਵਿੱਚ ਸਕੂਲਾਂ ਦੇ ਬੱਚੇ ਅਤੇ ਛੋਟੀ ਉਮਰ ਦੇ ਲੜਕੇ-ਲੜਕੀਆਂ ਵੀ ਨਸ਼ਿਆਂ ਦੀ ਗ੍ਰਿਫ਼ਤ ਵਿੱਚ ਆ ਰਹੇ ਹਨ, ਜਿਸ ਦੇ ਨਤੀਜੇ ਬਹੁਤ ਹੀ ਭਿਆਨਕ ਹਨ। ਨਸ਼ਾ ਕਰਨ ਵਾਲੇ ਨੌਜਵਾਨਾਂ ਦੇ ਨਾਲ-ਨਾਲ ਉਨ੍ਹਾਂ ਦਾ ਪੂਰਾ ਪਰਿਵਾਰ ਅਤੇ ਰਿਸ਼ਤੇਦਾਰ ਵੀ ਪ੍ਰਭਾਵਿਤ ਹੁੰਦੇ ਹਨ, ਜਿਸ ਕਾਰਨ ਪਰਿਵਾਰ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੋ ਜਾਂਦਾ ਹੈ।
ਉਨ੍ਹਾਂ ਸਮੂਹ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਕਦੇ ਵੀ ਕਿਸੇ ਨਸ਼ੀਲੀ ਵਸਤੂ ਦਾ ਸੇਵਨ ਨਾ ਕਰਨ। ਜੇਕਰ ਉਨ੍ਹਾਂ ਦੀ ਜ਼ਿੰਦਗੀ ਵਿੱਚ ਕੋਈ ਵੀ ਸਮੱਸਿਆ ਆਉਂਦੀ ਹੈ ਤਾਂ ਉਹ ਆਪਣੇ ਮਾਤਾ-ਪਿਤਾ ਜਾਂ ਅਧਿਆਪਕ ਨਾਲ ਆਪਣੀ ਸਮੱਸਿਆ ਸਾਂਝੀ ਕਰ ਸਕਦੇ ਹਨ।
ਇਸ ਮੌਕੇ ਰਾਸ਼ਟਰੀ ਗੀਤ “ਵੰਦੇ ਮਾਤਰਮ” ਦੇ ਗਾਇਨ ਸਮੇਂ ਸਾਰਿਆਂ ਨੇ ਸਤਿਕਾਰ ਸਹਿਤ ਹਿੱਸਾ ਲਿਆ।
ਇਸ ਮੌਕੇ ਸ਼੍ਰੀਮਤੀ ਕਮਲਜੀਤ ਕੌਰ, ਕੌਂਸਲਰ ਨੇ ਸੈਂਟਰ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਕੋਈ ਵੀ ਵਿਅਕਤੀ ਜੋ ਨਸ਼ੇ ਦਾ ਆਦੀ ਹੈ, ਉਹ ਆਪਣੀ ਇੱਛਾ ਅਨੁਸਾਰ ਸੈਂਟਰ ਵਿਖੇ ਇੱਕ ਮਹੀਨੇ ਲਈ ਦਾਖ਼ਲ ਰਹਿ ਕੇ ਆਪਣਾ ਮੁਫ਼ਤ ਇਲਾਜ ਕਰਵਾ ਸਕਦਾ ਹੈ।
ਪ੍ਰੋਫੈਸਰ ਅਕਸ਼ਿਤਾ ਜੀ ਨੇ ਆਈ ਹੋਈ ਟੀਮ ਦਾ ਧੰਨਵਾਦ ਕੀਤਾ ਅਤੇ ਵਿਸ਼ਵਾਸ ਦਿਵਾਇਆ ਕਿ ਨਸ਼ਾ ਮੁਕਤ ਭਾਰਤ ਮੁਹਿੰਮ ਨੂੰ ਸਫਲ ਬਣਾਉਣ ਲਈ ਉਹ ਆਪਣਾ ਸਹਿਯੋਗ ਜਾਰੀ ਰੱਖਣਗੇ।
ਇਸ ਮੌਕੇ ਕਾਲਜ ਦੇ ਸਟਾਫ਼ ਮੈਂਬਰ ਕਵਲਦੀਪ ਕੌਰ, ਕਿਰਨ ਬਾਲਾ, ਨਰਿੰਦਰ ਕੌਰ, ਮਹਿੰਦਰ ਸ਼ਰਮਾ, ਜਤਿੰਦਰ ਕੌਰ, ਚਰਨਜੀਤ ਕੌਰ, ਹਰਪ੍ਰੀਤ ਕੌਰ, ਹਰਜੀਤ ਗਿੱਲ ਅਤੇ ਵਿਦਿਆਰਥੀ ਹਾਜ਼ਰ ਸਨ।