ਰੈਪਰ ਤੋਂ ਨੇਤਾ ਬਣੇ ਬਾਲੇਨ ਨੇ ਨੇਪਾਲ ਦੇ 47ਵੇਂ ਪ੍ਰਧਾਨ ਮੰਤਰੀ ਵਜੋਂ ਹਲਫ਼ ਲਿਆ

ਕਾਠਮੰਡੂ:- ਨੇਪਾਲ ਵਿੱਚ 'ਜੇਨ ਜ਼ੀ' ਦੇ ਵਿਰੋਧ ਪ੍ਰਦਰਸ਼ਨਾਂ ਕਾਰਨ ਕੇ ਪੀ ਸ਼ਰਮਾ ਓਲੀ ਦੀ ਅਗਵਾਈ ਵਾਲੀ ਸਰਕਾਰ ਦੇ ਸੱਤਾ ਤੋਂ ਲਾਂਭੇ ਹੋਣ ਦੇ ਛੇ ਮਹੀਨਿਆਂ ਬਾਅਦ ਬਾਲੇਂਦਰ ਸ਼ਾਹ 'ਬਾਲੇਨ' ਨੇ ਸ਼ੁੱਕਰਵਾਰ ਨੂੰ ਨੇਪਾਲ ਦੇ ਲੋਕਤੰਤਰੀ ਤਰੀਕੇ ਨਾਲ ਚੁਣੇ ਗਏ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਰੈਪਰ ਤੋਂ ਨੇਤਾ ਬਣੇ ਰਾਸ਼ਟਰੀ ਸੁਤੰਤਰ ਪਾਰਟੀ ਦੇ 35 ਸਾਲਾ ਆਗੂ ਨੇ ਸੀਤਲ ਨਿਵਾਸ ਸਥਿਤ ਰਾਸ਼ਟਰਪਤੀ ਦਫ਼ਤਰ ਵਿਖੇ ਦੁਪਹਿਰ 12 ਵੱਜ ਕੇ 34 ਮਿੰਟ ਦੇ 'ਸ਼ੁਭ ਮਹੂਰਤ' ਵਿੱਚ ਸਹੁੰ ਚੁੱਕੀ।
 ਬਾਲੇਨ ਨੇਪਾਲ ਵਿੱਚ ਇਸ ਅਹੁਦੇ ਲਈ ਲੋਕਤੰਤਰੀ ਤੌਰ 'ਤੇ ਚੁਣੇ ਗਏ ਸਭ ਤੋਂ ਨੌਜਵਾਨ ਆਗੂ ਹਨ ਅਤੇ ਉਹ ਕਾਰਜਪਾਲਿਕਾ ਦਾ ਸਰਬਉੱਚ ਅਹੁਦਾ ਸੰਭਾਲਣ ਵਾਲੇ ਮਧੇਸ਼ ਖੇਤਰ ਦੇ ਪਹਿਲੇ ਵਿਅਕਤੀ ਵੀ ਹਨ। ਉਨ੍ਹਾਂ ਨੂੰ ਰਾਸ਼ਟਰਪਤੀ ਰਾਮ ਚੰਦਰ ਪੌਡੇਲ ਨੇ ਸੰਵਿਧਾਨ ਦੀ ਧਾਰਾ 76 (1) ਅਨੁਸਾਰ ਸ਼ੁੱਕਰਵਾਰ ਨੂੰ 47ਵੇਂ ਪ੍ਰਧਾਨ ਮੰਤਰੀ ਵਜੋਂ ਨਿਯੁਕਤ ਕੀਤਾ।
ਬਾਲੇਨ ਸਾਬਕਾ ਪ੍ਰਧਾਨ ਮੰਤਰੀ ਓਲੀ ਦੀ ਅਗਵਾਈ ਵਾਲੀ ਗੱਠਜੋੜ ਸਰਕਾਰ ਦੇ ਪਿਛਲੇ ਸਾਲ ਸਤੰਬਰ ਵਿੱਚ ਸੱਤਾ ਤੋਂ ਬੇਦਖ਼ਲ ਹੋਣ ਤੋਂ ਬਾਅਦ ਸਹੁੰ ਚੁੱਕਣ ਵਾਲੇ ਲੋਕਤੰਤਰੀ ਤੌਰ 'ਤੇ ਚੁਣੇ ਗਏ ਪਹਿਲੇ ਪ੍ਰਧਾਨ ਮੰਤਰੀ ਹਨ। ਭ੍ਰਿਸ਼ਟਾਚਾਰ, ਭਾਈ-ਭਤੀਜਾਵਾਦ ਅਤੇ ਸੋਸ਼ਲ ਮੀਡੀਆ 'ਤੇ ਪਾਬੰਦੀ ਵਿਰੁੱਧ ਨੌਜਵਾਨਾਂ ਦੀ ਅਗਵਾਈ ਵਾਲਾ 'ਜੇਨ-ਜ਼ੀ' ਵਿਰੋਧ ਪ੍ਰਦਰਸ਼ਨ ਹਿੰਸਕ ਹੋ ਗਿਆ ਸੀ, ਜਿਸ ਤੋਂ ਬਾਅਦ ਓਲੀ ਸਰਕਾਰ ਨੂੰ ਸੱਤਾ ਛੱਡਣੀ ਪਈ ਸੀ।
ਬਾਲੇਨ ਦੇ ਸਹੁੰ ਚੁੱਕ ਸਮਾਗਮ ਵਿੱਚ ਹਿੰਦੂ ਅਤੇ ਬੌਧ ਧਾਰਮਿਕ ਪਰੰਪਰਾਵਾਂ ਦਾ ਅਨੋਖਾ ਸੰਗਮ ਦੇਖਣ ਨੂੰ ਮਿਲਿਆ। ਸਮਾਗਮ ਵਿੱਚ ਵਿਸਤ੍ਰਿਤ ਧਾਰਮਿਕ ਰਸਮਾਂ ਨਿਭਾਈਆਂ ਗਈਆਂ। ਇਸ ਦੌਰਾਨ ਸੱਤ ਬ੍ਰਾਹਮਣਾਂ ਨੇ ਸ਼ੰਖਨਾਦ ਕੀਤਾ, 108 ਹਿੰਦੂ ਬਟੁਕਾਂ (ਨੌਜਵਾਨ ਬ੍ਰਾਹਮਣਾਂ) ਨੇ ਵੈਦਿਕ ਮੰਤਰਾਂ ਦਾ ਉਚਾਰਨ ਜਾਂ ਸਵਸਤੀ ਵਾਚਨ ਕੀਤਾ ਅਤੇ 107 ਲਾਮਾ ਨੇ ਮੰਗਲ ਵਾਚਨ ਜਾਂ ਬੌਧ ਗ੍ਰੰਥਾਂ ਦਾ ਪਾਠ ਕੀਤਾ।
 ਸੂਤਰਾਂ ਨੇ ਦੱਸਿਆ ਕਿ ਬਾਲੇਨ ਸੰਭਵ ਤੌਰ 'ਤੇ 15 ਤੋਂ 18 ਮੰਤਰੀਆਂ ਵਾਲਾ ਇੱਕ ਛੋਟਾ ਮੰਤਰੀ ਮੰਡਲ ਗਠਿਤ ਕਰਨਗੇ। 5 ਮਾਰਚ ਨੂੰ ਹੋਈਆਂ ਆਮ ਚੋਣਾਂ ਵਿੱਚ ਕਾਠਮੰਡੂ ਦੇ ਸਾਬਕਾ ਮੇਅਰ ਨੇ ਝਾਪਾ-5 ਚੋਣ ਖੇਤਰ ਤੋਂ ਓਲੀ ਨੂੰ ਭਾਰੀ ਅੰਤਰ ਨਾਲ ਹਰਾਇਆ ਸੀ। ਆਰਐੱਸਪੀ ਨੇ ਚੋਣਾਂ ਵਿੱਚ ਪ੍ਰਤੀਨਿਧੀ ਸਭਾ ਦੀਆਂ ਕੁੱਲ 275 ਸੀਟਾਂ ਵਿੱਚੋਂ 182 ਸੀਟਾਂ ਜਿੱਤ ਕੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ।