ਪੰਜ ਤੱਤਾਂ ਵਿੱਚ ਵਿਲੀਨ ਹੋਇਆ ਰਾਜਵੀਰ ਜਵੰਦਾ
ਮੰਡੀ ਅਹਿਮਦਗਡ਼੍ਹ/ਜਗਰਾਉਂ- ਗਾਇਕ ਰਾਜਵੀਰ ਜਵੰਦਾ ਦਾ ਅੱਜ ਨਜ਼ਦੀਕੀ ਪਿੰਡ ਪੋਨਾ ਵਿਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਜਿਸ ਥਾਂ ਗਾਇਕ ਦਾ ਅੰਤਿਮ ਸੰਸਕਾਰ ਹੋਇਆ ਉਹ ਸਕੂਲ ਦੇ ਬਿਲਕੁਲ ਨਾਲ ਲੱਗਦੀ ਉਹੀ ਥਾਂ ਹੈ ਜਿੱਥੇ ਬਣੀ ਸਟੇਜ ’ਤੇ ਉਸ ਨੇ ਪਹਿਲੀ ਵਾਰ ਗਾਇਆ ਸੀ। ਆਪਣੀ ਗਾਇਕੀ ਰਾਹੀਂ ਦੁਨੀਆਂ ਭਰ ਵਿੱਚ ਧੁੰਮਾਂ ਪਾਉਣ ਵਾਲੇ ਰਾਜਵੀਰ ਜਵੰਦਾ ਦੀ ਅੰਤਿਮ ਯਾਤਰਾ ਸਮੇਂ ਮਾਹੌਲ ਬੇਹੱਦ ਗ਼ਮਗੀਨ ਹੋਇਆ।
ਇਸ ਮੌਕੇ ਕਈ ਨਾਮੀਂ ਗਾਇਕ ਤੇ ਕਲਾਕਾਰ ਪੁੱਜੇ। ਇਸ ਤੋਂ ਇਲਾਵਾ ਸਿਆਸੀ ਤੇ ਸਮਾਜਿਕ ਆਗੂ ਵੀ ਵੱਡੀ ਗਿਣਤੀ ਵਿੱਚ ਰਾਜਵੀਰ ਜਵੰਦਾ ਦੀ ਅੰਤਿਮ ਯਾਤਰਾ ਵਿੱਚ ਸ਼ਾਮਲ ਹੋਏ। ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਮਰਹੂਮ ਗਾਇਕ ਦੇ ਘਰ ਜਾ ਕੇ ਪਰਿਵਾਰ ਨਾਲ ਦੁੱਖ ਵੰਡਾਇਆ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪ੍ਰਸਿੱਧ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੇ ਘਰ ਪੁੱਜ ਕੇ ਨੌਜਵਾਨ ਗਾਇਕ ਦੀ ਦੁਖਦਾਈ ਤੇ ਬੇਵਕਤੀ ਮੌਤ ਉੱਤੇ ਅਫ਼ਸੋਸ ਪ੍ਰਗਟਾਇਆ। ਕੁੱਝ ਦਿਨ ਪਹਿਲਾਂ ਹਾਦਸੇ ਦਾ ਸ਼ਿਕਾਰ ਹੋਏ ਰਾਜਵੀਰ ਜਵੰਦਾ ਦਾ ਕੱਲ੍ਹ ਮੋਹਾਲੀ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਦੇਹਾਂਤ ਹੋ ਗਿਆ ਸੀ। ਸਵੇਰੇ ਮਰਹੂਮ ਗਾਇਕ ਦੇ ਗ੍ਰਹਿ ਵਿਖੇ ਪੁੱਜੇ ਮੁੱਖ ਮੰਤਰੀ ਨੇ ਦੁੱਖ ਵਿੱਚ ਡੁੱਬੇ ਪਰਿਵਾਰਕ ਮੈਂਬਰਾਂ ਨਾਲ ਅਫ਼ਸੋਸ ਪ੍ਰਗਟਾਇਆ। ਉਨ੍ਹਾਂ ਕਿਹਾ ਕਿ ਨੌਜਵਾਨ ਗਾਇਕ ਦੇ ਦੇਹਾਂਤ ਨਾਲ ਸੂਬੇ ਦੇ ਸਮਕਾਲੀ ਸਾਹਿਤ, ਸੱਭਿਆਚਾਰ ਤੇ ਕਲਾ ਦੇ ਖ਼ੇਤਰ ਨੂੰ ਵੱਡਾ ਘਾਟਾ ਪਿਆ ਹੈ। ਇਸ ਮੌਕੇ ਭਾਵੁਕ ਹੋਏ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਜਵੰਦਾ ਭਰ ਜਵਾਨੀ ਵਿੱਚ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਿਆ। ਉਨ੍ਹਾਂ ਕਿਹਾ ਕਿ ਰਾਜਵੀਰ ਜਵੰਦਾ ਦੇ ਦੇਹਾਂਤ ਨਾਲ ਪੈਦਾ ਹੋਇਆ ਖਲਾਅ ਨੇੜ ਭਵਿੱਖ ਵਿੱਚ ਭਰਿਆ ਜਾਣਾ ਆਸਾਨ ਨਹੀਂ ਹੋਵੇਗਾ।
ਅੰਤਿਮ ਯਾਤਰਾ ਵਿੱਚ ਗਾਇਕ ਸਤਿੰਦਰ ਸਰਤਾਜ, ਬੱਬੂ ਮਾਨ, ਐਮੀ ਵਿਰਕ, ਮੁਹੰਮਦ ਸਦੀਕ, ਕਰਮਜੀਤ ਅਨਮੋਲ, ਸਰਦਾਰ ਸੋਹੀ, ਕੰਵਰ ਗਰੇਵਾਲ, ਮਨਕੀਰਤ ਔਲਖ, ਰਣਜੀਤ ਬਾਵਾ, ਜੱਸ ਬਾਜਵਾ, ਗਾਇਕਾ ਗੁਰਲੇਜ਼ ਅਖ਼ਤਰ, ਕੁਲਵਿੰਦਰ ਬਿੱਲਾ, ਰਾਵਿੰਦਰ ਗਰੇਵਾਲ, ਸੁਖਵਿੰਦਰ ਸੁੱਖੀ, ਹਿੰਮਤ ਸੰਧੂ, ਮਰਹੂਮ ਦੀਪ ਸਿੱਧੂ ਦੇ ਭਰਾ ਐਡਵੋਕੇਟ ਮਨਦੀਪ ਸਿੱਧੂ, ਰੇਸ਼ਮ ਅਨਮੋਲ ਤੋਂ ਇਲਾਵਾ ਸਾਬਕਾ ਸੰਸਦ ਮੈਂਬਰ ਅਮਰੀਕ ਸਿੰਘ ਆਲੀਵਾਲ, ਸੀਨੀਅਰ ਕਾਂਗਰਸੀ ਆਗੂ ਮੇਜਰ ਸਿੰਘ ਭੈਣੀ, ਵਿਧਾਇਕਾ ਸਰਵਜੀਤ ਕੌਰ ਮਾਣੂੰਕੇ, ਐਕਸੀਅਨ ਗੁਰਪ੍ਰੀਤਮਹਿੰਦਰ ਸਿੱਧੂ, ਐਡਵੋਕੇਟ ਸੰਦੀਪ ਗੋਇਲ, ਹਰਮੀਤ ਸੰਘਾ, ਸਾਬਕਾ ਸਰਪੰਚ ਗੁਰਵਿੰਦਰ ਸਿੰਘ ਪੋਨਾ, ਸਰਪੰਚ ਹਰਪ੍ਰੀਤ ਸਿੰਘ ਰਾਜੂ, ਸਾਬਕਾ ਚੇਅਰਮੈਨ ਚੰਦ ਸਿੰਘ ਡੱਲਾ, ਸਵਰਨ ਸਿੰਘ ਤਿਹਾੜਾ, ਦੀਦਾਰ ਸਿੰਘ ਮਲਕ, ਨਿਰਭੈ ਸਿੰਘ ਸਿੱਧੂ ਆਦਿ ਵੀ ਹਾਜ਼ਰ ਸਨ।
ਮੁੱਖ ਮੰਤਰੀ ਨੇ ਲੱਖਾਂ ਪੰਜਾਬੀਆਂ ਦੇ ਦਿਲਾਂ ਉੱਤੇ ਰਾਜ ਕਰਨ ਵਾਲੇ ਨੌਜਵਾਨ ਗਾਇਕ ਰਾਜਵੀਰ ਜਵੰਦਾ ਦੀ ਸ਼ਾਨਦਾਰ ਪੇਸ਼ਕਾਰੀ ਨੂੰ ਚੇਤੇ ਕੀਤਾ। ਉਨ੍ਹਾਂ ਕਿਹਾ ਕਿ ਰਾਜਵੀਰ ਦੀ ਮੌਤ ਨਾਲ ਪੰਜਾਬੀ ਗਾਇਕੀ ਦੇ ਇਕ ਯੁੱਗ ਦਾ ਅੰਤ ਹੋ ਗਿਆ। ਉਨ੍ਹਾਂ ਕਿਹਾ ਕਿ ਰਾਜਵੀਰ ਹਮੇਸ਼ਾ ਆਪਣੇ ਪ੍ਰਸੰਸਕਾਂ ਦੇ ਚੇਤਿਆਂ ਵਿੱਚ ਵਸਿਆ ਰਹੇਗਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਰਾਜਵੀਰ ਨੇ ਪੰਜਾਬੀ ਕਲਾ ਤੇ ਸੱਭਿਆਚਾਰ ਦੀ ਤਰੱਕੀ ਲਈ ਅਹਿਮ ਯੋਗਦਾਨ ਦਿੱਤਾ।
