ਤਸਕਰਾਂ ਨੂੰ ਸਜ਼ਾ ਕਰਾਉਣ ਤੱਕ ਮਿਹਨਤ ਕਰਨ ਵਾਲੇ ਪੁਲਿਸ ਕਰਮਚਾਰੀਆਂ ਨੂੰ ਵੰਡੇ ਇਨਾਮਾਂ ਦੇ ਗੱਫ਼ੇ
ਨਵਾਂਸ਼ਹਿਰ, 4 ਸਤੰਬਰ:- ਨਸ਼ਿਆਂ ਨਾਲ ਜੁੜੇ ਮਾਮਲਿਆਂ ਦੇ ਕਥਿਤ ਦੋਸ਼ੀਆਂ ਨੂੰ ਮਾਣਯੋਗ ਅਦਾਲਤ ਤੱਕ ਸਜ਼ਾ ਦਿਵਾਉਣ ਵਾਲੇ ਪੁਲਿਸ ਕਰਮਚਾਰੀਆਂ, ਅਧਿਕਾਰੀਆਂ ਅਤੇ ਸਰਕਾਰੀ ਵਕੀਲਾਂ ਲਈ ਸਰਕਾਰ ਵੱਲੋਂ ਸ਼ੁਰੂ ਕੀਤੀ ਇਨਾਮ ਯੋਜਨਾ ਤਹਿਤ ਅੱਜ ਉਕਤ ਮੁਲਾਜ਼ਮਾਂ ਨੂੰ ਐੱਸ.ਐੱਸ.ਪੀ. ਸ੍ਰੀ ਤੁਸ਼ਾਰ ਗੁਪਤਾ ਵੱਲੋਂ ਐੱਸ.ਪੀ. (ਪੀ.ਬੀ.ਆਈ. ਤੇ ਐੱਸ.ਪੀ. ਆਪ੍ਰੇਸ਼ਨ) ਸਰਬਜੀਤ ਸਿੰਘ ਬਾਹੀਆ, ਐੱਸ.ਪੀ. (ਜਾਂਚ) ਹਰਿੰਦਰ ਸਿੰਘ ਦੀ ਹਾਜ਼ਰੀ 'ਚ ਇਨਾਮਾਂ ਦੇ ਗੱਫ਼ੇ ਵੰਡੇ ਗਏ।
ਇਸ ਮੌਕੇ 'ਤੇ ਸੰਬੋਧਨ ਕਰਦਿਆਂ ਸ੍ਰੀ ਤੁਸ਼ਾਰ ਗੁਪਤਾ ਨੇ ਆਖਿਆ ਕਿ ਅੱਜ ਦਾ ਇਹ ਸਮਾਗਮ ਸਾਡੇ ਲਈ ਬਹੁਤ ਮਹੱਤਵਪੂਰਨ ਅਤੇ ਮਾਣ ਵਾਲਾ ਮੌਕਾ ਹੈ। ਨਸ਼ਿਆਂ ਦੀ ਤਸਕਰੀ ਅਤੇ ਇਸ ਨਾਲ ਜੁੜੇ ਅਪਰਾਧਾਂ ਵਿਰੁੱਧ ਪੁਲਿਸ ਵਿਭਾਗ ਵੱਲੋਂ ਲਗਾਤਾਰ ਚਲਾਈ ਜਾ ਰਹੀ ਮੁਹਿੰਮ ਵਿਚ ਜਿਨ੍ਹਾਂ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਮਿਹਨਤ, ਇਮਾਨਦਾਰੀ, ਹਿੰਮਤ ਅਤੇ ਪੇਸ਼ੇਵਰ ਸਮਰੱਥਾ ਦਾ ਪ੍ਰਦਰਸ਼ਨ ਕਰਦਿਆਂ ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਨੂੰ ਅੰਜਾਮ ਤੱਕ ਪਹੁੰਚਾਇਆ ਹੈ, ਉਹ ਵਧਾਈ ਦੇ ਹੱਕਦਾਰ ਹਨ।
ਸਾਡਾ ਉਦੇਸ਼ ਸਿਰਫ਼ ਨਸ਼ਾ ਬਰਾਮਦ ਕਰਨਾ ਜਾਂ ਤਸਕਰਾਂ ਨੂੰ ਗ੍ਰਿਫ਼ਤਾਰ ਕਰਨਾ ਹੀ ਨਹੀਂ, ਬਲਕਿ ਮਜ਼ਬੂਤ ਅਤੇ ਪਾਰਦਰਸ਼ੀ ਤਫ਼ਤੀਸ਼ ਰਾਹੀਂ ਦੋਸ਼ੀਆਂ ਨੂੰ ਅਦਾਲਤ ਵਿਚ ਕਾਨੂੰਨ ਅਨੁਸਾਰ ਸਜ਼ਾ ਦਿਵਾਉਣਾ ਵੀ ਹੈ। ਅੱਜ ਜਿਨ੍ਹਾਂ ਪੁਲਿਸ ਕਰਮਚਾਰੀਆਂ ਨੂੰ ਇਨਾਮ ਅਤੇ ਪ੍ਰਸ਼ੰਸਾ ਪੱਤਰ ਦਿੱਤੇ ਗਏ ਹਨ, ਇਹ ਉਨ੍ਹਾਂ ਦੀ ਮਿਹਨਤ ਅਤੇ ਸਮਰਪਣ ਦੀ ਕਦਰ ਹੈ।
ਮੈਂ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਚੰਗੀ ਕਾਰਗੁਜ਼ਾਰੀ ਕਰਨ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਹੌਸਲਾ-ਅਫ਼ਜ਼ਾਈ ਲਈ ਵਿਭਾਗ ਵੱਲੋਂ ਹਰ ਸੰਭਵ ਉਪਰਾਲਾ ਕੀਤਾ ਜਾਂਦਾ ਰਹੇਗਾ। ਇਹ ਇਨਾਮ ਸਿਰਫ਼ ਵਿਅਕਤੀਗਤ ਸਨਮਾਨ ਨਹੀਂ, ਸਗੋਂ ਪੂਰੇ ਪੁਲਿਸ ਬਲ ਲਈ ਪ੍ਰੇਰਣਾ ਦਾ ਸਰੋਤ ਹਨ।
ਮੈਂ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਨਸ਼ਿਆਂ ਵਿਰੁੱਧ ਆਪਣੀ ਕਾਰਵਾਈ ਨੂੰ ਹੋਰ ਮਜ਼ਬੂਤ ਕਰਨ, ਕਾਨੂੰਨ ਦੀ ਪਾਲਣਾ ਨੂੰ ਸਰਵਉੱਚ ਤਰਜੀਹ ਦੇਣ ਅਤੇ ਕਿਸੇ ਵੀ ਤਰ੍ਹਾਂ ਦੇ ਦਬਾਅ ਜਾਂ ਲਾਲਚ ਤੋਂ ਪ੍ਰਭਾਵਿਤ ਹੋਏ ਬਿਨਾਂ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਉਣ। ਸਾਡੀ ਸਾਂਝੀ ਮਿਹਨਤ ਨਾਲ ਹੀ ਅਸੀਂ ਨਸ਼ਾ-ਮੁਕਤ ਅਤੇ ਸੁਰੱਖਿਅਤ ਸਮਾਜ ਦੀ ਸਿਰਜਣਾ ਵੱਲ ਅੱਗੇ ਵੱਧ ਸਕਦੇ ਹਾਂ।
ਮੈਂ ਇਨਾਮ ਪ੍ਰਾਪਤ ਕਰਨ ਵਾਲੇ ਸਾਰੇ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਦਿਲੋਂ ਵਧਾਈ ਦਿੰਦਾ ਹਾਂ। ਪੁਲਿਸ ਵਿਭਾਗ ਨਸ਼ਾ ਤਸਕਰੀ ਵਿਰੁੱਧ ਆਪਣੀ ਜੰਗ ਨੂੰ ਪੂਰੀ ਦ੍ਰਿੜਤਾ ਨਾਲ ਜਾਰੀ ਰੱਖੇਗਾ ਅਤੇ ਕਾਨੂੰਨ ਤੋੜਨ ਵਾਲੇ ਕਿਸੇ ਵੀ ਵਿਅਕਤੀ ਨੂੰ ਕਾਨੂੰਨ ਦੇ ਘੇਰੇ ਵਿਚ ਲਿਆਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਇਸ ਮੌਕੇ 'ਤੇ ਇੰਸਪੈਕਟਰ ਸੁਰਿੰਦਰ ਸਿੰਘ 9 ਐੱਸ.ਬੀ.ਐੱਸ. ਨਗਰ ਨੂੰ 85 ਹਜ਼ਾਰ ਰੁਪਏ, ਸਰਕਾਰੀ ਵਕੀਲ ਬਲਵਿੰਦਰ ਕੌਰ ਨੂੰ 1,80,000 ਰੁਪਏ, ਏ.ਐੱਸ.ਆਈ. ਸ਼ਮਸ਼ੇਰ ਸਿੰਘ 94 ਨੰਬਰ ਨੂੰ 1,72,000 ਰੁਪਏ, ਸਰਕਾਰੀ ਵਕੀਲ ਮਨਜੀਤ ਕੁਮਾਰ ਨੂੰ 60,000 ਰੁਪਏ, ਇੰਸਪੈਕਟਰ ਮਨਜੀਤ ਲਾਲ 38 ਨੰਬਰ ਨੂੰ 20,000 ਰੁਪਏ, ਐੱਸ.ਆਈ. ਸੁਖਪਾਲ ਸਿੰਘ 18 ਨੰਬਰ ਨੂੰ 40,000 ਰੁਪਏ, ਸਰਕਾਰੀ ਵਕੀਲ ਤੇਜਵੀਰ ਸਿੰਘ ਨੂੰ 40 ਹਜ਼ਾਰ ਰੁਪਏ, ਇੰਸਪੈਕਟਰ ਸੁਰਿੰਦਰ ਕੁਮਾਰ 4 ਨੰਬਰ ਨੂੰ 1,53,000 ਰੁਪਏ, ਇੰਸਪੈਕਟਰ ਰਾਮ ਲਾਲ 1212 ਕੇ.ਪੀ.ਟੀ. ਨੂੰ 20 ਹਜ਼ਾਰ ਰੁਪਏ, ਇੰਸ. ਵਰਿੰਦਰ ਕੁਮਾਰ 645 ਨੰਬਰ ਨੂੰ 20 ਹਜ਼ਾਰ ਰੁਪਏ, ਇੰਸ. ਸੁਰਿੰਦਰ ਪਾਲ 648 ਨੰਬਰ ਨੂੰ 40 ਹਜ਼ਾਰ ਰੁਪਏ, ਏ.ਐੱਸ.ਆਈ. ਸੰਦੀਪ ਸਿੰਘ 173 ਨੰਬਰ ਨੂੰ 40 ਹਜ਼ਾਰ ਰੁਪਏ, ਸਰਕਾਰੀ ਵਕੀਲ ਅਸ਼ੋਕ ਕੁਮਾਰ ਨੂੰ 20 ਹਜ਼ਾਰ ਰੁਪਏ, ਇੰਸ. ਸਤਨਾਮ ਸਿੰਘ 112 ਨੰਬਰ (ਸੇਵਾ ਮੁਕਤ) ਨੂੰ 40 ਹਜ਼ਾਰ ਰੁਪਏ, ਇੰਸ. ਅਵਤਾਰ ਸਿੰਘ 586 ਐੱਚ.ਪੀ.ਆਰ., ਥਾਣਾ ਮੁਖੀ ਸਿਟੀ ਨਵਾਂਸ਼ਹਿਰ ਨੂੰ 28,199 ਰੁਪਏ, ਐੱਸ.ਆਈ. ਹੀਰਾ ਲਾਲ 135 ਨੰਬਰ ਨੂੰ 20 ਹਜ਼ਾਰ ਰੁਪਏ, ਏ.ਐੱਸ.ਆਈ. ਨਿਰਮਲ ਸਿੰਘ 3 ਨੰਬਰ ਨੂੰ 40 ਹਜ਼ਾਰ ਰੁਪਏ, ਸਰਕਾਰੀ ਵਕੀਲ ਤਰਨਵੀਰ ਕੌਰ ਨੂੰ 10 ਹਜ਼ਾਰ ਰੁਪਏ, ਇੰਸਪੈਕਟਰ ਹਰਚੰਦ ਸਿੰਘ 9 ਨੰਬਰ ਨੂੰ 20 ਹਜ਼ਾਰ ਰੁਪਏ, ਸਰਕਾਰੀ ਵਕੀਲ ਚਰਨਜੀਤ ਸਿੰਘ ਨੂੰ 10 ਹਜ਼ਾਰ ਰੁਪਏ, ਇੰਸਪੈਕਟਰ ਭਰਤ ਮਸੀਹ 228 ਜੇ.ਆਰ. ਨੂੰ 20 ਹਜ਼ਾਰ ਰੁਪਏ, ਸਰਕਾਰੀ ਵਕੀਲ ਚਰਨਜੀਤ ਸਿੰਘ ਨੂੰ 10 ਹਜ਼ਾਰ ਰੁਪਏ, ਐੱਸ.ਆਈ. ਪਰਸ਼ੋਤਮ ਲਾਲ 215 ਨੰਬਰ ਨੂੰ 40 ਹਜ਼ਾਰ ਰੁਪਏ, ਐੱਸ.ਆਈ. ਰਾਮ ਪਾਲ 640 ਨੰਬਰ ਨੂੰ 40 ਹਜ਼ਾਰ ਰੁਪਏ, ਇੰਸਪੈਕਟਰ ਜਗੀਰ ਸਿੰਘ ਨੂੰ 20 ਹਜ਼ਾਰ ਰੁਪਏ, ਐੱਸ.ਆਈ. ਜਸਵੀਰ ਸਿੰਘ 635 ਨੰਬਰ ਨੂੰ 80 ਹਜ਼ਾਰ ਰੁਪਏ, ਇੰਸਪੈਕਟਰ ਵਲਾਇਤੀ ਰਾਮ 1559 ਪੀ.ਟੀ.ਸੀ. (ਸੇਵਾ ਮੁਕਤ) ਨੂੰ 20 ਹਜ਼ਾਰ ਰੁਪਏ, ਇੰਸਪੈਕਟਰ ਮਨਜੀਤ ਸਿੰਘ (ਸੇਵਾ ਮੁਕਤ) ਨੂੰ 40 ਹਜ਼ਾਰ ਰੁਪਏ ਅਤੇ ਇੰਸਪੈਕਟਰ ਜਰਨੈਲ ਸਿੰਘ ਨੂੰ 20 ਹਜ਼ਾਰ ਰੁਪਏ ਦਿੱਤੇ ਗਏ। ਕੁੱਲ 11,48,199 ਰੁਪਏ ਦੇ ਇਨਾਮ ਤਕਸੀਮ ਕੀਤੇ ਗਏ।
